ਜਲੰਧਰ (ਸਮਾਜ ਵੀਕਲੀ) ਅੱਪਰਾ, ਜੱਸੀ- ਪ੍ਰਗਤੀ ਕਲਾ ਕੇਂਦਰ ਲਾਂਦੜਾ ਵਲੋਂ ਬਹੁਜਨ ਚਿੰਤਕ ਡੀ. ਡੀ. ਕਲਿਆਣੀ ਜੀ ਨੂੰ ਸਮਰਪਿਤ ਵਿਹੜਿਆਂ ਦੇ ਕਲਾਕਾਰ,ਰੰਗਮੰਚ ਦੇ ਸ਼ਹੀਦ ਮਾਸਟਰ ਮੱਖਣ ਕ੍ਰਾਂਤੀ ਜੀ ਦੀ ਯਾਦ ਵਿੱਚ 6ਵਾਂ ਦੋ ਰੋਜ਼ਾ ਕ੍ਰਾਂਤੀ ਮੇਲਾ ਕਰਵਾਇਆ ਗਿਆ।ਇਹ ਮੇਲਾ ਕ੍ਰਾਂਤੀ ਭਵਨ,ਕ੍ਰਾਂਤੀ ਕਲੋਨੀ ਪਿੰਡ ਪਾਲ ਨੌ ਪਾਲਕਦੀਮ ਵਿਖੇ ਪੂਰੇ ਉਤਸ਼ਾਹ ਨਾਲ਼ ਮਨਾਇਆ ਗਿਆ।ਮੇਲੇ ਦੇ ਪਹਿਲੇ ਦਿਨ ਮਿਤੀ 4 ਮਾਰਚ ਦਿਨ ਸ਼ਨੀਵਾਰ ਨੂੰ ਬਹੁਜਨ ਨਾਇਕਾਂ ਦੇ ਪੋਰਟਰੇਟ ਚਿੱਤਰਾਂ ਦਾ ਮੁਕਾਬਲਾ ਕਰਵਾਇਆ ਗਿਆ।ਜਿਸ ਵਿਚ ਬਾਬਾ ਸਾਹਿਬ ਅੰਬੇਡਕਰ,ਸਾਹਿਬ ਕਾਂਸ਼ੀ ਰਾਮ, ਮੰਗੂ ਰਾਮ ਮੁੱਗੋਵਾਲੀਆ,ਚਰਨ ਦਾਸ ਨਿਧੜਕ ਅਤੇ ਮਾਸਟਰ ਮੱਖਣ ਕ੍ਰਾਂਤੀ ਜੀ ਦੇ ਪੋਰਟਰੇਟ ਬਣਾਏ ਗਏ। ਜਿਹਨਾਂ ਵਿੱਚ 18 ਬੱਚਿਆਂ ਨੇ ਭਾਗ ਲਿਆ। ਬੱਚਿਆਂ ਦੇ ‘ਏ’ ਅਤੇ ‘ ਬੀ ‘ ਗਰੁੱਪ ਬਣਾਏ ਗਏ ਜੇਤੂ ਵਿਦਿਆਰਥੀਆਂ ਨੂੰ ਦੁਜੇ ਦਿਨ ਸਨਮਾਨ ਦਿੱਤਾ ਗਿਆ।ਜਿਸ ਵਿਚ ਏ ਗਰੁੱਪ ਵਿਚ ਪਹਿਲਾ ਸਥਾਨ ਅਮੂਲ ਵਰਮਾ ਨੇ ਪ੍ਰਾਪਤ ਕੀਤਾ ਜਿਹਨਾਂ ਨੇ ਮੱਖਣ ਕ੍ਰਾਂਤੀ ਜੀ ਦਾ ਚਿੱਤਰ ਬਣਾਇਆ।
ਜਸਵੰਤ ਸੁਲਤਾਨਪੁਰੀ (ਜਲੰਧਰ) ਨੇ ਚਰਨ ਦਾਸ ਨਿਧੜਕ ਦਾ ਚਿੱਤਰ ਬਣਾ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜਾ ਸਥਾਨ ਸੁਮਨ (ਗੌਰਮਿੰਟ ਕਾਲਜ ਹੁਸ਼ਿਆਪੁਰ) ਨੇ ਪ੍ਰਾਪਤ ਕੀਤਾ। B ਗਰੁੱਪ ਦੇ ਵਿਚ ਪਹਿਲਾ ਸਥਾਨ ਸਾਹਿਲ (ਲਾਇਲਪੁਰ ਖ਼ਾਲਸਾ ਕਾਲਜ) ਨੇ ਸਾਹਿਬ ਕਾਂਸ਼ੀ ਰਾਮ ਜੀ ਦਾ ਚਿੱਤਰ ਬਣਾ ਕੇ ਪ੍ਰਾਪਤ ਕੀਤਾ।ਦੂਜਾ ਸਥਾਨ ਆਂਚਲ ਸਲੂਜਾ (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਨੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਦਾ ਚਿੱਤਰ ਬਣਾ ਕੇ ਪ੍ਰਾਪਤ ਕੀਤਾ। ਤੀਜਾ ਸਥਾਨ ਜਸਲੀਨ ਕੌਰ ਅਰੋੜਾ ਨੂੰ ਪ੍ਰਾਪਤ ਕੀਤਾ ਜਿਹਨਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਚਿੱਤਰ ਬਣਾਇਆ। ਏ ਗਰੁੱਪ ਦੇ ਵਿਦਿਆਰਥੀਆਂ ਨੂੰ ਪਹਿਲਾ ਇਨਾਮ 5100,ਦੂਜਾ ਇਨਾਮ 3100, ਤੀਜਾ ਇਨਾਮ 1500 ਦਿੱਤਾ ਗਿਆ। ਬੀ ਗਰੁੱਪ ਦੇ ਵਿਦਿਆਰਥੀਆਂ ਨੂੰ ਪਹਿਲਾ ਇਨਾਮ 8100,ਦੂਜਾ ਇਨਾਮ 5500,ਤੀਜਾ ਇਨਾਮ 3100 ਦਿੱਤਾ ਗਿਆ।ਇਹ ਪੇਂਟਿੰਗ ਮੁਕਾਬਲੇ ਦਾ ਮੁੱਖ ਪ੍ਰਬੰਧਕ ਕੁਲਪ੍ਰੀਤ ਰਾਣਾ ਅਤੇ ਵਿਸ਼ੇਸ਼ ਸਹਿਯੋਗੀ ,ਰੌਸ਼ਨ ਭਾਰਤੀ ਅਤੇ ਸਤਵਿੰਦਰ ਮਦਾਰਾ ਜੀ ਅਤੇ ਦੀਪਕ ਕੁਮਾਰ ਸਨ।
ਇਸ ਮੁਕਾਬਲੇ ਲਈ ਜੱਜਾਂ ਦੀ ਭੂਮਿਕਾ ਅਨੰਦ ਸੀ ਸ਼ਿੰਦੇ(ਪ੍ਰੋਫੈਸਰ ਗੌਰਮਿੰਟ ਆਰਟ ਕਾਲਜ ਚੰਡੀਗੜ੍ਹ),ਪ੍ਰਸਾਦ ਕੁਮਾਰ ਸਵੈਨ(ਪ੍ਰੋਫੈਸਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਅਤੇ ਵਿਵੇਕ ਆਰਟਿਸਟ ਜੀ ਨੇ ਨਿਭਾਈ।ਸ਼ਾਮ ਮੇਲੇ ਦੇ ਦੂਜੇ ਦਿਨ 5 ਮਾਰਚ ਦਿਨ ਐਤਵਾਰ ਨੂੰ ਠੀਕ 10 ਵਜੇ ਕ੍ਰਾਂਤੀ ਮੇਲਾ ਸ਼ੁਰੂ ਹੋਇਆ।ਇਸ ਮੇਲੇ ਦਾ ਉਦਘਾਟਨ ਐਸ.ਪੀ. ਸਿੰਘ(ਚੀਫ਼ ਮੈਡੀਕਲ ਅਫ਼ਸਰ) ਜੀ ਨੇ ਕੀਤਾ ਤੇ ਸ਼ਮ੍ਹਾ ਦੀ ਰਸਮ ਪ੍ਰਿੰਸੀਪਲ ਦੇਸ ਰਾਜ ਛਾਜਲੀ ਜੀ ਨੇ ਕੀਤੀ।ਇਸ ਮੌਕੇ 29ਵਾਂ ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ ਸੰਜੇ ਜੀਵਨੀ(ਮਰਾਠੀ ਫਿਲਮ ਨਿਰਦੇਸ਼ਕ ਤੇ ਨਾਟਕਕਾਰ) ਜੀ ਨੂੰ ਦਿੱਤਾ ਜੋ ਕਿ ਗਿਆਨਸ਼ੀਲ ਜੀ ਨੇ ਪ੍ਰਾਪਤ ਕੀਤਾ।ਲੋਕ ਕਵੀ ਚਰਨ ਦਾਸ ਨਿਧੜਕ ਪੁਰਸਕਾਰ ਬਹੁਜਨ ਕਵੀ ਰਾਜੇਸ਼ ਭਬਿਆਣਾ ਜੀ ਨੂੰ ਦਿੱਤਾ ਗਿਆ।ਲੈਕਚਰਾਰ ਮੱਖਣ ਕ੍ਰਾਂਤੀ ਮੈਮੋਰੀਅਲ ਐਵਾਰਡ ਨਾਲ਼ ਤੀਰਥ ਸਿੰਘ ਬਾਸੀ (ਸਾਇੰਸ ਅਧਿਆਪਕ ਸਰਕਾਰੀ ਹਾਈ ਸਕੂਲ ਅਸ਼ਾਹੂਰ) ਜੀ ਨੂੰ ਸਨਮਾਨਿਤ ਕੀਤਾ ਗਿਆ। ਵੱਖ ਵੱਖ ਵਿਦਿਆਰਥੀਆਂ ਵਲੋਂ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ।ਜਿਸ ਵਿਚ ਜਸਵੰਤ ਸੁਲਤਾਨਪੁਰੀ, ਡਾ.ਹਰਦੀਪ ਸਿੱਧੂ,ਹਰਸਿਮਰਤ ਕੌਰ,ਖੁਸ਼ੀ ਰਾਮ,ਦੀਪਕ ਕੁਮਾਰ ਪ੍ਰਗਤੀ ਗੁਪਤਾ,ਕੁਲਪ੍ਰੀਤ ਰਾਣਾ,ਕੁਲਰਾਜ ਅਤੇ ਸਮਾਇਲੀ ਨੇ ਚਿੱਤਰ ਪ੍ਰਦਰਸ਼ਨੀ ਵਿੱਚ ਭਾਗ ਲਿਆ।
ਪਰਬਤਾਰੋਹੀ ਪ੍ਰਿਆ ਅੰਬੇਡਕਰ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜੋ ਕਿ ਉਹਨਾਂ ਦੇ ਪਿਤਾ ਅਸ਼ੋਕ ਕੁਮਾਰ ਗੋਖਾ ਜੀ ਨੇ ਪ੍ਰਾਪਤ ਕੀਤਾ।ਸਾਹਿਬ ਕਾਂਸ਼ੀ ਰਾਮ ਜੀ ਦਾ ਪੋਰਟਰੇਟ ਜੋ ਕਿ ਵਿਵੇਕ ਆਰਟਿਸਟ ਵਲੋਂ ਬਣਾਇਆ ਗਿਆ ਉਸਨੂੰ ਪੀ. ਡੀ.ਸ਼ਾਂਤ ਜੀ ਵਲੋਂ ਰਿਲੀਜ਼ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿਚ ਮੋਹਨ ਲਾਲ ਫਿਲੌਰੀਆ, ਡਾ. ਜਸਵੰਤ ਰਾਏ,ਹਾਕਮ ਸਿੰਘ ਨੂਰ ਜੀ ਸ਼ੁਸ਼ੋਭਿਤ ਹੋਏ।ਬਿਨਾ ਦਹੇਜ ਵਿਆਹ ਕਰਨ ਵਾਲੇ ਜੋੜੇ ਸੋਨੀਆ ਖੁਸ਼ਬੂ ਅਤੇ ਹਰਜਿੰਦਰ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ ਕੁਲਪ੍ਰੀਤ ਰਾਣਾ ਦੀ ਪੁਸਤਕ “ਖੌਲਦੇ ਰੰਗਾਂ ਦੀ ਇਬਾਰਤ” ਨੂੰ ਆਨੰਦ ਸੀ.ਸ਼ਿੰਦੇ(ਪ੍ਰੋਫ਼ੈਸਰ ਗੌਰਮਿੰਟ ਆਰਟ ਕਾਲਜ ਚੰਡੀਗੜ੍ਹ) ਵਲੋਂ ਰਿਲੀਜ਼ ਕੀਤਾ ਗਿਆ।ਇਸ ਮੇਲੇ ਵਿੱਚ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵਲੋਂ ਇੱਕਤਰ ਸਿੰਘ ਜੀ ਦੀ ਨਿਰਦੇਸ਼ਨਾ ਹੇਠ ਨਾਟਕ ” ਇਹ ਲਹੂ ਕਿਸਦਾ ਹੈ” ਅਤੇ “ਸਰਪੰਚਣੀ ” ਪੇਸ਼ ਕੀਤੇ ਗਏ।ਟੀਮ ਪ੍ਰਗਤੀ ਕਲਾ ਕੇਂਦਰ ਲਾਂਦੜਾ ਵਲੋਂ ਓਪੇਰਾ ” ਮਾਤਾ ਰਮਾ ਬਾਈ” ਅਤੇ “ਦੋਹੇ ਗੁਰੂ ਕਬੀਰ ਜੀ” ਪੇਸ਼ ਕੀਤਾ ਗਏ।ਪ੍ਰਗਤੀ ਕਲਾ ਕੇਂਦਰ ਜਲਾਲਾਬਾਦ ਵਲੋਂ ਨਾਟਕ ” ਬੇਦਾਵਾ” ਪੇਸ਼ ਕੀਤਾ ਗਿਆ ਅਤੇ ਟੀਮ ਪ੍ਰਗਤੀ ਕਲਾ ਕੇਂਦਰ ਖੰਨਾ ਵਲੋਂ ” ਗੁਰੂ ਨਾਨਕ ਬਾਣੀ” ਪੇਸ਼ ਕੀਤੀ ਗਈ। ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਸਰਪੰਚ ਸੁਖਚੈਨ ਸਿੰਘ ਵਲੋਂ ਕੀਤਾ ਗਿਆ ਅਤੇ ਸ਼ਮ੍ਹਾ ਰੌਸ਼ਨ ਦੀ ਰਸਮ ਅਨੰਦ ਸੀ ਸ਼ਿੰਦੇ ਵਲੋਂ ਕੀਤੀ ਗਈ ਸਟੇਜ ਸਕੱਤਰ ਦੀ ਭੂਮਿਕਾ ਸੋਢੀ ਰਾਣਾ ਅਤੇ ਅੰਮ੍ਰਿਤਾ ਰਾਣੀ ਵਲੋਂ ਨਿਭਾਈ ਗਈ।ਹਰਭਜਨ ਲਾਲ ਅਤੇ ਸਤਨਾਮ ਬੁੱਕ ਸਟਾਲ ਵਲੋਂ ਪੁਸਤਕਾਂ ਦੇ ਸਟਾਲ ਵੀ ਲਗਾਏ ਗਏ। ਪ੍ਰਗਤੀ ਗੁਪਤਾ ਵਲੋਂ ਆਪਣੀਆਂ ਕਲਾ ਕਿਰਤਾਂ ਦਾ ਸਟਾਲ ਵੀ ਲਗਾਇਆ ਗਿਆ।ਇਸ ਮੇਲੇ ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਖੂਬ ਚਰਚਾ ਹੈ।ਲਗਭਗ ਪੰਜਾਬ ਭਰ ਤੋਂ ਲੋਕ ਇਸ ਮੇਲੇ ਵਿੱਚ ਹੁੰਮ ਹਮਾ ਕੇ ਪਹੁੰਚੇ।