ਮਾਸਟਰ ਪਰਮਵੇਦ ( ਸੰਗਰੂਰ -ਬਰਨਾਲਾ) (ਸਮਾਜ ਵੀਕਲੀ): ਸਮਾਜ ਵਿਚ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਖੇਤਰ ਵਿਚ ਪਿਛਲੇ 39 ਸਾਲਾਂ ਤੋਂ ਲਗਾਤਾਰ ਜਦੋਜਹਿਦ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਸੂਬਾਈ ਡੈਲੀਗੇਟ ਚੋਣ ਇਜਲਾਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਇਆ ਜਿਸ ਵਿਚ ਹਾਜਰ ਪੰਜਾਬ ਦੇ 10 ਜੋਨਾਂ ਦੀਆਂ 67 ਇਕਾਈਆਂ ਦੇ 163 ਡੈਲੀਗੇਟਾਂ ਵਲੋਂ ਅਗਲੇ ਦੋ ਸਾਲਾਂ ਲਈ 13 ਮੈਂਬਰੀ ਨਵੀਂ ਸੂਬਾਈ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਵਿਚ ਜਥੇਬੰਦਕ ਵਿਭਾਗ ਲਈ ਮਾਸਟਰ ਰਾਜਿੰਦਰ ਭਦੌੜ, ਵਿਤ ਵਿਭਾਗ ਰਾਜੇਸ਼ ਅਕਲੀਆ, ਸਭਿਆਚਾਰਕ ਵਿਭਾਗ ਜੋਗਿੰਦਰ ਕੂਲੇਵਾਲ, ਮੀਡੀਆ ਵਿਭਾਗ ਸੁਮੀਤ ਸਿੰਘ, ਸੰਪਾਦਕੀ ਵਿਭਾਗ ਬਲਬੀਰ ਲੌਂਗੋਵਾਲ, ਸਾਹਿਤ ਵਿਭਾਗ ਹੇਮ ਰਾਜ ਸਟੈਨੋ, ਪ੍ਰਿੰਟਿੰਗ ਵਿਭਾਗ ਰਾਜਪਾਲ ਸਿੰਘ, ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਜਸਵੰਤ ਮੋਹਾਲੀ, ਮਾਨਸਿਕ ਸਿਹਤ ਮਸ਼ਵਰਾ ਵਿਭਾਗ ਅਜੀਤ ਪ੍ਰਦੇਸੀ, ਕਾਨੂੰਨ ਵਿਭਾਗ ਜਸਵਿੰਦਰ ਫਗਵਾੜਾ, ਵਿਦਿਆਰਥੀ ਚੇਤਨਾ ਵਿਭਾਗ ਰਾਮ ਸਵਰਨ ਲੱਖੇਵਾਲੀ, ਸਾਹਿਤ ਵੈਨ ਵਿਭਾਗ ਗੁਰਪ੍ਰੀਤ ਸ਼ਹਿਣਾ ਅਤੇ ਸੋਸ਼ਲ ਮੀਡੀਆ ਵਿਭਾਗ ਲਈ ਸੰਦੀਪ ਧਾਰੀਵਾਲ ਭੋਜਾਂ ਚੁਣੇ ਗਏ।
ਇਸ ਤੋਂ ਪਹਿਲੇ ਸੈਸ਼ਨ ਵਿੱਚ ਸੂਬਾ ਕਾਰਜਕਾਰਨੀ ਵਲੋਂ ਪਿਛਲੇ ਸੈਸ਼ਨ ਦੀ ਦੋ ਸਾਲਾ ਰੀਵੀਊ ਰਿਪੋਰਟ ਅਤੇ ਅਗਲੇ ਦੋ ਸਾਲ ਲਈ ਕਾਰਜ ਵਿਉਂਤਬੰਦੀ ਦਾ ਖਰੜਾ ਪੇਸ਼ ਕੀਤਾ ਗਿਆ। ਇਸ ਉੱਤੇ ਵੱਖ ਵੱਖ ਜੋਨਾਂ ਅਤੇ ਇਕਾਈਆਂ ਨਾਲ ਸੰਬੰਧਿਤ ਡੈਲੀਗੇਟਾਂ ਰਾਜਵੰਤ ਬਾਗੜੀਆਂ,ਮਾਸਟਰ ਪਰਮਵੇਦ ਸੰਗਰੂਰ,ਸੁਰਜੀਤ ਟਿੱਬਾ,ਜਸਵੰਤ ਜੀਰਖ,ਗੁਰਮੀਤ ਖਰੜ,ਰਾਮ ਕੁਮਾਰ ਪਟਿਆਲਾ, ਪ੍ਰਵੀਨ ਜੰਡਵਾਲਾ, ਭੂਰਾ ਸਿੰਘ ਮਹਿਮਾਸਰਜਾ, ਜੁਝਾਰ ਲੌਂਗੋਵਾਲ, ਗਗਨ ਰਾਮਪੁਰਾ,ਸੁਖਵਿੰਦਰ ਬਾਗਪੁਰ, ਮਾਸਟਰ ਜਗਦੀਸ਼, ਮੁਖਤਿਆਰ ਗੋਪਾਲਪੁਰ, ਕੁਲਵਿੰਦਰ ਨਗਾਰੀ, ਡਾ.ਮਜੀਦ ਅਤੇ ਅਜਾਇਬ ਜਲਾਲਆਣਾ , ਜਸਵੀਰ ਸੋਨੀ ਅਤੇ ਸਤਨਾਮ ਦਾਊਂ ਆਦਿ ਨੇ ਉਸਾਰੂ ਬਹਿਸ ਵਿੱਚ ਹਿੱਸਾ ਲੈਂਦਿਆਂ ਪੰਜਾਬ ਸਮੇਤ ਦੇਸ਼ ਵਿਚ ਦਿਨੋਂ ਦਿਨ ਵਧ ਰਹੇ ਅੰਧ ਵਿਸ਼ਵਾਸਾਂ, ਧਾਰਮਿਕ ਕੱਟੜਵਾਦ,ਡੇਰਾਵਾਦ,ਬਾਬਾਵਾਦ ਅਤੇ ਸਿੱਖਿਆ ਦੇ ਵਧ ਰਹੇ ਭਗਵੇਂਕਰਨ, ਵਪਾਰੀਕਰਨ ਅਤੇ ਫ਼ਿਰਕੂ ਫਾਸ਼ੀਵਾਦ ਦੇ ਖਿਲਾਫ਼ ਤਰਕਸ਼ੀਲ ਸੁਸਾਇਟੀ ਵਲੋਂ ਸਮਾਜ ਵਿਚ ਵਿਗਿਆਨਕ ਅਤੇ ਜਮਾਤੀ ਚੇਤਨਾ ਦੀ ਲਹਿਰ ਨੂੰ ਹੋਰ ਤੇਜੀ ਨਾਲ ਵਿਕਸਤ ਕਰਨ ਅਤੇ ਪੰਜਾਬ ਵਿੱਚ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਵਾਉਣ ਦੀ ਲੋੜ ਉੱਤੇ ਜੋਰ ਦਿੱਤਾ ਗਿਆ। ਸੂਬਾਈ ਕਾਰਜਕਾਰਣੀ ਵਲੋਂ ਡੈਲੀਗੇਟਾਂ ਦੇ ਸੁਝਾਵਾਂ ਨਾਲ ਇਤਫ਼ਾਕ ਰੱਖਦਿਆਂ ਲੋਕ ਪੱਖੀ ਸਮਾਜਿਕ ਅਤੇ ਸਭਿਆਚਾਰਕ ਤਬਦੀਲੀ ਲਈ ਸੁਸਾਇਟੀ ਦੀਆਂ ਇਕਾਈਆਂ ਅਤੇ ਜੋਨਾਂ ਨੂੰ ਹੋਰ ਵਧ ਸਰਗਰਮ ਕਰਨ ਅਤੇ ਇਸਦਾ ਘੇਰਾ ਹੋਰ ਵਿਸ਼ਾਲ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਜੰਤਰ ਮੰਤਰ ਦਿੱਲੀ ਵਿਖੇ ਜਿਨਸੀ ਸ਼ੋਸ਼ਣ ਦੇ ਖਿਲਾਫ ਧਰਨਾ ਦੇ ਰਹੇ ਮਹਿਲਾ ਪਹਿਲਵਾਨਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਨੂੰ ਸਹੀ ਅਤੇ ਜਲਦੀ ਇਨਸਾਫ਼ ਦੇਣ ਦੀ ਜੋਰਦਾਰ ਮੰਗ ਕੀਤੀ ਗਈ।ਇਸਦੇ ਇਲਾਵਾ ਐਨ ਸੀ ਈ ਆਰ ਟੀ ਦੇ ਸਿਲੇਬਸ ‘ਚੋਂ ਡਾਰਵਿਨ ਦੇ ਜੀਵ ਵਿਕਾਸ ਦੇ ਸਿਧਾਂਤ ਅਤੇ ਹੋਰਨਾਂ ਵਿਗਿਆਨਕ ਚੇਤਨਾ ਦੇ ਪਾਠਕ੍ਰਮਾਂ ਨੂੰ ਬਾਹਰ ਕੱਢਣ ਦੇ ਖਿਲਾਫ, ਲੋਕ ਵਿਰੋਧੀ ਕੌਮੀ ਸਿੱਖਿਆ ਨੀਤੀ 2020 ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly