ਅੰਮ੍ਰਿਤਸਰ (ਸਮਾਜ ਵੀਕਲੀ): ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਸਮੂਹ ਸਥਿਤ ਲਗਪਗ 90 ਸਾਲ ਪੁਰਾਣੀ ਗੁਰੂ ਰਾਮਦਾਸ ਸਰਾਂ ਦੇ ਨਵ-ਨਿਰਮਾਣ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਇਥੇ ਹੁਣ 800 ਕਮਰੇ, ਕਈ ਹਾਲ ਅਤੇ ਪਾਰਕਿੰਗ ਆਦਿ ਬਣਨਗੇ।
ਇਹ ਸਰਾਂ ਇਸ ਵੇਲੇ ਦਰਬਾਰ ਸਾਹਿਬ ਸਮੂਹ ਵਿਚ ਸਭ ਤੋਂ ਪੁਰਾਣੀ ਹੈ। ਇਸ ਦਾ ਨੀਂਹ ਪੱਥਰ 1931 ਵਿਚ ਸਾਧੂ ਸਿੰਘ ਪਟਿਆਲੇ ਵਾਲਿਆਂ ਵੱਲੋਂ ਰੱਖਿਆ ਗਿਆ ਸੀ। ਇੱਥੇ ਫਿਲਹਾਲ 232 ਕਮਰੇ ਅਤੇ 18 ਹਾਲ ਹਨ ਪਰ 125 ਕਮਰੇ ਤੇ ਤਿੰਨ ਹਾਲ ਹੀ ਵਰਤੋਂ ਦੇ ਯੋਗ ਹਨ।
ਇਸ ਸਰਾਂ ਵਿਚ ਠਹਿਰਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਕਿਰਾਇਆ ਨਹੀਂ ਲਿਆ ਜਾਂਦਾ। ਸਮੇਂ ਦੇ ਨਾਲ ਇਸ ਦੀ ਹਾਲਤ ਖਸਤਾ ਹੋ ਰਹੀ ਹੈ। ਕਈ ਕਮਰਿਆਂ ਵਿਚ ਛੱਤਾਂ ਦਾ ਪਲੱਸਤਰ ਉਤਰਨ ਲਗ ਪਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਲਈ ਪੁੱਜਦੀ ਸੰਗਤ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਨਵੀਆਂ ਸਰਾਵਾਂ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਹਿਤ ਗੁਰੂ ਰਾਮਦਾਸ ਸਰਾਂ ਦੇ ਨਵ-ਨਿਰਮਾਣ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ। ਇਥੇ ਹੁਣ 800 ਕਮਰੇ ਤਿਆਰ ਕੀਤੇ ਜਾਣਗੇ। ਇਸ ਦੀ ਬਾਹਰੀ ਦਿੱਖ ਹੂ-ਬ-ਹੂ ਇਸੇ ਤਰ੍ਹਾਂ ਦੀ ਰੱਖੀ ਜਾਵੇਗੀ।
ਇਸ ਤੋ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਅਕਾਲੀ ਬਾਗ ਵਾਲੀ ਜਗ੍ਹਾ ’ਤੇ ਵੀ 1000 ਕਮਰਿਆਂ ਲਈ ਚਾਰ ਬਲਾਕ ਤਿਆਰ ਕਰਨ ਦੀ ਯੋਜਨਾ ਹੈ। ਜ਼ਿਕਰਯੋਗ ਹੈ ਕਿ ਇਸ ਸਰਾਂ ਦੇ ਨਵ-ਨਿਰਮਾਣ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਦੋ ਵਾਰ ਪ੍ਰਵਾਨਗੀ ਮਿਲ ਚੁੱਕੀ ਹੈ ਪਰ ਵਿਰੋਧ ਕਾਰਨ ਪਹਿਲਾਂ ਵੀ ਕੰਮ ਲਟਕ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly