ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਹਰ ਜਵਾਬ ਬੋਲ ਕੇ ਨਹੀਂ ਦਿੱਤਾ ਜਾਂਦਾ। ਹਰ ਗੱਲ ਦੇ ਜਵਾਬ ਵਿੱਚ ਜਰੂਰੀ ਨਹੀਂ ਕਿ ਕੁਝ ਕਿਹਾ ਜਾਵੇ। ਚੁੱਪ ਆਪਣੇ ਆਪ ਵਿੱਚ ਇੱਕ ਮੁਕੰਮਲ ਜਵਾਬ ਹੁੰਦੀ ਹੈ। ਕਈ ਵਾਰ ਕਿਸੇ ਦਾ ਕਿਹਾ ਇੰਨਾ ਜਰੂਰੀ ਨਹੀਂ ਹੁੰਦਾ ਕਿ ਉਸ ਦਾ ਜਵਾਬ ਦਿੱਤਾ ਜਾਵੇ। ਕਈ ਵਾਰ ਉਹ ਮਨੁੱਖ ਇਹਨਾਂ ਅਹਿਮ ਨਹੀਂ ਹੁੰਦਾ ਕਿ ਉਸਦੀ ਗੱਲ ਵੱਲ ਧਿਆਨ ਦਿੱਤਾ ਜਾਵੇ।
ਜਿਸ ਦਿਨ ਤੁਸੀਂ ਕਿਸੇ ਦੇ ਉਕਸਾਏ ਜਾਣ ਦੇ ਵੀ ਚੁੱਪ ਰਹਿਣਾ ਸਿੱਖ ਗਏ ਸਮਝ ਲਓ ਤੁਸੀਂ ਜਿੱਤ ਗਏ। ਤੁਹਾਨੂੰ ਉਕਸਾਉਣ ਵਾਲੇ ਦਾ ਮਕਸਦ ਸਿਰਫ ਤੁਹਾਡੇ ਮੂੰਹੋਂ ਕੁਝ ਕਹਾਉਣਾ ਹੁੰਦਾ ਹੈ। ਉਹ ਸਿਰਫ ਤੁਹਾਡੀਆਂ ਭਾਵਨਾਵਾਂ ਨੂੰ ਭੜਕਾ ਰਿਹਾ ਹੁੰਦਾ। ਉਹ ਜਾਣ ਬੁੱਝ ਕੇ ਅਜਿਹੀਆਂ ਹਰਕਤਾਂ ਕਰਦਾ ਕਿ ਤੁਸੀਂ ਕੁਝ ਕਹੋ ਕੁਝ ਕਰੋ।
ਤੁਹਾਡੇ ਜਵਾਬ ਤੋਂ ਇਹ ਸਾਬਤ ਹੋ ਜਾਂਦਾ ਕਿ ਤੁਹਾਨੂੰ ਉਸ ਦੇ ਕਹੇ ਨਾਲ ਫਰਕ ਪੈਂਦਾ ਹੈ। ਜੇਕਰ ਤੁਹਾਨੂੰ ਫਰਕ ਨਹੀਂ ਪੈਂਦਾ ਤਾਂ ਤੁਸੀਂ ਜਵਾਬ ਕਦੇ ਨਹੀਂ ਦਵੋਗੇ। ਇਸੇ ਲਈ ਕੂਟਨੀਤੀ ਵੀ ਇਹ ਕਹਿੰਦੀ ਹੈ ਕਿ ਚੁੱਪ ਮੁਕੰਮਲ ਜਵਾਬ ਹੈ।
ਜਦੋਂ ਅਸੀਂ ਕਿਸੇ ਦੇ ਕਹੇ ਤੇ ਭੜਕਾਹਟ ਵਿੱਚ ਆ ਕੇ ਕੋਈ ਵਿਹਾਰ ਕਰਦੇ ਹਾਂ ਤਾਂ ਅਸਲ ਵਿੱਚ ਅਸੀਂ ਉਸਦੇ ਹੱਥਾਂ ਵਿੱਚ ਖੇਡ ਰਹੇ ਹੁੰਦੇ ਹਾਂ। ਕਿਸੇ ਨੂੰ ਇਨੀ ਅਹਿਮੀਅਤ ਹੀ ਕਿਉਂ ਦਿੱਤੀ ਜਾਵੇ ਕਿ ਉਹ ਸਾਡੇ ਵਿਹਾਰ ਨੂੰ ਆਪਣੇ ਕੰਟਰੋਲ ਵਿੱਚ ਕਰ ਸਕੇ। ਅਜਿਹੇ ਲੋਕਾਂ ਤੋਂ ਦੂਰੀ ਬਣਾ ਲਓ। ਅਜਿਹੇ ਲੋਕਾਂ ਦੇ ਪਰਛਾਵੇਂ ਤੋਂ ਵੀ ਦੂਰ ਰਹੋ ਜੋ ਤੁਹਾਡੀਆਂ ਭਾਵਨਾਵਾਂ ਨੂੰ ਉਕਸਾਉਂਦੇ ਹਨ। ਜਾਣ ਬੁੱਝ ਕੇ ਤੁਹਾਨੂੰ ਅਜਿਹੀ ਸਥਿਤੀ ਵਿੱਚ ਲਿਆਉਂਦੇ ਹਨ ਕਿ ਤੁਸੀਂ ਕੁਝ ਕਰੋ ਤੇ ਫਿਰ ਉਹ ਤੁਹਾਨੂੰ ਗਲਤ ਕਹਿ ਸਕਣ।
ਆਪਣੇ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ। ਚੰਗੀ ਮਾਨਸਿਕ ਸਿਹਤ ਵੱਲ ਪਹਿਲਾ ਕਦਮ ਨਕਾਰਾਤਮਕ ਲੋਕਾਂ ਤੋਂ ਦੂਰੀ ਹੈ। ਆਪਣੇ ਆਲੇ ਦੁਆਲੇ ਅਜਿਹੇ ਸੁਹਿਰਦ ਲੋਕਾਂ ਦਾ ਘੇਰਾ ਬਣਾ ਕੇ ਰੱਖੋ ਜੋ ਤੁਹਾਨੂੰ ਚੰਗੀਆਂ ਗੱਲਾਂ ਦੱਸਣ। ਜੋ ਤੁਹਾਡੇ ਲਈ ਚੰਗਾ ਸੋਚਦੇ ਹਨ।
ਉਹ ਲੋਕ ਜੋ ਤੁਹਾਡੇ ਤੋਂ ਗਲਤ ਵਿਹਾਰ ਕਰਾ ਕੇ ਤੁਹਾਨੂੰ ਗਲਤ ਦੱਸਦੇ ਹਨ ਪਰ ਅਸਲ ਤੁਹਾਨੂੰ ਮਾਨਸਿਕ ਤੌਰ ਤੇ ਖਤਮ ਕਰ ਦੇਣਾ ਚਾਹੁੰਦੇ ਹਨ। ਇਹ ਬਹੁਤ ਜਰੂਰੀ ਹੈ ਕਿ ਤੁਸੀਂ ਅਜਿਹੇ ਲੋਕਾਂ ਤੋਂ ਸਾਵਧਾਨ ਰਹੋ। ਆਪਣੇ ਆਪ ਨੂੰ ਸ਼ਾਂਤ ਅਤੇ ਸਹਿਜ ਰੱਖੋ। ਕੋਈ ਕੀ ਕਰਦਾ ਹੈ ਇਸ ਨਾਲ ਤੁਹਾਨੂੰ ਕੋਈ ਵਾਸਤਾ ਨਹੀਂ ਹੋਣਾ ਚਾਹੀਦਾ। ਤੁਸੀਂ ਕੀ ਕਰਦੇ ਹੋ ਇਹ ਤੁਹਾਡੇ ਲਈ ਮਹੱਤਵਪੂਰਨ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly