ਮਾਨਸਾ (ਸਮਾਜ ਵੀਕਲੀ): ਬਰਨਾਲਾ ਦੇ ਜੇਲ੍ਹ ਪ੍ਰਸ਼ਾਸਨ ’ਤੇ ਸਜ਼ਾ ਕੱਟ ਰਹੇ ਇੱਕ ਕੈਦੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਉਸ ਦੀ ਪਿੱਠ ’ਤੇ ‘ਅਤਿਵਾਦੀ’ ਲਿਖਣ ਦੇ ਦੋਸ਼ ਲੱਗੇ ਹਨ। ਮਾਨਸਾ ਸੀਜੇਐੱਮ ਦੀ ਅਦਾਲਤ ਨੇ ਸੀਜੇਐੱਮ-ਕਮ-ਜੁਡੀਸ਼ੀਅਲ ਮੈਜਿਸਟਰੇਟ ਬਰਨਾਲਾ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ ਬਰਨਾਲਾ ਦੀ ਜੇਲ੍ਹ ਵਿੱਚ ਇੱਕ ਕੈਦੀ ਕਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬੱਲਮਗੜ੍ਹ (ਪਟਿਆਲਾ) ਸਜ਼ਾ ਕੱਟ ਰਿਹਾ ਹੈ। ਉਸ ਖ਼ਿਲਾਫ਼ ਥਾਣਾ ਸਦਰ ਮਾਨਸਾ ਵਿੱਚ ਵੀ ਸਾਲ 2020 ’ਚ ਐੱਨਡੀਸੀਪੀ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਮਾਮਲੇ ਵਿੱਚ ਬੁੱਧਵਾਰ ਨੂੰ ਕੈਦੀ ਕਰਮਜੀਤ ਸਿੰਘ ਨੂੰ ਬਰਨਾਲਾ ਜੇਲ੍ਹ ਤੋਂ ਮਾਨਸਾ ਦੀ ਸੀਜੇਐੱਮ ਅਤੁਲ ਕੰਬੋਜ ਦੀ ਅਦਾਲਤ ਵਿੱਚ ਪੇਸ਼ੀ ’ਤੇ ਲਿਆਂਦਾ ਗਿਆ। ਜਦੋਂ ਉਸ ਨੂੰ ਜੱਜ ਕੋਲ ਪੇਸ਼ ਕੀਤਾ ਗਿਆ ਤਾਂ ਕਰਮਜੀਤ ਸਿੰਘ ਨੇ ਬਰਨਾਲਾ ਜੇਲ੍ਹ ਪ੍ਰਸ਼ਾਸਨ ’ਤੇ ਉਸ ਦੀ ਅਤੇ ਹੋਰ ਕੈਦੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ।
ਉਸ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਉਸ ਨੂੰ ਗਰਮ ਸਰੀਏ ਨਾਲ ਕੁੱਟਿਆ ਗਿਆ ਤੇ ਉਸ ਦੀ ਪਿੱਠ ’ਤੇ ‘ਅਤਿਵਾਦੀ’ ਲਿਖ ਦਿੱਤਾ। ਉਸ ਨੇ ਅਦਾਲਤ ਵਿੱਚ ਹੀ ਕੱਪੜੇ ਉਤਾਰ ਕੇ ਪਿੱਠ ਪਿੱਛੇ ਲਿਖਿਆ ‘ਅਤਿਵਾਦੀ’ ਤੇ ਪਈਆਂ ਲਾਸਾਂ ਦਿਖਾਈਆਂ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ’ਚ ਪਾਠ ਵੀ ਨਹੀਂ ਕਰਨ ਦਿੱਤਾ ਜਾਂਦਾ।
ਕਰਮਜੀਤ ਸਿੰਘ ਦੇ ਵਕੀਲ ਵਜੋਂ ਅਦਾਲਤ ਵਿੱਚ ਪੇਸ਼ ਐਡਵੋਕੇਟ ਬਲਵੀਰ ਕੌਰ ਸਿੱਧੂ ਨੇ ਦੱਸਿਆ ਕਿ ਸੀਜੇਐੱਮ ਮਾਨਸਾ ਦੀ ਅਦਾਲਤ ਨੇ ਜੀਜੇਐੱਮ-ਕਮ-ਜੁਡੀਸ਼ਲ ਮੈਜਿਸਟਰੇਟ ਬਰਨਾਲਾ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਦੀ ਕੀਤੀ ਗਈ ਕੁੱਟਮਾਰ ਦੀ ਜਾਂਚ ਕਰਵਾਉਣ ਅਤੇ ਇਸ ਲਈ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੇ ਆਦੇਸ਼ ਕੀਤੇ ਹਨ। ਇਹ ਮਾਮਲਾ ਦੂਸਰੇ ਜ਼ਿਲ੍ਹੇ ਦਾ ਹੋਣ ਕਾਰਨ ਅਦਾਲਤ ਨੇ ਉਥੋਂ ਦੀ ਅਦਾਲਤ ਨੂੰ ਇਸ ਸਬੰਧੀ ਕਾਰਵਾਈ ਲਈ ਲਿਖਿਆ ਹੈ।
ਜੇਲ੍ਹ ਸੁਪਰਡੈਂਟ ਨੇ ਦੋਸ਼ ਨਕਾਰੇ
ਬਰਨਾਲਾ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਕੋਰਾ ਝੂਠ ਬੋਲ ਰਿਹਾ ਹੈ। ਇਸ ਵਿਅਕਤੀ ਖ਼ਿਲਾਫ਼ 12 ਪਰਚੇ ਦਰਜ ਹਨ। ਇੱਕ ਕਤਲ ਕੇਸ ਵਿੱਚ ਉਸ ਨੂੰ ਉਮਰ ਕੈਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਜੇਲ੍ਹ ਵਿੱਚ ਗੈਂਗ ਬਣਾ ਰਿਹਾ ਸੀ। ਉਸ ਕੋਲੋਂ ਕੁੱਝ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ, ਜਿਸ ਕਾਰਨ ਉਹ ਅਜਿਹੇ ਦੋਸ਼ ਲਗਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly