ਪਟਿਆਲਾ (ਸਮਾਜ ਵੀਕਲੀ): ਪਟਿਆਲਾ ਵਿਚਲੇ ਸਮੂਹ ਅੱਠ ਵਿਧਾਨ ਸਭਾ ਹਲਕਿਆਂ ’ਚ ਪ੍ਰਮੁੱਖ ਰਾਜਸੀ ਪਾਰਟੀਆਂ (ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ) ਦੇ 24 ਉਮੀਦਵਾਰ ਹਨ ਜਿਨ੍ਹਾਂ ਵਿਚੋਂ ਤੀਜਾ ਹਿੱਸਾ ਅਜਿਹੇ ਉਮੀਦਵਾਰ ਹਨ, ਜੋ ਦਸਵੀਂ ਜਾਂ 12ਵੀਂ ਹੀ ਹਨ। ਇਨ੍ਹਾਂ ਵਿੱਚੋਂ ਤਿੰਨ ਤਾਂ ਅੰਡਰ ਮੈਟ੍ਰਿਕ ਹੀ ਹਨ। ਇਸ ਤਰ੍ਹਾਂ ਇੱਥੇ ਵੱਖ ਵੱਖ ਹਲਕਿਆਂ ਤੋਂ ਚੋਣ ਮੈਦਾਨ ’ਚ ਉੱਤਰੇ ਇਨ੍ਹਾਂ ਉਮੀਦਵਾਰਾਂ ਵਿਚੋਂ ਕਈ ਅਜਿਹੇ ਹਨ, ਜਿਨ੍ਹਾਂ ਕਦੇ ਕਾਲਜ ਦਾ ਮੂੰਹ ਤੱਕ ਨਹੀਂ ਵੇਖਿਆ। ਘੱਟ ਵਿੱਦਿਅਕ ਯੋਗਤਾ ਵਾਲ਼ੇ ਇਨ੍ਹਾਂ ਉਮੀਦਵਾਰਾਂ ’ਚ ਸਭ ਤੋਂ ਵੱਧ (62 ਫੀਸਦੀ) ਗਿਣਤੀ ਕੁਝ ਸਾਲ ਪਹਿਲਾਂ ਨਵੀਂ ਸਥਾਪਤ ਹੋਈ ਆਮ ਆਦਮੀ ਪਾਰਟੀ (ਆਪ) ਦੇ ਹਨ। ‘ਆਪ’ ਦੇ ਸਥਾਨਕ 8 ਉਮੀਦਵਾਰਾਂ ਵਿਚੋਂ ਇੱਕ ਦਸਵੀਂ ਅਤੇ ਚਾਰ ਬਾਰ੍ਹਵੀਂ ਪਾਸ ਹਨ। ਉਂਜ ਇੱਕ ‘ਆਪ’ ਉਮੀਦਵਾਰ ਨੇ ਮੈਡੀਕਲ ਲਾਈਨ ਨਾਲ ਸਬੰਧਤ ਐੱਮਡੀ ਕੀਤੀ ਹੈ। ਉਹ ਆਈ ਸਰਜਨ (ਅੱਖਾਂ ਦਾ ਮਾਹਿਰ) ਹੈ। ਇੱਕ ਹੋਰ ‘ਆਪ’ ਉਮੀਦਵਾਰ ਐੱਮਏ ਇੰਗਲਿਸ਼ ਹੈ। ਉੱਧਰ ਸ਼੍ਰੋਮਣੀ ਅਕਾਲੀ ਦਲ 8 ਵਿਚੋਂ ਦੋ ਉਮੀਦਵਾਰ ਬਾਰ੍ਹਵੀਂ ਪਾਸ ਹਨ ਜਦਕਿ ਇੱਕ (ਪ੍ਰੇਮ ਸਿੰਘ ਚੰਦੂਮਾਜਰਾ) ਡਬਲ ਐੱਮਏ ਹਨ। ਤਿੰਨ ਬੀਏ ਅਤੇ ਦੋ ਐੱਲਐੱਲਬੀ ਹਨ।
ਕਾਂਗਰਸ ਉਮੀਦਵਾਰਾਂ ਵਿਚੋਂ ਕੁਝ ਅੰਡਰ-ਮੈਟ੍ਰਿਕ ਹਨ ਜਦਕਿ ਇੱਕ (ਦਰਬਾਰਾ ਸਿੰਘ) ਐੱਮਫਿਲ ਹਨ। ਦੋ ਗਰੈਜੂਏਟ ਅਤੇ ਦੋ ਐੱਲਐੱਲਬੀ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly