ਅਕਾਲੀ ਦਲ ਨੇ ਕਿਸਾਨ ਜਥੇਬੰਦੀਆਂ ਨੂੰ ਕੀਤੀ ਗੱਲਬਾਤ ਦੀ ਖੁੱਲ੍ਹੀ ਪੇਸ਼ਕਸ਼

ਚੰਡੀਗੜ੍ਹ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਪਾਰਟੀ ਵੱਲੋਂ ‘ਗੱਲ ਪੰਜਾਬ ਦੀ’ ਲੋਕ ਲਹਿਰ ਛੇ ਦਿਨ ਲਈ ਅੱਗੇ ਪਾਈ ਜਾ ਰਹੀ ਹੈ। ਪਾਰਟੀ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਮਾਮਲੇ ’ਤੇ ਚਲ ਰਹੀ ਲਹਿਰ ਸਬੰਧੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਤਾਂ ਜੋ ਪਾਰਟੀ ਵੱਲੋਂ ਇਸ ਕਾਨੂੰਨਾਂ ਖਿਲਾਫ ਲਹਿਰ ਦੇ ਮਾਮਲੇ ਵਿੱਚ ਉਸਾਰੂ ਭੂਮਿਕਾ ਨਿਭਾਈ ਜਾ ਸਕੇ। ‘ਗੱਲ ਪੰਜਾਬ ਦੀ’ ਮੁਹਿੰਮ ਹੁਣ 11 ਸਤੰਬਰ ਨੂੰ ਅਮਲੋਹ ਤੋਂ ਮੁੜ ਸ਼ੁਰੂ ਹੋਵੇਗੀ। ਇਹ ਫ਼ੈਸਲਾ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸੂਬੇ ਦੀ ਸ਼ਾਂਤੀ ਭੰਗ ਕਰਨ  ਅਤੇ ਪੰਜਾਬੀਆਂ ਨੂੰ ਆਪਸ ਵਿੱਚ ਲੜਾ ਕੇ ਮਰਵਾਉਣ ਦੀ ਸਾਜ਼ਿਸ਼ ਵਿਰੁੱਧ ਚੌਕਸ ਕੀਤਾ।

ਉਨ੍ਹਾਂ ਕਿਹਾ ਕਿ ਇਹ ਤਾਕਤਾਂ ਕੇਂਦਰੀ ਏਜੰਸੀਆਂ ਦੀ ਸ਼ਹਿ ’ਤੇ ਕੰਮ ਕਰ ਰਹੀਆਂ ਹਨ ਤੇ ਇਨ੍ਹਾਂ ਨੂੰ ਕਾਂਗਰਸ ਤੇ ‘ਆਪ’ ਦੀ ਹਮਾਇਤ ਹਾਸਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ‘ਗੱਲ ਪੰਜਾਬ ਦੀ’ ਲੋਕ ਲਹਿਰ ਨੂੰ ਪੰਜਾਬੀਆਂ ਤੋਂ ਮਿਲ ਰਹੇ ਹੁੰਗਾਰਾ ਤੋਂ ਬੌਖਲਾ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਿਰਫ ਰਾਸ਼ਟਰਪਤੀ ਰਾਜ ਲਾਗੂ ਕਰਨ ਅਤੇ ਪੰਜਾਬ ਨੁੰ ਮੁੜ 80ਵਿਆਂ ਤੇ 90ਵਿਆਂ ਦੇ ਕਾਲੇ ਦੌਰ ਵਿੱਚ ਧੱਕਣ ਨੂੰ ਵਾਜਬ ਠਹਿਰਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਤੇ ‘ਆਪ’ ਨੇ ਰਲ ਕੇ ਟੀਮਾਂ ਤਾਇਨਾਤ ਕੀਤੀਆਂ ਤਾਂ ਜੋ ਅਕਾਲੀ ਦਲ ਦੇ ਸਮਾਗਮਾਂ ਵਿੱਚ ਵਿਘਨ ਪਾਇਆ ਜਾ ਸਕੇ ਅਤੇ ਉਨ੍ਹਾਂ ਨੇ ਇਸ ਮੌਕੇ ਸਮਰਾਲਾ, ਬਾਘਾਪੁਰਾਣਾ ਅਤੇ ਮੋਗਾ ਵਿੱਚ ਹੋਏ ਸਮਾਗਮਾਂ ਵਿੱਚ ਵਿਘਨ ਪਾਉਣ ਵਾਲਿਆਂ ਵਿੱਚ ਸ਼ਾਮਲ ਕਾਂਗਰਸ ਤੇ ‘ਆਪ’ ਦੇ ਸਮਰਥਕਾਂ ਦੀ ਸੂਚੀ ਵੀ ਜਾਰੀ ਕੀਤੀ। ਸ੍ਰੀ ਬਾਦਲ ਨੇ ਕਾਂਗਰਸ ਤੇ ‘ਆਪ’ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਸ਼ਾਂਤੀ ਭੰਗ ਨਾ ਕਰਨ ਅਤੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ ਤਿੰਨੋਂ ਕਾਲੇ ਕਾਨੂੰਨ ਰੱਦ ਕਰਨੇ ਯਕੀਨੀ ਬਣਾਉਣ ਵਾਸਤੇ ਕੰਮ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਜ਼ਿਸ਼ਾਂ ਪਿੱਛੇ ਭਾਜਪਾ ਜ਼ਿੰਮੇਵਾਰ ਹੈ ਤੇ ਉਹ 1992 ਦਾ ਦੌਰ ਦੁਹਰਾਉਣਾ ਚਾਹੁੰਦੀ ਹੈ ਤਾਂ ਜੋ ਉਹ ਝੂਠੇ ਫਤਵੇ ਰਾਹੀਂ ਸੱਤਾ ਹਾਸਲ ਕਰ ਸਕੇ। ਅਕਾਲੀ ਦਲ ਦੇ ਪ੍ਰਧਾਨ ਨੇ ਸੀਨੀਅਰ ਅਕਾਲੀ ਆਗੂਆਂ ਦੀ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਇਹ ਕਮੇਟੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰੇਗੀ ਅਤੇ ਮੌਜੂਦਾ ਸੰਘਰਸ਼ ਦੀ ਡਟਵੀਂ ਹਮਾਇਤ ਦੁਹਰਾਏਗੀ ਤਾਂ ਜੋ ਕਿਸਾਨ ਜਥੇਬੰਦੀਆਂ ਤੇ ਪਾਰਟੀ ਦਰਮਿਆਨ ਪੈਦਾ ਹੋਏ ਭੁਲੇਖੇ ਦੂਰ ਕੀਤੇ ਜਾ ਸਕਣ। ਕਮੇਟੀ ਵਿੱਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਸ਼ਾਮਲ ਕੀਤਾ ਗਿਆ ਹੈ।

ਸ੍ਰੀ ਬਾਦਲ ਨੇ ਕਿਹਾ,‘ਅਸੀਂ ਪੂਰੀ ਤਰ੍ਹਾਂ ਕਿਸਾਨ ਲਹਿਰ ਦੇ ਨਾਲ ਹਾਂ ਅਤੇ ਇਸਦੀ ਡਟਵੀਂ ਹਮਾਇਤ ਕਰਦੇ ਆ ਰਹੇ ਹਾਂ। ਅਸੀਂ ਕਿਸਾਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ ਭਾਵੇਂ ਉਹ ਕਿਸਾਨ ਪ੍ਰਤੀਨਿਧਾਂ ਦੀ ਮਰਜ਼ੀ ਵਾਲੀ ਕਿਸੇ ਵੀ ਥਾਂ ’ਤੇ ਕਿਸੇ ਵੀ ਸਮੇਂ ਪੁੱਛਿਆ ਗਿਆ ਹੋਵੇ।’ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਟਕਰਾਅ ਨਹੀਂ ਚਾਹੁੰਦੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤਿੰਨ ਕਾਲੇ ਕਾਨੁੂੰਨ ਰੱਦ ਕਰਵਾਉਣ ਲਈ ਸੰਘਰਸ਼ ਵਿੱਢੇਗਾ  ਅਤੇ 2022 ਵਿੱਚ ਸੂਬੇ ਵਿੱਚ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਬਣਨ ਮਗਰੋਂ ਇਹ ਕਾਨੂੰਨ ਸੂਬੇ ਵਿੱਚ ਲਾਗੂ ਨਹੀਂ ਹੋਣ ਦੇਵੇਗਾ। ਮੀਟਿੰਗ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਖ਼ਿਲਾਫ਼ ਦਰਜ ਕੇਸ ਲੜਨ ਲਈ ਵਕੀਲਾਂ ਦਾ ਪੈਨਲ ਤਿਆਰ
Next articleਕੀ ਯੂਪੀ ਸਰਕਾਰ ਨੇ ਕੋਵਿਡ ਪ੍ਰਬੰਧਨ ਤੋਂ ਕੋਈ ਸਬਕ ਨਹੀਂ ਸਿਖਿਆ: ਪ੍ਰਿਅੰਕਾ