ਸ਼ਿਵਾਮੋਗਾ (ਸਮਾਜ ਵੀਕਲੀ): ਕਰਨਾਟਕ ਦੇ ਸ਼ਿਵਾਮੋਗਾ ’ਚ ਬਜਰੰਗ ਦਲ ਦੇ ਕਾਰਕੁਨ ਹਰਸ਼ਾ (23) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅੱਜ ਜਦੋਂ ਉਸ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਜਾ ਰਿਹਾ ਸੀ ਤਾਂ ਹਿੰਸਾ ਭੜਕ ਗਈ। ਹਿੰਸਾ ਕਾਰਨ ਫੋਟੋ ਪੱਤਰਕਾਰ ਅਤੇ ਮਹਿਲਾ ਪੁਲੀਸ ਕਰਮੀ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਐਤਵਾਰ ਨੂੰ ਹਰਸ਼ਾ ਦੀ ਹੋਈ ਹੱਤਿਆ ਦੇ ਸਬੰਧ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਕਾਰ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬਾਕੀ ਸ਼ੱਕੀਆਂ ਨੂੰ ਵੀ ਛੇਤੀ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗ੍ਰਹਿ ਮੰਤਰੀ ਅਰਗਾ ਗਿਆਨੇਂਦਰ ਨੇ ਕਿਹਾ ਕਿ ਹੱਤਿਆ ’ਚ ਚਾਰ-ਪੰਜ ਹਮਲਾਵਰਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ।
ਹਰਸ਼ਾ ਦੀ ਦੇਹ ਨੂੰ ਹਸਪਤਾਲ ਤੋਂ ਅੰਤਿਮ ਸੰਸਕਾਰ ਲਈ ਭਾਰੀ ਸੁਰੱਖਿਆ ਹੇਠ ਲਿਜਾਇਆ ਜਾ ਰਿਹਾ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਪਥਰਾਅ ਕਰ ਦਿੱਤਾ। ਇਸ ਦੌਰਾਨ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਕੁਝ ਦੁਕਾਨਾਂ ਅਤੇ ਹੋਰ ਵਾਹਨਾਂ ਦੀ ਭੰਨ-ਤੋੜ ਵੀ ਕੀਤੀ ਗਈ। ਇਸ ਤੋਂ ਪਹਿਲਾਂ ਇਲਾਕੇ ’ਚ ਤਣਾਅ ਮਗਰੋਂ ਪੁਲੀਸ ਨੇ ਦੋ ਦਿਨਾਂ ਲਈ ਪਾਬੰਦੀਆਂ ਆਇਦ ਕਰਦਿਆਂ ਸੋਮਵਾਰ ਨੂੰ ਸਕੂਲਾਂ ਅਤੇ ਕਾਲਜਾਂ ’ਚ ਛੁੱਟੀ ਕਰ ਦਿੱਤੀ ਸੀ। ਪੁਲੀਸ ਮੁਤਾਬਕ ਹਰਸ਼ਾ ’ਤੇ ਭਾਰਤੀ ਕਾਲੋਨੀ ਦੀ ਰਵੀ ਵਰਮਾ ਲੇਨ ’ਚ ਐਤਵਾਰ ਨੂੰ ਹਮਲਾ ਹੋਇਆ ਸੀ। ਉਸ ਨੂੰ ਮੈਕਗਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ ਸੀ। ਸ਼ਿਵਾਮੋਗਾ ਤੋਂ ਵਿਧਾਇਕ ਅਤੇ ਦਿਹਾਤੀ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਕੇ ਐੱਸ ਈਸ਼ਵਰੱਪਾ ਨੇ ਦੋਸ਼ ਲਾਇਆ ਕਿ ‘ਮੁਸਲਮਾਨ ਗੁੰਡਿਆਂ’ ਨੇ ਇਹ ਕਾਰਾ ਕੀਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਹੁਣੇ ਜਿਹੇ ਭੜਕਾਊ ਬਿਆਨ ਦਿੱਤਾ ਸੀ ਜਿਸ ਮਗਰੋਂ ਮੁਸਲਿਮ ਗੁੰਡਿਆਂ ਨੇ ਇਹ ਕਾਰਵਾਈ ਕੀਤੀ ਹੈ। ਸ਼ਿਵਾਮੋਗਾ ਦੇ ਡਿਪਟੀ ਕਮਿਸ਼ਨਰ ਸੇਲਵਾਮਨੀ ਨੇ ਕਿਹਾ ਕਿ ਦੋ ਦਿਨਾਂ ਲਈ ਸ਼ਹਿਰ ’ਚ ਦਫ਼ਾ 144 ਲਾਗੂ ਕਰ ਦਿੱਤੀ ਗਈ ਹੈ। ਵਧੀਕ ਡੀਜੀਪੀ ਮੁਰੂਗਨ ਨੇ ਕਿਹਾ ਕਿ ਉਹ ਹਾਲਾਤ ਕਾਬੂ ਹੇਠ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਪਤੀ ਨੂੰ ਨੁਕਸਾਨ ਸਬੰਧੀ ਵੱਖਰੇ ਕੇਸ ਦਰਜ ਕੀਤੇ ਜਾਣਗੇ ਅਤੇ ਜੋ ਵੀ ਉਸ ’ਚ ਸ਼ਾਮਲ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਪੁਲੀਸ ਨੂੰ ਹਦਾਇਤਾਂ ਕੀਤੀਆਂ ਹਨ ਕਿ ਕਿਤੇ ਵੀ ਅਸੁਖਾਵੀਂ ਘਟਨਾ ਨਾ ਵਾਪਰੇ। ਸ੍ਰੀ ਰਾਮ ਸੈਨਾ ਦੇ ਕਨਵੀਨਰ ਪ੍ਰਮੋਦ ਮੁਤਾਲਿਕ ਨੇ ਪੀਪਲਜ਼ ਫਰੰਟ ਆਫ਼ ਇੰਡੀਆ ਅਤੇ ਸੋਸ਼ਲ ਡੈਮੋਕਰੈਟਿਕ ਪਾਰਟੀ ਆਫ਼ ਇੰਡੀਆ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly