ਸਿਆਣੇ ਦਾ ਗੁੱਸਾ ਕਦੇ ਨਜ਼ਰ ਨਹੀਂ ਆਉਂਦਾ।

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਗੁੱਸਾ ਇੱਕ ਆਮ ਭਾਵਨਾ ਹੈ।ਅਸੀਂ ਅਕਸਰ ਕਿਸੇ ਨਾ ਕਿਸੇ ਗੱਲ ਤੇ ਦਿਨ ਵਿੱਚ ਗੁੱਸੇ ਹੋ ਜਾਂਦੇ ਹਾਂ।ਆਪਣੇ ਗੁੱਸੇ ਦਾ ਪ੍ਰਗਟਾਵਾ ਵੀ ਅਸੀਂ ਤੁਰੰਤ ਹੀ ਕਰ ਦਿੰਦੇ ਹਾਂ ਬੇਸ਼ੱਕ ਉਸ ਤੇ ਸਾਨੂੰ ਬਾਅਦ ਵਿੱਚ ਬਹੁਤੀ ਵਾਰ ਪਛਤਾਵਾ ਵੀ ਹੁੰਦਾ ਹੈ।ਗੁੱਸਾ ਮਨੁੱਖ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਕਾਬੂ ਵਿੱਚ ਕਰ ਲੈਂਦਾ ਹੈ।

ਗੁੱਸੇ ਵਿੱਚ ਕੀਤਾ ਗਿਆ ਵਿਹਾਰ ਅਕਸਰ ਅੰਤ ਵਿੱਚ ਪਛਤਾਵੇ ਦਾ ਕਾਰਨ ਬਣਦਾ ਹੈ।ਆਮ ਤੌਰ ਤੇ ਲੋਕ ਆਪਣੇ ਗੁੱਸੇ ਦਾ ਪ੍ਰਗਟਾਵਾ ਤੁਰੰਤ ਕਰ ਦਿੰਦੇ ਹਨ।ਕੁਝ ਲੋਕ ਗੁੱਸੇ ਵਿੱਚ ਬਿਲਕੁਲ ਚੁੱਪ ਹੋ ਜਾਂਦੇ ਹਨ।ਤੁਸੀਂ ਆਮ ਜ਼ਿੰਦਗੀ ਵਿੱਚ ਦੇਖਿਆ ਹੋਵੇਗਾ ਕਿ ਜੇ ਕੋਈ ਚੁੱਪ ਹੋ ਜਾਵੇ ਤਾਂ ਉਸ ਨੂੰ ਅਕਸਰ ਪੁੱਛਦੇ ਹਾਂ ਕਿਤੇ ਗੁੱਸੇ ਤਾਂ ਨਹੀਂ।ਬਹੁਤ ਸਾਰੇ ਲੋਕ ਗੁੱਸੇ ਵਿਚ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦੇ।ਉਹ ਆਪੇ ਤੋਂ ਬਾਹਰ ਹੋ ਜਾਂਦੇ ਹਨ।ਗੁੱਸਾ ਇੱਕ ਅਜਿਹੀ ਅੱਗ ਸਾਬਤ ਹੁੰਦਾ ਹੈ ਜੋ ਸਭ ਕੁਝ ਜਲਾ ਕੇ ਰਾਖ ਕਰ ਦਿੰਦਾ ਹੈ।

ਵਰ੍ਹਿਆਂ ਦੇ ਬਣੇ ਰਿਸ਼ਤੇ ਅਕਸਰ ਗੁੱਸੇ ਦੀ ਭੇਟ ਚੜ੍ਹ ਜਾਇਆ ਕਰਦੇ ਹਨ।ਮਨੁੱਖ ਕਾਬੂ ਤੋਂ ਬਾਹਰ ਹੋ ਕੇ ਉਹ ਕੁਝ ਵੀ ਕਹਿ ਦਿੰਦਾ ਹੈ ਜੋ ਅਸਲ ਵਿਚ ਚੁੱਕਦੀ ਵੀ ਕਹਿਣਾ ਨਹੀਂ ਚਾਹੁੰਦਾ।ਗੁੱਸਾ ਇੱਕ ਦਾਨਵ ਵਾਂਗ ਤੁਹਾਡੇ ਤੇ ਹਾਵੀ ਹੋ ਜਾਂਦਾ ਹੈ।ਇਹ ਤੁਹਾਡੀ ਸੋਚਣ ਸਮਝਣ ਦੀ ਸ਼ਕਤੀ ਨੂੰ ਦੱਬ ਲੈਂਦਾ ਹੈ।ਗੁੱਸੇ ਵਿੱਚ ਅਸੀਂ ਉਹ ਕੁਝ ਕਹਿ ਜਾਂਦੇ ਹਾਂ ਜੋ ਅਸਲ ਵਿੱਚ ਅਸੀਂ ਕਈ ਵਾਰ ਮਹਿਸੂਸ ਵੀ ਨਹੀਂ ਕਰ ਰਹੇ ਹੁੰਦੇ।

ਇਹ ਤਾਂ ਸੰਭਵ ਨਹੀਂ ਕਿ ਕਿਸੇ ਨੂੰ ਕਦੇ ਵੀ ਗੁੱਸਾ ਨਾ ਆਵੇ।ਪਰ ਆਪਣੇ ਗੁੱਸੇ ਨੂੰ ਕਾਬੂ ਕਰਨਾ ਜ਼ਰੂਰ ਸਿੱਖਿਆ ਜਾ ਸਕਦਾ ਹੈ।ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖੀਏ।ਜੇ ਕੋਈ ਗੱਲ ਸਾਨੂੰ ਨਾਗਵਾਰ ਗੁਜ਼ਰੇ ਮੈਂ ਉਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰੀਏ।ਕਹਿੰਦੇ ਨੇ ਜੇ ਗੁੱਸਾ ਆਵੇ ਤਾਂ ਸੌ ਤੱਕ ਗਿਣੋ।ਇਸ ਦਾ ਮਤਲਬ ਸਿਰਫ਼ ਇਹੀ ਹੈ ਕਿ ਗੁੱਸੇ ਵਿੱਚ ਤੁਰੰਤ ਦਿੱਤਾ ਹੋਇਆ ਪ੍ਰਤੀਕਰਮ ਅਕਸਰ ਬਾਅਦ ਵਿਚ ਪਛਤਾਵੇ ਦਾ ਕਾਰਨ ਬਣਦਾ ਹੈ।ਸੌ ਤਕ ਗਿਣਨ ਦਾ ਮਤਲਬ ਹੈ ਸਮਾਂ ਪਾ ਲੈਣਾ।ਕੁਝ ਸਮੇਂ ਵਿੱਚ ਸਾਨੂੰ ਬਹੁਤ ਸਾਰੀਆਂ ਗੱਲਾਂ ਦੀ ਸਮਝ ਆ ਜਾਂਦੀ ਹੈ।ਕਈ ਵਾਰ ਤਾਂ ਇੰਜ ਲੱਗਦਾ ਹੈ ਕਿ ਮਾਮੂਲੀ ਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਸੀ ਇੰਨਾ ਗੁੱਸਾ ਕੀਤਾ।ਕਈ ਵਾਰ ਕਹਿਣ ਵਾਲੇ ਦੀ ਮਨਸ਼ਾ ਹੁੰਦੀ ਹੀ ਨਹੀਂ ਤੁਸੀਂ ਸਮਝ ਲੈਂਦੇ ਹਾਂ।ਅਕਸਰ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਕਿਸੇ ਹੋਰ ਸੰਦਰਭ ਵਿੱਚ ਗੱਲ ਕਰ ਰਿਹਾ ਸੀ।

ਕਹਿੰਦੇ ਨੇ ਸਿਆਣੇ ਦਾ ਗੁੱਸਾ ਕਦੇ ਨਜ਼ਰ ਨਹੀਂ ਆਉਂਦਾ।ਉਹ ਆਪਣੇ ਗੁੱਸੇ ਨੂੰ ਜ਼ਾਹਿਰ ਨਹੀਂ ਕਰਦਾ।ਜਿੱਥੇ ਉਸ ਨੂੰ ਬੁਰਾ ਲੱਗੇ ਤੇ ਗੁੱਸਾ ਆਵੇ ਉੱਥੇ ਉਹ ਚੁੱਪ ਕਰ ਜਾਂਦਾ ਹੈ।ਜਿਵੇਂ ਰੋਟੀ ਨੂੰ ਚਿੱਥ ਚਿੱਥ ਕੇ ਖਾਣਾ ਚਾਹੀਦਾ ਹੈ ਉਸੇ ਤਰ੍ਹਾਂ ਗੱਲ ਵੀ ਬਹੁਤ ਵਿਚਾਰ ਕਰਕੇ ਕਰਨੀ ਚਾਹੀਦੀ ਹੈ।ਇਕ ਸਿਆਣਾ ਮਨੁੱਖ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖਦਾ ਹੈ।ਉਹ ਗੁੱਸੇ ਦੇ ਕਾਰਨਾਂ ਨੂੰ ਵਿਚਾਰਦਾ ਹੈ ਅਤੇ ਨਜ਼ਰਅੰਦਾਜ਼ ਕਰਦਾ ਹੈ।ਉਸ ਦੇ ਵਿਹਾਰ ਤੋਂ ਸਾਹਮਣੇ ਵਾਲੇ ਨੂੰ ਆਪ ਹੀ ਪਤਾ ਚੱਲ ਜਾਂਦਾ ਹੈ ਕਿ ਉਸ ਨੂੰ ਬੁਰਾ ਲੱਗਿਆ ਹੈ।ਚੁੱਪ ਇੱਕ ਬਹੁਤ ਵੱਡਾ ਹਥਿਆਰ ਹੈ ਜੇਕਰ ਵਿਅਕਤੀ ਨੂੰ ਉਸ ਦੀ ਸਹੀ ਵਰਤੋਂ ਕਰਨੀ ਆ ਜਾਵੇ।

ਸੌ ਗੱਲਾਂ ਵੀ ਉਹ ਜਵਾਬ ਨਹੀਂ ਦੇ ਸਕਦੀਆਂ ਜੋ ਇੱਕ ਚੁੱਪ ਦੇ ਜਾਂਦੀ ਹੈ।ਇਸ ਲਈ ਜ਼ਰੂਰੀ ਹੈ ਕਿਸੇ ਸਿਆਣੇ ਬਣੀਏ ਆਪਣੇ ਨੂੰ ਸਿਰਫ਼ ਦਿਖਾਵਾ ਨਾ ਕਰੀਏ।

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਹਿਰਾਸ ਦਾ ਵੇਲਾ ਹੈ
Next articleਹੋਲੀ ਦੀ ਮਹਾਨਤਾ