ਚੰਗੇ ਜੀਵਨ ਦਾ ਆਧਾਰ

(ਸਮਾਜ ਵੀਕਲੀ)

ਚੰਗੇ ਜੀਵਨ ਦਾ ਆਧਾਰ, ਨਿਰਮਲ ਸੋਚ ਤੇ ਸ਼ੁੱਧ ਵਿਚਾਰ।
ਹਾਸਿਲ ਕਰ ਵਧੀਆ ਤਾਲੀਮ, ਕਰਨਾ ਸਿੱਖ ਚੰਗਾ ਵਿਵਹਾਰ।

ਚਮਨ ਦੇ ਵਾਂਗਰ ਖਿੜਦੇ ਰਹਿਣਾ, ਖ਼ੁਸ਼ਬੂਆਂ ਵੰਡਦੇ ਹੀ ਜਾਣਾ,
ਰਹੇ ਦੂਰ ਤਕਰਾਰ ਜ਼ੁਬਾਂ ‘ਚੋਂ, ਦੁੱਖ-ਸੁੱਖ ਵਿਚ ਰਹਿਣਾ ਇਕਸਾਰ।

ਦੁਨੀਆ ਅੰਦਰ ਸੇਵ ਕਮਾਉਣੀ, ਹੱਕ ਨਹੀਂ ਛੱਡਣਾ, ਹੱਕ ਦੀ ਖਾਣੀ,
ਨੇਕੀਆਂ ਦਾ ਸਰਮਾਇਆ ਹੋਵੇ, ਤਾਂ ਮਿਲਦਾ ਜੱਗ ਵਿੱਚ ਸਤਿਕਾਰ।

ਲਕਸ਼ ਪਾਉਣ ਲਈ ਵਧਦੇ ਜਾਣਾ, ਬਲਬੂਤੇ ਮੰਜ਼ਿਲ ਨੂੰ ਪਾਉਣਾ,
ਸੋਚ ਸਾਰਥਕ ਨੂੰ ਅਪਣਾਉਣਾ, ਜ਼ਿੰਦਗੀ ਲਈ ਵੱਡਾ ਉਪਹਾਰ।

ਬੁਰੀ ਸੰਗਤ ਦੀ ਮਾੜੀ ਰੰਗਤ, ਕਰ ਦੇਵੇ ਕਿਰਦਾਰ ਕਲੰਕਿਤ,
ਸ਼ੁੱਧ ਆਹਾਰ ਤੇ ਸ਼ੁੱਧ ਵਿਚਾਰ, ਪੈਦਾ ਕਰਨ ਚੰਗੇ ਸੰਸਕਾਰ।

ਕਸਰਤ ਦੇ ਨਾਲ ਬਲ ਤਾਂ ਵਧਦਾ, ਮਨ ਵੀ ਚੰਗੇ ਪਾਸੇ ਲੱਗਦਾ,
ਨਸ਼ਾ ਤੇ ਆਲਸ ਦੁਸ਼ਮਣ ਸਭ ਦੇ, ਦੋਹਾਂ ਦਾ ਪ੍ਰਭਾਵ ਨਾਕਾਰ।

ਬਿਨ ਹਿੰਮਤ ਕੀ ਹਾਸਲ ਹੋਵੇ ? ਹੋਵੇ ਕੋਲ ਜੋ ਉਹ ਵੀ ਖੋਵੇ,
ਕੀ ਫ਼ਾਇਦਾ ਐਸੇ ਜੀਵਨ ਦਾ, ਧਰਤੀ ਲਈ ਜੋ ਬਣਦਾ ਭਾਰ।

ਅਮੀਰ ਵਿਰਾਸਤ ਜ਼ਿਹਨ ‘ਚ ਰੱਖੀਂ, ਘਾਲ ਕਮਾਈਆਂ ਵੱਲ ਵੀ ਤੱਕੀਂ,
ਵੱਡੀ ਦੇਣ ਜਿਨ੍ਹਾਂ ਦੀ ਸਭ ਨੂੰ, ਮੰਨਦੇ ਪੁਰਬ, ਮੇਲੇ, ਤਿਉਹਾਰ।

ਟਿਕੇ ਨਾ ਸੁਰਤਿ ਇਕਾਗਰਤਾ ਬਿਨ, ਨਾ ਬਣਦਾ ਕੋਈ ਉੱਚ ਖ਼ਿਆਲ,
ਸੋਚਾਂ ਦੇ ਵਿਚ ਗਹਿਰੇ ਜਾਵੋ, ਕਹਿੰਦੇ ਨਾਮੀ ਸਾਹਿਤਕਾਰ।

ਮਨ, ਚਿਤ, ਬੁੱਧ ਸੱਭ ਸ਼ੁੱਧ ਹੋ ਜਾਵੇ, ਹਰ ਕੋਈ ਸਭ ਦਾ ਭਲਾ ਮਨਾਵੇ,
‘ਲਾਂਬੜਾ’ ਸਿਰਜੋ ਇਕਮਿਕ ਹੋ ਕੇ, ਚੰਗੇ ਸੁਪਨਿਆਂ ਦਾ ਸੰਸਾਰ।

ਸੁਰਜੀਤ ਸਿੰਘ ਲਾਂਬੜਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਹਰਪ੍ਰੀਤ ਕੌਰ ਸੰਧੂ ਦੀ ਕਾਵਿ ਉਡਾਰੀ