ਅੰਮ੍ਰਿਤਸਰ (ਸਮਾਜ ਵੀਕਲੀ): ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਵਿਚ ਅੱਜ ਲਗਪਗ 60 ਫੀਸਦ ਵੋਟਰਾਂ ਨੇ ਵੋਟਾਂ ਪਾਈਆਂ। ਇਸ ਦੌਰਾਨ ਆਪਣੇ ਪਰਿਵਾਰ ਨਾਲ ਗੁਰੂ ਅਮਰਦਾਸ ਐਵੇਨਿਊ ਵਿਚ ਵੋਟ ਪਾਉਣ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਇੱਥੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੀ ਲੜਾਈ ਧਰਮ ਯੁੱਧ ਵਾਂਗ ਹੈ, ਜਿਸ ਵਿਚ ਇੱਕ ਪਾਸੇ ਕੌਰਵ ਅਤੇ ਦੂਜੇ ਪਾਸੇ ਪਾਂਡਵ ਹਨ। ਇਸ ਵਾਰ ਲੜਾਈ ਬਦਲਾਅ ਲਈ ਹੈ। ਇਕ ਧਿਰ ਉਹ ਹੈ, ਜਿਸ ਨੇ ਠੇਕੇਦਾਰ ਪ੍ਰਣਾਲੀ ਰਾਹੀਂ ਸੂਬੇ ਨੂੰ ਜਕੜਿਆ ਹੋਇਆ ਹੈ ਅਤੇ ਆਪਣੇ ਨਿੱਜੀ ਲਾਭਾਂ ਲਈ ਸੂਬੇ ਦਾ ਸ਼ੋਸ਼ਣ ਕਰ ਰਹੇ ਹਨ। ਦੂਜੇ ਪਾਸੇ ਉਹ ਧਿਰ ਹੈ, ਜਿਸ ਕੋਲ ਪੰਜਾਬ ਦੇ ਵਿਕਾਸ ਲਈ ਇਕ ਰੋਡਮੈਪ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਪਾਸੇ ਬਦਲਾਅ ਦੀ ਖੁਸ਼ਬੂ ਹੈ। ਲੋਕ ਬਦਲਾਅ ਚਾਹੁੰਦੇ ਹਨ।
ਇਸ ਦੌਰਾਨ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਵਾਰ ਲੋਕ ਅਤੇ ਲੋਕ ਮੁੱਦੇ ਜਿੱਤਣਗੇ। ਨਵਜੋਤ ਸਿੱਧੂ ਦੇ ਹੰਕਾਰ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਲੋਕ ਰੱਦ ਕਰਨਗੇ। ਇਹ ਹਲਕਾ ਵਿਕਾਸ ਨਾ ਹੋਣ ਕਾਰਨ ਪੱਛੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਸੂਬੇ ਦੇ ਲੋਕਾਂ ਦਾ ਬੁਰਾ ਹਾਲ ਹੋਇਆ ਹੈ। ਵਪਾਰੀਆਂ, ਮੁਲਾਜ਼ਮਾਂ ਤੇ ਦਿਹਾੜੀਦਾਰਾਂ ਸਮੇਤ ਸੂਬੇ ਦਾ ਹਰ ਵਰਗ ਪ੍ਰੇਸ਼ਾਨ ਹੈ। ਚਰਨਜੀਤ ਸਿੰਘ ਚੰਨੀ ਦੇ 111 ਦਿਨ ਦੀਆਂ ਪ੍ਰਾਪਤੀਆਂ ਦੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਖੁਦ ਨੂੰ ਗਰੀਬ ਦੱਸਣ ਵਾਲੇ ਇਸ ਸ਼ਖ਼ਸ ਕੋਲ ਕਰੋੜਾਂ ਰੁਪਏ ਦੀ ਸੰਪਤੀ ਹੈ। ਅਰਵਿੰਦ ਕੇਜਰੀਵਾਲ ਬਾਰੇ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕਦੇ ਵੀ ਧਾੜਵੀਆਂ ਅੱਗੇ ਹਾਰ ਨਹੀਂ ਮੰਨੀ ਅਤੇ ਇਸ ਵਾਰ ਪੰਜਾਬ ਦੇ ਲੋਕ ਇਨ੍ਹਾਂ ਬਾਹਰਲਿਆਂ ਨੂੰ ਨਕਾਰ ਦੇਣਗੇ।
ਬੀਤੀ ਦੇਰ ਰਾਤ ਹਲਕੇ ਦੇ ਵੇਰਕਾ ਇਲਾਕੇ ’ਚ ਅਕਾਲੀ ਦਲ ਦੇ ਅਤੇ ਕਾਂਗਰਸ ਸਮਰਥਕਾਂ ਵਿਚਾਲੇ ਝਗੜਾ ਹੋਇਆ। ਇਸ ਦੌਰਾਨ ਗੋਲੀ ਚੱਲੀ ਅਤੇ ਦੋ ਵਿਅਕਤੀ ਜ਼ਖਮੀ ਹੋ ਗਏ। ਇਸ ਮਾਮਲੇ ਵਿਚ ਅਕਾਲੀ ਦਲ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly