(ਸਮਾਜ ਵੀਕਲੀ)
ਬਰਜਿੰਦਰ ਕੌਰ ਬਿਸਰਾਓ ਦਾ ਕਾਵਿ-ਸੰਗ੍ਰਹਿ ‘ਲਫ਼ਜ਼ ਬੋਲ ਪਏ’ ਹੋਇਆ ਲੋਕ ਅਰਪਣ
ਸੰਗਰੂਰ, (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਸੁਤੰਤਰ ਭਵਨ ਸੰਗਰੂਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਉੱਭਰਦੀ ਕਵਿੱਤਰੀ ਬਰਜਿੰਦਰ ਕੌਰ ਬਿਸਰਾਓ ਦਾ ਪਲੇਠਾ ਕਾਵਿ-ਸੰਗ੍ਰਹਿ ‘ਲਫ਼ਜ਼ ਬੋਲ ਪਏ’ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਟੇਟ ਐਵਾਰਡੀ ਅਧਿਆਪਕ ਡਾ. ਇਕਬਾਲ ਸਿੰਘ ਸਕਰੌਦੀ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਬਲਜਿੰਦਰ ਬਾਲੀ ਰੇਤਗੜ੍ਹ, ਬਰਜਿੰਦਰ ਕੌਰ ਬਿਸਰਾਓ ਅਤੇ ਰਮੇਸ਼ਵਰ ਸਿੰਘ ਸ਼ਾਮਲ ਹੋਏ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਲਹੂ-ਲੁਹਾਣ ਕੀਤੀ ਜਾ ਰਹੀ ਮਨੁੱਖਤਾ ਦੀ ਆਵਾਜ਼ ਬਣ ਕੇ ਆਪਣੀ ਲਾਸਾਨੀ ਸ਼ਹਾਦਤ ਦਿੱਤੀ, ਇਸ ਲਈ ਲੇਖਕਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਸਾਹਿਬ ਦੇ ਇਸ ਬ੍ਰਹਿਮੰਡੀ ਨਜ਼ਰੀਏ ਨੂੰ ਸਮਰਪਿਤ ਹੋਣ। ਬਰਜਿੰਦਰ ਕੌਰ ਬਿਸਰਾਓ ਦੀ ਪੁਸਤਕ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬਿਸਰਾਓ ਲੋਕ ਮਨਾਂ ਦੀ ਨਬਜ਼ ਨੂੰ ਪਛਾਣਨ ਵਾਲੀ ਕਵਿੱਤਰੀ ਹੈ। ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਬਲਜਿੰਦਰ ਬਾਲੀ ਰੇਤਗੜ੍ਹ ਨੇ ਕਿਹਾ ਕਿ ਬਿਸਰਾਓ ਦੀ ਕਲਮ ਚੇਤਨ ਹੈ ਅਤੇ ਸੰਘਰਸ਼ ਦੀ ਪੈਰਵੀ ਕਰਦੀ ਚਿੰਤਨ ’ਚੋਂ ਕਵਿਤਾ ਤਰਾਸ਼ਦੀ ਹੈ। ਰਮੇਸ਼ਵਰ ਸਿੰਘ ਨੇ ਕਿਹਾ ਕਿ ਬਰਜਿੰਦਰ ਕੌਰ ਬਿਸਰਾਓ ਸਮਾਜਿਕ ਪ੍ਰਸਥਿਤੀਆਂ ਦਾ ਯਥਾਰਥਿਕ ਮੁੱਲਾਂਕਣ ਕਰਨ ਦੀ ਸਮਰੱਥਾ ਰੱਖਦੀ ਹੈ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਬਰਜਿੰਦਰ ਕੌਰ ਬਿਸਰਾਓ ਨੇ ਕਿਹਾ ਕਿ ਉਹ ਆਪਣੀ ਬੌਧਿਕਤਾ ਦਾ ਭਰਮਜਾਲ ਬੁਣਨ ਲਈ ਬੋਝਲ ਸ਼ਬਦਾਂ ਦੀ ਵਰਤੋਂ ਕਰਨ ਦੀ ਬਜਾਇ ਸੌਖੀ ਅਤੇ ਸਰਲ ਸ਼ਬਦਾਵਲੀ ਵਿੱਚ ਗੱਲ ਕਹਿਣ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫ਼ੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਪ੍ਰੋ. ਨਰਿੰਦਰ ਸਿੰਘ ਨੇ ਵਿਸਥਾਰ ਸਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਜ਼ੁਲਮ ਦੇ ਖ਼ਿਲਾਫ਼ ਸੀ, ਜੋ ਸ਼ਰਨ ਆਇਆ, ਉਸ ਨੂੰ ਕੰਠ ਲਗਾ ਲਿਆ।
ਉਪਰੰਤ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਡਾ. ਪਰਮਜੀਤ ਸਿੰਘ ਦਰਦੀ, ਪ੍ਰੋ. ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਲੋਟੇ, ਮੇਜਰ ਸਿੰਘ ਰਾਜਗੜ੍ਹ, ਬਿੱਕਰ ਸਿੰਘ ਸਟੈਨੋ, ਮੂਲ ਚੰਦ ਸ਼ਰਮਾ, ਭੋਲਾ ਸਿੰਘ ਸੰਗਰਾਮੀ, ਹਨੀ ਸੰਗਰਾਮੀ, ਧਰਮੀ ਤੁੰਗਾਂ, ਜਗਜੀਤ ਸਿੰਘ ਤਾਜ, ਪੂਜਾ ਪੁੰਡਰਕ, ਮਨਜੀਤ ਕੌਰ ਧੀਮਾਨ, ਧਰਮਵੀਰ ਸਿੰਘ, ਸਰਬਜੀਤ ਸਿੰਘ ਨਮੋਲ, ਅਮਨ ਜੱਖਲਾਂ, ਮੀਤ ਸਕਰੌਦੀ, ਸੁਰਜੀਤ ਸਿੰਘ ਮੌਜੀ, ਪਰਮਜੀਤ ਕੌਰ, ਜੀਤ ਹਰਜੀਤ, ਸੰਦੀਪ ਕੌਰ ਸੋਖਲ, ਜਸਵਿੰਦਰ ਸਿੰਘ ਜੌਲੀ, ਸ਼ਾਮ ਲਾਲ ਆਹੂਜਾ, ਅਸ਼ੋਕ ਦੀਪਕ, ਮੱਖਣ ਸਿੰਘ ਸੇਖੂਵਾਸ, ਕੁਲਵੰਤ ਖਨੌਰੀ, ਕਰਮ ਸਿੰਘ ਜ਼ਖ਼ਮੀ, ਕਲਵੰਤ ਕਸਕ, ਗਗਨਪ੍ਰੀਤ ਕੌਰ, ਮਹਿੰਦਰਜੀਤ ਸਿੰਘ ਧੂਰੀ, ਜਗਨ ਨਾਥ ਗੋਇਲ, ਜਤਿੰਦਰ ਕਾਲੜਾ, ਸੁਖਵਿੰਦਰ ਸਿੰਘ ਫੁੱਲ, ਪੰਥਕ ਕਵੀ ਲਾਭ ਸਿੰਘ ਝੱਮਟ ਅਤੇ ਡਾ. ਸਰਬਜੀਤ ਸਿੰਘ ਨੇ ਹਿੱਸਾ ਲਿਆ। ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਬੋਤਲਾਂ ਵਿੱਚ ਕਵਿਤਾਵਾਂ ਲਿਖਣ ਵਾਲੇ ਵਿਸ਼ਵ ਦੇ ਪਹਿਲੇ ਕਵੀ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।