ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਪ੍ਰਸ਼ਾਸ਼ਨ ਸਖਤ-ਵੱਖ-ਵੱਖ ਪਾਰਟੀਆਂ ਨੂੰ 18 ਨੋਟਿਸ ਜਾਰੀ

ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਤਸਵੀਰ।

ਜਿਲ੍ਹਾ ਚੋਣ ਅਫਸਰ ਵਲੋਂ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦੇ ਕੇਸਾਂ ਵਿਚ ਸਖਤੀ ਵਰਤਣ ਦੇ ਨਿਰਦੇਸ਼

80 ਸਾਲ ਤੋਂ ਉੱਪਰ ਤੇ ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਨੂੰ ਫਾਰਮ 12 ਡੀ ਪਹੁੰਚਾਉਣ ਦਾ ਕੰਮ ਤੇਜੀ ਨਾਲ ਮੁਕੰਮਲ ਕਰਨ ਦੇ ਹੁਕਮ

99ਫੀਸਦੀ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਗਏ

ਕਪੂਰਥਲਾ(ਕੌੜਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਲਾਗੂ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦੇ ਕੇਸਾਂ ਵਿਚ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਖਤ ਰਵੱਈਆ ਅਪਣਾਇਆ ਗਿਆ ਹੈ, ਜਿਸ ਤਹਿਤ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਬਿਨ੍ਹਾਂ ਰਿਟਰਨਿੰਗ ਅਫਸਰਾਂ ਦੀ ਮਨਜ਼ੂਰੀ ਦੇ ਚੋਣ ਸਭਾਵਾਂ ਕਰਨ ਕਰਕੇ 18 ਨੋਟਿਸ ਜਾਰੀ ਕੀਤੇ ਗਏ ਹਨ।

ਜਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਸਮੂਹ ਵਧੀਕ ਡਿਪਟੀ ਕਮਿਸ਼ਨਰਾਂ, ਰਿਟਰਨਿੰਗ ਅਫਸਰਾਂ ਤੇ ਨੋਡਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਚੋਣ ਅਮਲ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਕੇਸਾਂ ਵਿਚ ਰਿਟਰਨਿੰਗ ਅਫਸਰ ਸਖਤ ਕਾਰਵਾਈ ਕਰਨ।

ਅੱਜ ਰਿਟਰਨਿੰਗ ਅਫਸਰ ਫਗਵਾੜਾ ਵਲੋਂ 9 ਨੋਟਿਸ ਜਾਰੀ ਕੀਤੇ ਗਏ ਹਨ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਬਸਪਾ, ਆਮ ਆਦਮੀ ਪਾਰਟੀ ਸ਼ਾਮਿਲ ਹਨ।

ਇਸ ਤੋਂ ਇਲਾਵਾ ਕਪੂਰਥਲਾ ਹਲਕੇ ਦੇ ਰਿਟਰਨਿੰਗ ਅਫਸਰ ਵਲੋਂ 4 ਨੋਟਿਸ ਜਾਰੀ ਕੀਤੇ ਗਏ ਹਨ, ਜਿਸ ਵਿਚੋਂ 2 ਕਾਂਗਰਸ ਨੂੰ ਅਤੇ 2 ਆਮ ਆਦਮੀ ਪਾਰਟੀ ਨੂੰ ਜਾਰੀ ਹੋਏ ਹਨ। ਇਸੇ ਤਰ੍ਹਾਂ ਭੁਲੱਥ ਰਿਟਰਨਿੰਗ ਅਫਸਰ ਵਲੋਂ ਇਕ ਨੋਟਿਸ ਕਾਂਗਰਸ ਪਾਰਟੀ ਨੂੰ ਜਾਰੀ ਕੀਤਾ ਗਿਆ ਹੈ। ਸੁਲਤਾਨਪੁਰ ਲੋਧੀ ਹਲਕੇ ਦੇ ਰਿਟਰਨਿੰਗ ਅਫਸਰ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ 4 ਨੋਟਿਸ ਜਾਰੀ ਕੀਤੇੇ ਗਏ ਹਨ।

ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸ਼ਿਆ ਕਿ ਜਿਲ੍ਹੇ ਵਿਚ 99 ਫੀਸਦੀ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾ ਲਏ ਗਏ ਹਨ ਅਤੇ ਕੇਵਲ 76 ਹਥਿਆਰ ਬਕਾਇਆ ਹਨ।

ਜਿਲ੍ਹਾ ਚੋਣ ਅਫਸਰ ਵਲੋਂ ਕੱਲ੍ਹ 20 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਚੋਣ ਰਿਹਰਸਲਾਂ ਬਾਰੇ ਵੀ ਜਾਇਜ਼ਾ ਲਿਆ ਗਿਆ।

ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਦੀ ਰਿਹਰਸਲ ਸਮੇਂ ਕੋਵਿਡ ਨਿਯਮਾਂ ਦੀ ਪਾਲਨਾ ਯਕੀਨੀ ਬਣਾਈ ਜਾਵੇ। ਫ਼ਗਵਾੜਾ ਵਿਧਾਨ ਸਭਾ ਹਲਕੇ ਲਈ ਗੁਰੂ ਨਾਨਕ ਕਾਲਜ ਸੁਖਚੈਨਆਣਾ ਵਿਖੇ 9 ਤੋਂ 12 ਅਤੇ 12 ਤੋਂ 3 ਵਜੇਂ ਤੱਕ 20 ਜਨਵਰੀ ਨੂੰ ਪਹਿਲੀ ਰਿਹਰਸਲ ਹੋਵੇਗੀ।

ਇਸ ਤੋਂ ਇਲਾਵਾ ਕਪੂਰਥਲਾ ਹਲਕੇ ਲਈ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਅਤੇ ਰਣਧੀਰ ਸਕੂਲ ਵਿਖੇ 20 ਜਨਵਰੀ ਨੂੰ ਪੋਲਿੰਗ ਸਟਾਫ਼ ਦੀ ਪਹਿਲੀ ਰਿਹਰਸਲ ਹੋਵੇਗੀ। ਇਸੇ ਤਰ੍ਹਾਂ ਭੁਲੱਥ ਹਲਕੇ ਲਈ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ 9 ਤੋਂ 12 ਅਤੇ 12 ਤੋਂ 3 ਵਜੇ ਤੱਕ ਰਿਹਰਸਲ ਹੋਵੇਗੀ,ਜਦਕਿ ਸੁਲਤਾਨਪੁਰ ਹਲਕੇ ਲਈ ਦਾਣਾ ਮੰਡੀ ਸੁਲਤਾਨਪੁਰ ਵਿਖੇ 9 ਤੋਂ 12 ਅਤੇ 2 ਤੋਂ 5 ਵਜੇਂ ਤੱਕ ਰਿਹਰਸਲ ਹੋਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ 80 ਸਾਲ ਤੋਂ ਉੱਪਰ ਦੇ ਵੋਟਰਾਂ , ਸਰੀਰਕ ਤੌਰ ’ਤੇ ਅਸ਼ਮਰੱਥ ਵੋਟਰਾਂ ਤੇ ਕੋਵਿਡ ਦੇ ਸ਼ੱਕੀ ਮਰੀਜ਼ਾਂ ਨੂੰ ਘਰ ਤੋਂ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸਹੂਲਤ ਦੇਣ ਲਈ ਫਾਰਮ 12 ਡੀ ਦੇਣ ਵਿਚ ਤੇਜੀ ਲਿਆਂਦੀ ਜਾਵੇ। ਜ਼ਿਕਰਯੋਗ ਹੈ ਕਿ ਜਿਲ੍ਹੇ ਭਰ ਵਿਚ 1605 ਅਜਿਹੇ ਵੋਟਰਾਂ ਨੂੰ ਫਾਰਮ ਦਿੱਤੇ ਜਾ ਚੁੱਕੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਤੀਰਥ ਰਾਜਪੁਰਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ
Next articlePKL 8: Telugu Titans end winless run, beat Jaipur Pink Panthers