(ਸਮਾਜ ਵੀਕਲੀ)
ਅਸੀਂ ਭਿਖਾਰੀ ਤੂੰ ਦਾਤਾ ਦੇਵਣਹਾਰ,
ਰੱਜ ਨਾ ਸਾਨੂੰ ਆਂਵਦਾ, ਮੰਗੀਏ ਵਾਰ ਵਾਰ।
ਮੰਗ ਮੰਗ ਇਨਸਾਨ, ਜੋੜ ਕੇ ਲਾਉਂਦਾ ਭੰਡਾਰ,
ਨਾਲ ਕੁਝ ਲੈ ਨ੍ਹੀਂ ਜਾਣਾ, ਛੱਡ ਜਾਣਾ ਖਾਲੀ ਹੱਥ ਸੰਸਾਰ।
ਮੰਗਤਿਆਂ ਨੂੰ ਕੋਈ ਰਜਾ ਨਹੀਂ ਸਕਦਾ,
ਉਨਾਂ ਦੇ ਲਿਖਿਆਂ ਨੂੰ ਕੋਈ ਮਿਟਾ ਨ੍ਹੀਂ ਸਕਦਾ।
ਤਮਾਂ ਕਿੰਨੀ ਵੱਧ ਜਾਂਦੀ, ਲਾਲਚੀ ਬੰਦਿਆਂ ਦੀ,
ਹੱਕ ਦੂਜਿਆਂ ਦਾ ਮਾਰਨ ਤੋਂ ਬਾਜ ਆ ਨ੍ਹੀਂ ਸਕਦਾ।
ਬਖਸ਼ਿਸ਼ਾਂ ਕਰਨ ਵਾਲੇ ਦੀ, ਵਿਆਖਿਆ ਕਰ ਨਾ ਸਕੇ ਕੋਈ,
ਕਹਿਣ ਸੁਣਨ ਤੋਂ ਪਰੇ,ਸਭ ਦੀ ਸੁਣੇ ਅਰਜੋਈ।
ਵੱਡੇ ਵੱਡੇ ਸੂਰਮੇ, ਬੇਸ਼ੁਮਾਰ, ਅਣਗਿਣਤ ਹੋਈ,
ਉਸ ਅਕਾਲ ਪੁਰਖ ਦੇ ਦਰ ਤੇ ਮੰਗਦੇ ਢੋਈ।
ਅਨੇਕਾਂ ਮੂਰਖ ਪਦਾਰਥ ਲੈ ਲੈ ਖਾਈ ਜਾਂਦੇ,
ਖਾ ਪੀ ਕੇ ਉਸ ਦਾ ਸ਼ੁਕਰ ਨ੍ਹੀਂ ਮਨਾਂਦੇ, ਉਸਨੂੰ ਭੁਲਾਉਂਦੇ।
ਕਈਆਂ ਦੀ ਕਿਸਮਤ ਵਿੱਚ, ਕੁੱਟਮਾਰ ਕਲੇਸ਼ ਲਿਖੇ ਨੇ,
ਕਈ ਪੀੜ੍ਹੀਆਂ ਬਾਅਦ,ਚੱਕਰਾਂ ਚੋਂ ਨਿਕਲਦੇ, ਉਸ ਦੀ ਰਜ਼ਾ ਵਿੱਚ ਆਉਂਦੇ।
ਤੂ ਪ੍ਰਭੂ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ।।
ਮੈ ਕਿਆ ਮਾਗਓ ਕਿਛੁ ਥਿਰੁ ਨਾ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ।।
ਪ੍ਰਭੂ ਤੂੰ ਸਭ ਵਸਤਾਂ ਦਾ, ਦਾਤਾਂ ਦੇਣ ਵਾਲਾ ਦਾਤਾਰ,
ਤੇਰੇ ਦਰ ਦੇ ਮੰਗਤੇ ਮੰਗੀਏ ਪਦਾਰਥ ਜੋ ਨਾ ਟਿਕਣਹਾਰ,
ਆਪਣੇ ਨਾਮ ਦੀ ਦਾਤ ਹੀ ਸਾਨੂੰ ਦੇ ਦੇ, ਜੋ ਤਾਰਣਹਾਰ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ ।
ਫੋਨ ਨੰਬਰ : 9878469639