ਐਸ.ਐਸ.ਪੀ. ਰਾਜਪਾਲ ਸਿੰਘ ਸੰਧੂ ਤੇ ਡੀ.ਐਸ.ਪੀ. ਬਬਨਦੀਪ ਸਿੰਘ ਨੇ ਖਿਡਾਰੀਆਂ ਨੂੰ ਵੰਡੇ ਇਨਾਮ
ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਨਸ਼ਾ ਛੁਡਾਊ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਅਰਜੁਨਾ ਐਵਾਰਡੀ ਅੰਤਰਰਾਸ਼ਟਰੀ ਖਿਡਾਰੀ ਸੱਜਣ ਸਿੰਘ ਚੀਮਾ ਵੱਲੋਂ ਜਿਲ੍ਹਾ ਪੁਲਸ ਮੁਖੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤੀਸਰਾ ਵਾਲੀਵਾਲ ਟੂਰਨਾਮੈਂਟ ਪਿੰਡ ਖੀਰਾਂਵਾਲੀ ਵਿਖੇ ਕਰਵਾਇਆ ਗਿਆ । ਇਸ ਸਮੇ ਮੁੱਖ ਮਹਿਮਾਨ ਵੱਜੋਂ ਜਿਲ੍ਹਾ ਕਪੂਰਥਲਾ ਦੇ ਐਸ.ਐਸ.ਪੀ. ਸ੍ਰੀ ਰਾਜਪਾਲ ਸਿੰਘ ਸੰਧੂ ਨੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਤੇ ਅਸ਼ੀਰਵਾਦ ਦਿੱਤਾ ।ਉਨ੍ਹਾਂ ਨਾਲ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ. ਸ੍ਰੀ ਬਬਨਦੀਪ ਸਿੰਘ ਲੁਬਾਣਾ , ਇੰਮਪਰੂਵਮੈਟ ਟਰੱਸਟ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਪ੍ਰਦੀਪਪਾਲ ਥਿੰਦ , ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਮੁਹੰਮਦ ਰਫੀ ,ਤੇ ਥਾਣਾ ਫੱਤੂਢੀਘਾ ਦੇ ਮੁਖੀ ਕੰਨਵਰਜੀਤ ਸਿੰਘ ਆਦਿ ਵੀ ਸਨ ।
ਜਿਲ੍ਹਾ ਪੁਲਸ ਮੁਖੀ ਸ੍ਰੀ ਰਾਜਪਾਲ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦੇ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਆਪਣੇ ਐਨ.ਆਰ.ਆਈ. ਵੀਰਾਂ ਤੇ ਆਪ ਵਲੰਟੀਅਰਾਂ ਦੇ ਸਹਿਯੋਗ ਨਾਲ ਨਸ਼ਾ ਛੁਡਾਊ ਮੁਹਿੰਮ ਤਹਿਤ ਵੱਖ ਵੱਖ ਪਿੰਡਾਂ ‘ਚ ਟੂਰਨਾਮੈਂਟ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਉਨ੍ਹਾਂ ਸਮੂਹ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਰਾਹੀਂ ਬਹੁਤ ਵੱਡੇ ਆਹੁਦੇ ਪ੍ਰਾਪਤ ਕੀਤੇ ਜਾ ਸਕਦੇ ਹਨ । ਉਨ੍ਹਾਂ ਕਿਹਾ ਕਿ ਜਿਲ੍ਹੇ ਵਿਚ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤੇ ਨਸ਼ੇ ਦੀ ਦਲਦਲ ਵਿਚ ਫਸੇ ਲੋਕਾਂ ਨੂੰ ਸਮਝਾ ਕੇ ਨਸ਼ਾ ਛੱਡਣ ਲਈ ਉਤਸਾਹਿਤ ਕੀਤਾ ਜਾਵੇਗਾ ।
ਇਸ ਸਮੇ ਅਰਜੁਨਾ ਐਵਾਰਡੀ ਅੰਤਰਰਾਸ਼ਟਰੀ ਖਿਡਾਰੀ ਵੱਲੋਂ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਨਸ਼ਾ ਛੁਡਾਊ ਮੁਹਿੰਮ ਤਹਿਤ ਹਰ ਸ਼ਨੀਵਾਰ ਨੂੰ ਇੱਕ ਪਿੰਡ ‘ਚ ਟੂਰਨਾਮੈਂਟ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਜੜ੍ਹ ਵੱਢਣ ਲਈ ਖੇਡਾਂ ਕਰਵਾ ਕੇ ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਾਂਗੇ ਤੇ ਨਸ਼ਾ ਮੁਕਤ ਤੰਦਰੁਸਤ ਪੰਜਾਬ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਹਲਕਾ ਸੁਲਤਾਨਪੁਰ ਲੋਧੀ ਵਿਚੋਂ ਨਸ਼ੇ ਦੇ ਧੰਦੇ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਲਈ ਇਲਾਕੇ ਦੇ ਸੂਝਵਾਨ ਸਾਫ ਸੁਥਰੇ ਅਕਸ਼ ਵਾਲੇ ਨੌਜਵਾਨਾਂ ਦੀ ਵਿਸ਼ੇਸ਼ ਬ੍ਰਿਗੇਡ ਵੀ ਬਣਾਈ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਪਿਛਲੇ ਸਮੇ ਵਿਚ ਨਸ਼ਾ ਵੇਚਣ ਦੇ ਮਾਮਲੇ ਵਿਚ ਸਾਹਮਣੇ ਆਏ ਪਿੰਡਾਂ ‘ਚ ਖੇਡਾਂ ਕਰਵਾਉਣ ਲਈ ਪਿੰਡ ਦੇ ਪਤਵੰਤੇ ਸੱਜਣਾ ਦੇ ਸਹਿਯੋਗ ਲੈ ਕੇ ਉਨ੍ਹਾਂ ਕੋਲੋਂ ਸਿਰਫ 21 ਹਜਾਰ ਰੁਪਏ ਖਿਡਾਰੀਆਂ ਨੂੰ ਇਨਾਮ ਦੇਣ ਲਈ ਯੋਗਦਾਨ ਲਿਆ ਜਾਵੇਗਾ ਤੇ ਬਾਕੀ ਗਰਾਉਂਡ ਦੇ ਅਤੇ ਹੋਰ ਸਾਰੇ
ਪ੍ਰਬੰਧਾਂ ਦਾ ਖਰਚਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਹੋਰ ਸਮਾਜ ਸੇਵੀ ਐਨ.ਆਰ.ਆਈਜ ਦੇ ਸਹਿਯੋਗ ਨਾਲ ਕੀਤਾ ਜਾਵੇਗਾ । ਉਨ੍ਹਾਂ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਮੌਜੂਦਾ ਡੀ.ਐਸ.ਪੀ. ਬਬਨਦੀਪ ਸਿੰਘ ਦੀ ਵੀ ਸ਼ਲਾਘਾ ਕੀਤੀ ਜੋ ਨਸ਼ਿਆਂ ਵਿਰੁੱਧ ਡਟ ਕੇ ਮੁਹਿੰਮ ਚਲਾ ਰਹੇ ਹਨ । ਇਸ ਸਮੇਂ ਗੁਰਚਰਨ ਸਿੰਘ ਬਿੱਟੂ , ਪਰਵਿੰਦਰ ਸਿੰਘ ਸੋਨੂੰ , ਦਿਲਪ੍ਰੀਤ ਸਿੰਘ ਟੋਡਰਵਾਲ ,ਮਨਜੀਤ ਸਿੰਘ , ਸੁਦੇਸ਼ ਸ਼ਰਮਾ ਇੰਸਪੈਕਟਰ , ਦਿਲਬਾਗ ਸਿੰਘ , ਸਤਨਾਮ ਸਿੰਘ ਗੋਪੀਪੁਰ ਆਦਿ ਨੇ ਸ਼ਿਰਕਤ ਕੀਤੀ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly