(ਸਮਾਜ ਵੀਕਲੀ)
ਬ੍ਰਹਮ ਦੀ ਬਾਣੀ ਗਾਉਣੀ ਏ ਔਖੀ,
ਪਹਿਲਾਂ ਜਰਾ ਸਰੰਦਾ ਪਰਖੀਂ।
ਸੱਚ ਦੀ ਰਾਹ ਤੇ ਤੁਰਨਾ ਚਾਹੁੰਨਾ?
ਪਹਿਲਾਂ ਲੱਗਦਾ ਚੰਦਾ ਪਰਖੀਂ।
ਸੱਚ ਤੇ ਝੂਠ ਜੇ ਪਰਖਣਾ ਚਾਹੁੰਨਾਂ
ਪਹਿਲਾਂ ਚੰਗਾ ਮੰਦਾ ਪਰਖੀਂ।
ਉੱਡਦਾ ਪੰਛੀ ਫਾਹੁਣ ਨੂੰ ਫਿਰਦਾਂ,
ਪਹਿਲਾਂ ਆਪਣਾ ਫੰਦਾ ਪਰਖੀਂ।
ਰਾਹ ਦੇ ਵਿੱਚ ਨਾ ਫੁੰਡਿਆ ਜਾਵੇ,
ਨਿਰਖ ਕੇ ਕੋਈ ਪਰਿੰਦਾ ਪਰਖੀਂ।
ਪੱਥਰ ਦੇ ਬੁੱਤ ਮੋਮ ਨੀ ਹੋਣੇ,
ਸੋਚ ਕੇ ਕੋਈ ਬਾਸ਼ਿੰਦਾ ਪਰਖੀਂ
ਭੀੜ ਪਈ ਤੇ ਛੱਡ ਜਾਵਣਗੇ,
ਮਿੱਤਰ ਕੋਈ ਚੁਨਿੰਦਾ ਈ ਪਰਖ਼ੀਂ।
ਮੁਜਰਮ ਤੱਕ ਵੀ ਪੁੱਜ ਜਾਵੇਗਾ,
ਰਲਿਆ ਕਿਹੜਾ ਕਰਿੰਦਾ ਪਰਖੀਂ।
ਸਾਡੇ ਜ਼ਖ਼ਮ ਰਿਸਾਉਣ ਨੂੰ ਫਿਰਦਾਂ,
ਪਹਿਲਾਂ ਆਪਣਾ ਰੰਦਾ ਪਰਖੀਂ।
ਹਰ ਬੰਦੇ ਵਿੱਚ ਪੰਜ ਸੱਤ ਬੰਦੇ,
ਬੰਦੇ ਅੰਦਰੋਂ ਬੰਦਾ ਪਰਖੀਂ।
ਦੌਲਤ, ਸ਼ੁਹਰਤ ਉੱਡਦੇ ਬੱਦਲ,
ਆਪਣਾ ਗੋਰਖ ਧੰਦਾ ਪਰਖੀਂ।
ਸਤਨਾਮ ਕੌਰ ਤੁਗਲਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly