ਅਤਿਵਾਦ ਨੂੰ ਸ਼ਹਿ ਦੇਣ ਵਾਲੇ ਮੁਲਕਾਂ ਲਈ ਵੀ ਦਹਿਸ਼ਤਗਰਦੀ ਵੱਡਾ ਖਤਰਾ: ਮੋਦੀ

PM Modi inaugurates the Defence Office Complexes at Kasturba Gandhi Marg and Africa Avenue in Delhi.(photo:twitter)

 

  • ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਇਜਲਾਸ ਨੂੰ ਕੀਤਾ ਸੰਬੋਧਨ
  • ਪਾਕਿਸਤਾਨ ਅਤੇ ਚੀਨ ’ਤੇ ਅਸਿੱਧੇ ਤੌਰ ’ਤੇ ਕੀਤੇ ਹਮਲੇ
  • ਅਫ਼ਗਾਨਿਸਤਾਨ ਦੇ ਹਾਲਾਤ ਦਾ ਮੁਲਕਾਂ ਨੂੰ ਲਾਹਾ ਨਾ ਲੈਣ ਲਈ ਕਿਹਾ
  • ਅਫ਼ਗਾਨ ਲੋਕਾਂ ਦੀ ਸਹਾਇਤਾ ਲਈ ਦੁਨੀਆ ਨੂੰ ਅੱਗੇ ਆਉਣ ’ਤੇ ਦਿੱਤਾ ਜ਼ੋਰ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਿਹੜੇ ਮੁਲਕ ਅਤਿਵਾਦ ਦੀ ‘ਸਿਆਸੀ ਜੁਗਤ’ ਵਜੋਂ ਵਰਤੋਂ ਕਰ ਰਹੇ ਹਨ, ਉਹ ਸਮਝ ਲੈਣ ਕੇ ਅਤਿਵਾਦ ਦਾ ਖ਼ਤਰਾ ਉਨ੍ਹਾਂ ਸਿਰ ਵੀ ਮੰਡਰਾ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਗੁਆਂਢੀ ਮੁਲਕ ਪਾਕਿਸਤਾਨ ’ਤੇ ਅਸਿੱਧੇ ਤੌਰ ’ਤੇ ਹਮਲਾ ਕੀਤਾ ਹੈ ਜਿਸ ’ਤੇ ਅਕਸਰ ਇਹ ਦੋਸ਼ ਲਗਦੇ ਰਹੇ ਹਨ ਕਿ ਉਹ ਅਤਿਵਾਦੀਆਂ ਨੂੰ ਸੁਰੱਖਿਅਤ ਪਨਾਹ ਦਿੰਦਾ ਆ ਰਿਹਾ ਹੈ। ਸ੍ਰੀ ਮੋਦੀ ਨੇ ਪੂਰੀ ਦੁਨੀਆ ’ਚ ਕਾਨੂੰਨ ਆਧਾਰਿਤ ਨੇਮ ਰਲ ਕੇ ਲਾਗੂ ਕਰਨ ਦਾ ਹੋਕਾ ਦਿੱਤਾ।

ਉਨ੍ਹਾਂ ਸਿੱਧੇ ਤੌਰ ’ਤੇ ਚੀਨ ਨੂੰ ਲੰਮੇ ਹੱਥੀਂ ਲਿਆ ਹੈ ਜੋ ਹਿੰਦ ਪ੍ਰਸ਼ਾਂਤ ਖ਼ਿੱਤੇ ’ਚ ਆਪਣੀ ਫ਼ੌਜੀ ਤਾਕਤ ਵਧਾ ਰਿਹਾ ਹੈ। ਦੁਨੀਆ ’ਚ ਪੱਛੜੀ ਸੋਚ ਅਤੇ ਅਤਿਵਾਦ ਦੀ ਵਧ ਰਹੀ ਚੁਣੌਤੀ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ,‘‘ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਅਤਿਵਾਦ ਫੈਲਾਉਣ ਅਤੇ ਅਤਿਵਾਦੀ ਸਰਗਰਮੀਆਂ ਲਈ ਵਰਤੋਂ ਨਾ ਹੋਵੇ। ਕੋਈ ਵੀ ਮੁਲਕ ਅਫ਼ਗਾਨਿਸਤਾਨ ਦੇ ਨਾਜ਼ੁਕ ਹਾਲਾਤ ਦਾ ਲਾਹਾਲੈਣ ਦੀ ਕੋਸ਼ਿਸ਼ ਨਾ ਕਰੇ ਅਤੇ ਆਪਣੇ ਸੌੜੇ ਹਿੱਤਾਂ ਲਈ ਇਸ ਦੀ ਵਰਤੋਂ ਨਾ ਕਰੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਗਰ ਸਾਰਿਆਂ ਦੀ ਸਾਂਝੀ ਵਿਰਾਸਤ ਹੈ।

‘ਸਾਡੇ ਸਾਗਰ ਕੌਮਾਂਤਰੀ ਵਪਾਰ ਦੀ ਜੀਵਨ ਰੇਖਾ ਵੀ ਹਨ। ਸਾਨੂੰ ਵਿਸਥਾਰਵਾਦ ਦੀ ਦੌੜ ਤੋਂ ਇਨ੍ਹਾਂ ਨੂੰ ਸੁਰੱਖਿਅਤ ਰਖਣਾ ਚਾਹੀਦਾ ਹੈ। ਕੌਮਾਂਤਰੀ ਭਾਈਚਾਰੇ ਨੂੰ ਕਾਨੂੰਨ ਆਧਾਰਿਤ ਪ੍ਰਬੰਧ ਦੀ ਮਜ਼ਬੂਤੀ ਲਈ ਇਕ ਸੁਰ ’ਚ ਬੋਲਣਾ ਚਾਹੀਦਾ ਹੈ।’’ ਆਪਣੇ ਭਾਸ਼ਣ ਦੌਰਾਨ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਨੂੰ ਜੰਗ ਪ੍ਰਭਾਵਿਤ ਅਫ਼ਗਾਨਿਸਤਾਨ ਦੀ ਮਦਦ ਕਰਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਜਿਥੇ ਮਹਿਲਾਵਾਂ, ਬੱਚਿਆਂ ਅਤੇ ਘੱਟਗਿਣਤੀਆਂ ਨੂੰ ਜ਼ਿਆਦਾ ਖ਼ਤਰਾ ਹੈ।

ਹੋਰ ਮੁਲਕਾਂ ਨੂੰ ਕਰੋਨਾ ਵੈਕਸੀਨ ਦੇਣ ਦਾ ਅਹਿਦ ਦੁਹਰਾਇਆ: ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਦੁਨੀਆ ਭਰ ’ਚ ਕਰੋਨਾਵਾਇਰਸ ਮਹਾਮਾਰੀ ਕਾਰਨ ਹੋਈਆਂ ਮੌਤਾਂ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਭਾਰਤ ਵੱਲੋਂ ਹੋਰ ਮੁਲਕਾਂ ਦੇ ਲੋੜਵੰਦਾਂ ਨੂੰ ਵੈਕਸੀਨ ਦੇਣ ਦਾ ਅਹਿਦ ਦੁਹਰਾਇਆ। ਉਨ੍ਹਾਂ ਵੈਕਸੀਨ ਨਿਰਮਾਤਾਵਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ’ਚ ਆ ਕੇ ਵੈਕਸੀਨ ਬਣਾਉਣ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ ਪੂਰੀ ਦੁਨੀਆ ’ਚ 100 ਸਾਲਾਂ ਦੀ ਸਭ ਤੋਂ ਵੱਡੀ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

‘ਮੈਂ ਇਸ ਭਿਆਨਕ ਮਹਾਮਾਰੀ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਾ ਹਾਂ।’ ਉਨ੍ਹਾਂ ਕਿਹਾ ਕਿ ਕੋਵਿਨ ਐਪ ਲੱਖਾਂ ਲੋਕਾਂ ਨੂੰ ਇਕ ਦਿਨ ’ਚ ਵੈਕਸੀਨ ਦੀਆਂ ਖੁਰਾਕਾਂ ਦੇਣ ’ਚ ਸਹਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਸੇਵਾ ਪਰਮ ਧਰਮ’ ਦਾ ਪਾਲਣ ਕਰਦਿਆਂ ਸੀਮਤ ਸਰੋਤਾਂ ਦੇ ਬਾਵਜੂਦ ਟੀਕਾਕਰਨ ਦੇ ਵਿਕਾਸ ਅਤੇ ਉਤਪਾਦਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆ ਦੀ ਪਹਿਲੀ ਡੀਐੱਨਏ ਵੈਕਸੀਨ ਵਿਕਸਤ ਕੀਤੀ ਹੈ ਜੋ 12 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਲਾਈ ਜਾ ਸਕਦੀ ਹੈ।

ਚਾਹ ਵੇਚਣ ਵਾਲੇ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਦੇ ਸਫ਼ਰ ਨੂੰ ਕੀਤਾ ਯਾਦ: ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਮੁਲਕ ਦੀ ਨੁਮਾਇੰਦਗੀ ਕਰ ਰਹੇ ਹਨ ਜਿਸ ਨੂੰ ਜਮਹੂਰੀਅਤ ਦੀ ਜਨਨੀ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਰੇਲਵੇ ਸਟੇਸ਼ਨ ’ਤੇ ਚਾਹ ਵੇਚਣ ਵਾਲੇ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦੇ ਆਪਣੇ ਸਫ਼ਰ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਦੀ ਜਮਹੂਰੀਅਤ ਦੀ ਤਾਕਤ ਹੀ ਹੈ ਕਿ ਉਹ ਇੰਨੇ ਵੱਡੇ ਅਹੁਦੇ ’ਤੇ ਪਹੁੰਚੇ ਹਨ। ‘ਸਾਡੀ ਅਨੇਕਤਾ ਹੀ ਮਜ਼ਬੂਤ ਲੋਕਤੰਤਰ ਦੀ ਪਛਾਣ ਹੈ। ਭਾਰਤ ਅਜਿਹਾ ਮੁਲਕ ਹੈ ਜਿਥੇ ਦਰਜਨਾਂ ਭਾਸ਼ਾਵਾਂ, ਸੈਂਕੜੇ ਬੋਲੀਆਂ, ਵੱਖ ਵੱਖ ਜੀਵਨ ਸ਼ੈਲੀਆਂ ਅਤੇ ਵਿਅੰਜਣ ਹਨ।’

ਉਨ੍ਹਾਂ ਕਿਹਾ ਕਿ ਮੁਲਕ ਦੇ ਲੋਕਤੰਤਰ ਦੀ ਮਜ਼ਬੂਤੀ ਇਸ ਗੱਲੋਂ ਜ਼ਾਹਿਰ ਹੁੰਦੀ ਹੈ ਕਿ ਇਕ ਬੱਚਾ ਜੋ ਕਦੇ ਆਪਣੇ ਪਿਤਾ ਦੀ ਰੇਲਵੇ ਸਟੇਸ਼ਨ ’ਤੇ ਚਾਹ ਦੇ ਖੋਖੇ ’ਤੇ ਮਦਦ ਕਰਦਾ ਸੀ, ਉਹ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਚੌਥੀ ਵਾਰ ਸੰਬੋਧਨ ਕਰ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਮੁਲਕ ਦੇ ਲੋਕਾਂ ਦੀ ਸੇਵਾ ਕਰਦਿਆਂ ਉਨ੍ਹਾਂ ਨੂੰ ਛੇਤੀ ਹੀ 20 ਸਾਲ ਹੋਣ ਜਾ ਰਹੇ ਹਨ। ‘ਪਹਿਲਾਂ ਮੈਂ ਗੁਜਰਾਤ ਦਾ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਿਹਾ ਅਤੇ ਹੁਣ ਪਿਛਲੇ ਸੱਤ ਸਾਲਾਂ ਤੋਂ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾ ਰਿਹਾ ਹਾਂ।’

ਮੋਦੀ ਭਾਰਤ ਲਈ ਰਵਾਨਾ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦਾ ਆਪਣਾ ਤਿੰਨ ਰੋਜ਼ਾ ਦੌਰਾ ਮੁਕੰਮਲ ਕਰ ਕੇ ਸ਼ਨਿਚਰਵਾਰ ਭਾਰਤ ਲਈ ਰਵਾਨਾ ਹੋ ਗਏ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 27 ਤਰੀਕ ਨੂੰ ਭਾਰਤ ਬੰਦ ਤੇ 29 ਤਰੀਕ ਨੂੰ ਕਪੂਰਥਲਾ ਡੀ ਸੀ ਦਫ਼ਤਰ ਦਾ ਘਿਰਾਓ ਤੇ 30 ਨੂੰ ਰੇਲਾਂ ਦਾ ਚੱਕਾ ਜਾਮ ਦਾ ਸੱਦਾ
Next articleHimachal made great progress in 50 years of statehood: Goyal