
‘ਮੰਡੀ ਰਹੀਮ ਖਾਂ ‘ ਸੁਖਵਿੰਦਰ ਦੀ ਦੂਸਰੀ ਸਫਲਤਾ ਹੈ ਜਿਹੜੀ 297 ਪੰਨਿਆਂ ਤੇ ਉਕਰੀ ਹੋਈ ਹੈ, ਜਿਸ ਨੂੰ ਪੀਪਲਜ਼ ਫ਼ੋਰਮ ਬਰਗਾੜੀ ਨੇ ਪ੍ਰਕਾਸ਼ਿਤ ਕੀਤਾ ਹੈ। ਇਹ ਨਾਵਲ 1947 ਦੀ ਦੇਸ਼ ਵੰਡ ਸਮੇਂ ਹੋਈ ਕਤਲੋਗਾਰਤ ਨੂੰ ਦਰਸਾਉਂਦਾ ਹੈ। ਵੰਡ ਤੋਂ ਪਹਿਲਾਂ ਪੰਜਾਬ ਦੇ ਮਾਲਵੇ ਮੀਹਾਂਵਾਲੀ ਚੋਂ ਪੰਜਾਬ ਦੇ ਪੱਛਮ ਵੱਲ ਅੰਗਰੇਜ਼ੀ ਸਾਮਰਾਜ ਤਰਫੋਂ ਮਿਲੇ ਮੁਰੱਬਿਆਂ ਦੇ ਰਹਿਣ ਸਹਿਣ ਦਾ ਚਿੱਤਰ ਪੇਸ਼ ਕੀਤਾ ਹੈ। ਇਧਰੋਂ ਉਠ ਕੇ ਬਾਰ ਦੇ ਇਲਾਕੇ ਵਿੱਚ ਜਾ ਕੇ ਮਲਵਈਆਂ ਨੇ ਕਿੰਨੀ ਹੱਢ ਤੋੜਵੀਂ ਮਿਹਨਤ ਕੀਤੀ, ਪਰ 1947 ਦੇ ਮਜ਼ਹਬੀ ਹੱਲਿਆਂ ਨੇ ਉਨ੍ਹਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਸੀ। ਉਹ ਵੰਡ ਤੋਂ ਪਹਿਲਾਂ ਤੀਸਰੇ ਦਹਾਕੇ ਵਿਚ ਕਿੰਨੇ ਪਿਆਰ ਅਥਵਾਕ ਨਾਲ ਰਹਿੰਦੇ ਸਨ। ਛੋਟੇ ਮੋਟੇ ਲੜਾਈ ਝਗੜੇ ਤਾਂ ਆਮ ਹੀ ਸਨ ਪਰ ਏਨੀ ਦੁਖਦਾਇਕ ਘਟਨਾ ਵਾਪਰਨਾ ਅਸੁਭਾਵਿਕ ਸੀ। ਬੜੇ ਭਾਈਚਾਰਕ ਸਾਂਝ ਨਾਲ ਰਹਿੰਦੇ ਆਮ ਲੋਕਾਂ ਨੂੰ ਕੁੱਝ ਫ਼ੋਕੀ ਚੌਧਰ ਦੇ ਭੁੱਖੇ ਚੇਤੂ ਵਰਗੇ ਅੰਗਰੇਜ਼ਾਂ ਦੇ ਝੋਲੀਚੁੱਕਾਂ ਨੇ ਸਮਾਜ ਵਿੱਚ ਨਫ਼ਰਤ ਦੀ ਖੇਤੀ ਕੀਤੀ। ਲੋਕ ਉਨ੍ਹਾਂ ਨੂੰ ਨਾ ਚਾਹੁੰਦੇ ਵੀ ਰੋਕਣ ਤੋਂ ਅਸਮਰਥ ਸਨ।
ਨਾਵਲਕਾਰ ਨੇ ‘ ਮੰਡੀ ਰਹੀਮ ਖਾਂ ‘ ਨਾਵਲ ਵਿੱਚ ਉਸ ਸਮੇਂ ਦੀ ਆਰਥਿਕਤਾ ਨੂੰ ਵੀ ਵਧੀਆ ਢੰਗ ਨਾਲ ਬਿਆਨ ਕੀਤਾ ਹੈ। ਕਿਸ ਤਰ੍ਹਾਂ ਲੰਬੜਦਾਰ ਨੌਧ ਸਿੰਘ ਵਰਗੇ ਜ਼ਮੀਨ ਹਥਿਆਉਣ ਲਈ ਨੰਦ ਕੁਰ ਅਤੇ ਅਰਜਨ ਸਿੰਘ ਵਰਗੇ ਸ਼ਰੀਫ਼ਜਾਦਿਆਂ ਤੇ ਅੜਦੇ ਥੁੜਦੇ ਕੰਮੀਂ ਆਪਣੇ ਲਾਲਚ ਨੂੰ ਮੁੱਖ ਰੱਖਦਿਆਂ ਪੈਸੇ ਵਾਰਦੇ ਰਹਿੰਦੇ। ਬਾਰ ਦੇ ਲੋਕਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ, ਜੇਠ ਦੀਆਂ ਤਪਦੀਆਂ ਧੁੱਪਾਂ ਅਤੇ ਪੋਹ ਮਾਘ ਦੇ ਕੱਕਰ ਵਿੱਚ ਨਾ ਚਾਹੁੰਦੇ ਵੀ ਕੰਮ ਕਰਨੇ ਪੈਂਦੇ। ਸਭ ਕੰਮ ਜੰਗਲ਼ੀ ਜਾਨਵਰਾਂ ਤੋਂ ਡਰਦਿਆਂ ਹੱਥੀਂ ਹੀ ਕਰਨੇ ਪੈਂਦੇ। ਰੋਜ਼ੀ ਰੋਟੀ ਲਈ ਭਟਕਦੇ ਆਮ ਲੋਕ ਬਾਰ ਵਿੱਚ ਭੇਡਾਂ, ਬੱਕਰੀਆਂ ਅਤੇ ਗਾਈਆਂ ਦੇ ਵੱਗ ਚਾਰਕੇ ਜੀਵਨ ਬਸ਼ਰ ਕਰਦੇ ਸਨ। ਖੇਤੀਬਾੜੀ ਦਾ ਧੰਦਾ ਨਹਿਰਾਂ ਤੇ ਨਿਰਭਰ ਹੁੰਦਿਆਂ ਵੀ ਰੱਬ ਰਾਖੇ ਸੀ, ਬਹੁਤੀਆਂ ਜ਼ਮੀਨਾਂ ਤੱਕ ਪਾਣੀ ਨਹੀਂ ਪਹੁੰਚਿਆ ਸੀ । ਗਰੀਬ ਜਾਂਗਲੀ ਸਹੇ, ਤਿੱਤਰ ਅਤੇ ਰੋਝ ਮਾਰ ਕੇ ਰਿੰਨ੍ਹ ਲੈਂਦੇ ਸਨ। ਸ਼ਾਮ ਦੇ ਸਮੇਂ ਲੇਖਕ ਨੇ ਕਈ ਪੈੱਗ ਲਾਉਣ ਦਾ ਜ਼ਿਕਰ ਕਰਦਿਆਂ ਵੀ ਕਹਾਣੀ ਨੂੰ ਅਗਾਂਹ ਸਰਕਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ।
ਬਾਬੇ ਖਾਨ ਹੋਰੀਂ ਭੁੱਲੇ ਭਟਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਪਿਆਰ ਦਾ ਮਲ੍ਹਮ ਲਾਇਆਂ ਵੀ ਕਾਫ਼ਰ ਸਿੱਧ ਹੋ ਜਾਂਦੇ ਹਨ। ਇਹ ਸਮੇਂ ਦੀ ਕਰਵਟ ਹੀ ਸੀ ਜਿਹੜੀ ਬਾਬਾ ਖਾਨ ਦੇ ਡੇਰੇ ਜਿੱਥੇ ਹਿੰਦੂ, ਸਿੱਖ ਅਤੇ ਮੁਸਲਮਾਨ ਰਲ ਕੇ ਰਹਿਣ ਵਾਲਿਆਂ ਦੀ ਠਾਹਰ ਬਣੀ ਹੋਈ ਸੀ। ਮੰਡੀ ਰਹੀਮ ਖਾਂ ਦੇ ਨੇੜੇ ਰਹਿਣ ਵਾਲੇ ਸਾਰੇ ਲੋਕ ਰਲ਼ ਮਿਲ਼ ਕੇ ਤਿੱਥ ਤਿਉਹਾਰ ਮਨਾਇਆ ਕਰਦੇ ਸਨ। ਇਹ ਵੀਹਵੀਂ ਸਦੀ ਦੇ ਇਤਿਹਾਸ ਦੇ ਤੀਜੇ ਚੌਥੇ ਦਹਾਕਿਆਂ ਵਿਚ ਮਜ਼੍ਹਬਾਂ ਨੂੰ ਲੈ ਕੇ ਆਮ ਲੋਕਾਂ ਅਤੇ ਰਾਜਨੀਤਕ ਲੋਕਾਂ ਵਿੱਚ ਕਾਫੀ ਬਦਲਾਅ ਵੇਖਣ ਨੂੰ ਮਿਲਦਾ ਸੀ, ਜਿਹੜਾ ਨਾਵਲਕਾਰ ਨੇ ਆਪਣੀ ਬੁੱਧੀ ਅਨੁਸਾਰ ਕਹਾਣੀ ਨੂੰ ਇਰਦ ਗਿਰਦ ਰੱਖਿਆ ਹੈ। ਜਿਵੇਂ ਕਿ ਉਹ ਸਮੇਂ ਦੇ ਪੜ੍ਹੇ ਲਿਖੇ ਨੌਜਵਾਨ ਮੁਸਲਮਾਨ ਮੁਸਲਿਮ ਲੀਗ ਅਤੇ ਹਿੰਦੂ ਸਿੱਖ ਆਪਣੇ ਧਰਮ ਦੀ ਪੈਰਵਾਈ ਕਰਨ ਵਾਲੀਆਂ ਸੰਸਥਾਵਾਂ ਵੱਲ ਮੁੜ ਪੈਂਦੇ ਹਨ। ਜਿਸ ਕਾਰਨ ਧਾਰਮਿਕ ਕੱਟੜਵਾਦ ਵਧਿਆ ਅਤੇ ਇਸਦਾ ਨਤੀਜਾ ਭਾਰਤ ਪਾਕਿਸਤਾਨ ਵੰਡ ਹੋਈ।
ਨਾਵਲਕਾਰ ਨੇ ਨਾਵਲ ਵਿਚ ‘ ਮੰਡੀ ਰਹੀਮ ਖਾਂ ‘ ਵਿੱਚ ਪੰਜਾਬੀ ਰਹਿਤਲ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਅੱਜ ਦੀ ਪੀੜ੍ਹੀ ਲਈ ਕਾਫ਼ੀ ਸ਼ਬਦਾਂ ਦੇ ਅਰਥ ਸਮਝਣ ਲਈ ਦਿੱਕਤ ਆਈ ਹੋਵੇਗੀ ਅਤੇ ਨਵਾਂ ਸਿੱਖਣ ਦੇ ਚਾਹਵਾਨਾਂ ਨੇ ਖੁਸ਼ੀ ਖੁਸ਼ੀ ਪੜ੍ਹਨ ਦਾ ਯਤਨ ਵੀ ਕੀਤਾ ਹੋਵੇਗਾ। ਲੇਖਕ ਦਾ ਖੂਹ ਤੇ ਘੁੰਮਦੀ ਹਲਟੀ ਦੀ ਗੱਲ ਕਰਨਾ, ਬੈੜ ਦਾ ਕੁੱਤਾ ਡੇਗਣਾ, ਅਰਜਨ ਦਾ ਖੂਹ ਵਿੱਚ ਧੜੰਮ ਕਰਕੇ ਛਾਲ ਮਾਰਨਾ ਅਤੇ ਲਾਭੋ ਲਈ ਡੋਲ ਕੱਢ ਕੇ ਫੜਾਉਣਾ , ਨਣਦ ਭਰਜਾਈ ਅਤੇ ਦਲੀਪੋ ਦੇ ਵਾਰਤਾਲਾਪ ਪਿਆਰ ਕਹਾਣੀ ਨੂੰ ਅੱਗੇ ਵਧਦੇ ਦੇਖਣ ਲਈ ਪਾਠਕ ਨੂੰ ਨਾਲ਼ ਜੋੜੀ ਰੱਖਣ ਲਈ ਬਾਲੀਆਂ ਦੀ ਉਚ ਪੱਧਰੀ ਵਾਰਤਕ ਕਲਾ ਦਾ ਸਫ਼ਲ ਨਮੂਨਾ ਸਿੱਧ ਹੁੰਦੀ ਹੈ।
ਇਹ ਨਾਵਲ ਸੁਖਵਿੰਦਰ ਸਿੰਘ ਬਾਲੀਆਂ ਦੀ ਕਰੜੀ ਮਿਹਨਤ ਦਾ ਨਤੀਜਾ ਹੈ । ਜਿੱਥੇ ਲੇਖਕ ਨੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਅਕ ਪੱਖ ਨੂੰ ਆਪਣੇ ਪੱਧਰ ਅਨੁਸਾਰ ਬਾਖ਼ੂਬੀ ਨਿਭਾਇਆ ਹੈ ਉੱਥੇ ਵਧੀਆ ਗਲਪਕਾਰ ਕਿਰਤਾਂ ਵਾਂਗ ਰੁਮਾਂਟਿਕ ਪੱਖ ਵੀ ਨਿਭਾਇਆ ਹੈ। ਬੇਸ਼ੱਕ ਸ਼ੁਰੂਆਤ ਸਮੇਂ ਕਹਾਣੀ ਨਾਲ ਜੁੜਦਿਆਂ ਰੁਚੀ ਘੱਟ ਬਣਦੀ ਹੈ ਪਰ ਬਾਅਦ ਵਿੱਚ ਸੰਤਾਲੀ ਦੀ ਵੰਡ ਤੋਂ ਪਹਿਲਾਂ ਬਾਰ ਦੇ ਇਲਾਕੇ ਬਾਰੇ ਜਾਨਣ ਦੀ ਇੱਛਾ ਨੇ ਨਾਵਲ ਗਲੋਟੇ ਦੇ ਉਧੜਨ ਵਾਂਗ ਕਹਾਣੀ ਨਾਲ ਜੋੜ ਲਿਆ, ਫਿਰ ਅੱਗੇ ਕੀ ਹੋਵੇਗਾ? ਨੇ ਹਿੱਲਣ ਨਹੀਂ ਦਿੱਤਾ।
ਅਖੀਰ ਸੁਖਵਿੰਦਰ ਸਿੰਘ ਬਾਲੀਆਂ ਨੂੰ ਨਾਵਲ ‘ਮੰਡੀ ਰਹੀਮ ਖਾਂ ‘ ਦੀਆਂ ਮੁਬਾਰਕਾਂ ਦਿੰਦਾਂ ਹਾਂ ਉਸ ਦੇ ਲੰਮੀ ਦੌੜ ਦਾ ਸ਼ਾਹ ਅਸਵਾਰ ਬਣਿਆ ਰਹਿਣ ਦੀ ਕਾਮਨਾ ਕਰਦਾ ਹਾਂ।
ਰਜਿੰਦਰ ਸਿੰਘ ਰਾਜਨ
ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ਼1
ਹਰੇੜੀ ਰੋਡ ਸੰਗਰੂਰ।
9876184954
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj