ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਸੱਤਾ ਤਬਦੀਲੀ ਮਗਰੋਂ ਸੂਬਾਈ ਪੁਲੀਸ ਮੁਖੀ ਵੀਰੇਸ਼ ਕੁਮਾਰ ਭਾਵੜਾ ਦੇ ਹਾਲ ਦੀ ਘੜੀ ਅਹੁਦੇ ’ਤੇ ਬਣੇ ਰਹਿਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਮੁੱਖ ਸਕੱਤਰ ਅਨਿਰੁਧ ਤਿਵਾੜੀ ਅਤੇ ਸ੍ਰੀ ਭਾਵੜਾ ਨੂੰ ‘ਆਪ’ ਆਗੂਆਂ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਵਿਜੀਲੈਂਸ ਦੇ ਮੁਖੀ ਈਸ਼ਵਰ ਸਿੰਘ ਵੀ ਇਸ ਅਹੁਦੇ ’ਤੇ ਕਾਇਮ ਰਹਿ ਸਕਦੇ ਹਨ। ਸ੍ਰੀ ਭਾਵੜਾ ਦੀ ਨਿਯੁਕਤੀ ਕਾਂਗਰਸ ਸਰਕਾਰ ਵੱਲੋਂ ਸੰਘ ਲੋਕ ਸੇਵਾ ਕਮਿਸ਼ਨ ਦੇ ਪੈਨਲ ਵਿੱਚੋਂ ਚੋਣ ਜ਼ਾਬਤਾ ਲੱਗਣ ਵਾਲੇ ਦਿਨ 8 ਜਨਵਰੀ ਨੂੰ ਕੀਤੀ ਗਈ ਸੀ। ਇਸੇ ਤਰ੍ਹਾਂ ਸ੍ਰੀ ਤਿਵਾੜੀ ਦੀ ਨਿਯੁਕਤੀ ਵੀ ਚੰਨੀ ਸਰਕਾਰ ਵੱਲੋਂ ਕੀਤੀ ਗਈ ਸੀ, ਪਰ ਦੋਵੇਂ ਅਧਿਕਾਰੀ ਸਾਫ ਸੁਥਰੇ ਅਕਸ ਵਾਲੇ ਮੰਨੇ ਜਾਂਦੇ ਹਨ। ਲਿਹਾਜ਼ਾ ਸੱਤਾ ਤਬਦੀਲੀ ਦੇ ਬਾਵਜੂਦ ਸਿਵਲ ਤੇ ਪੁਲੀਸ ਪ੍ਰਸ਼ਾਸਨ ਵਿਚਲੇ ਸਿਖਰਲੇ ਅਹੁਦਿਆਂ ’ਤੇ ਤਬਦੀਲੀ ਦੇ ਫੈਸਲੇ ਤੋਂ ਹਾਲ ਦੀ ਘੜੀ ਹੱਥ ਪਿਛਾਂਹ ਖਿੱਚ ਲਏ ਗਏ ਹਨ।
ਸੂਤਰਾਂ ਦਾ ਦੱਸਣਾ ਹੈ ਕਿ ਸਿਵਲ ਤੇ ਪੁਲੀਸ ਅਧਿਕਾਰੀਆਂ ਦੇ ਕਿਰਦਾਰ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਪੁਣ-ਛਾਣ ਕੀਤੀ ਜਾਂਦੀ ਹੈ। ‘ਆਪ’ ਸਰਕਾਰ ਦੇ ਰਸਮੀ ਗਠਨ ਤੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਦੇ ਹਲਫ ਲੈਣ ਮਗਰੋਂ ਸਿਵਲ ਤੇ ਪੁਲੀਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਜਾਣਾ ਹੈ। ਪੁਲੀਸ ਵਿੱਚ ਵਧੀਕ ਡੀਜੀਪੀ ਪੱਧਰ ਅਤੇ ਸਿਵਲ ਅਫ਼ਸਰਾਂ ਵਿੱਚ ਪ੍ਰਮੁੱਖ ਸਕੱਤਰ ਰੈਂਕ ਦੇ ਅਫ਼ਸਰਾਂ ਦੇ ਤਬਾਦਲਿਆਂ ਸਬੰਧੀ ਸਰਕਾਰ ਵਿੱਚ ਵਿਚਾਰ ਚਰਚਾ ਜਾਰੀ ਹੈ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਪੱਧਰ ਦੇ ਅਫ਼ਸਰਾਂ ਦੇ ਤਬਾਦਲਿਆਂ ਸਬੰਧੀ ਵੀ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਚੰਗੇ ਅਹੁਦੇ ਹਥਿਆਉਣ ਲਈ ‘ਆਪ’ ਆਗੂਆਂ ’ਤੇ ਪੈਣ ਲੱਗੇ ਡੋਰੇ
ਪੁਲੀਸ ਅਧਿਕਾਰੀਆਂ ਵੱਲੋਂ ਚੰਗੇ ਅਹੁਦੇ ਹਥਿਆਉਣ ਲਈ ‘ਆਪ’ ਆਗੂਆਂ ’ਤੇ ਡੋਰੇ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹੀ ਨਹੀਂ ਆਈਜੀ ਰੈਂਕ ਦੇ ਤਿੰਨ ਅਧਿਕਾਰੀਆਂ ਦੀਆਂ ਪਤਨੀਆਂ ਵੱਲੋਂ ਵੀ ਆਪਣੇ ਪਤੀਆਂ ਦੇ ਅਹੁਦੇ ਬਚਾਉਣ ਲਈ ‘ਆਪ’ ਆਗੂਆਂ ਦੀਆਂ ਬੀਬੀਆਂ ਨਾਲ ਜੋੜ-ਤੋੜ ਕੀਤਾ ਜਾ ਰਿਹਾ ਹੈ। ਸੂਬੇ ਦੇ ਇੰਟੈਲੀਜੈਂਸ ਵਿੰਗ ਦੇ ਮੁਖੀ ਅਤੇ ਹੋਰਨਾਂ ਭਰੋਸੇਯੋਗ ਅਫ਼ਸਰਾਂ ਦੀਆਂ ਨਿਯੁਕਤੀਆਂ ਲਈ ਵੀ ‘ਆਪ’ ਆਗੂਆਂ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly