ਵਿਅੰਗ
(ਸਮਾਜ ਵੀਕਲੀ) ਮੰਤਰਾਲੇ ਵਲੋਂ ਨਵਾਂ ਮਜ਼ਬੂਤ ਤੇ ਵਧੀਆ ਡੀਜਾਇਨਦਾਰ ਓਵਰ ਬਰਿੱਜ ਬਣਾਉਣ ਦਾ ਟੈਂਡਰ ਪਾਸ ਕਰਨ ਲਈ ਵੱਖ ਵੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ,ਅਤੇ ਨਾਲ਼ ਹੀ ਦੱਸਿਆ ਗਿਆ ਕਿ ਇਸ ਕੰਮ ਲਈ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਦੇ ਇੰਜਨੀਅਰ ਵੀ ਠੇਕਾ ਲੈ ਸਕਦੇ ਹਨ ਤੇ ਟੈਂਡਰ ਦੇ ਵੇਰਵੇ ਗੁਪਤ ਰੱਖੇ ਜਾਣਗੇ ਤੇ ਮੰਤਰਾਲੇ ਦਾ ਫ਼ੈਸਲਾ ਅੰਤਿਮ ਹੋਵੇਗਾ। ਕੁੱਝ ਦਿਨਾਂ ਵਿੱਚ ਹੀ ਕਾਫੀ ਅਰਜ਼ੀਆਂ ਪ੍ਰਾਪਤ ਹੋਈਆਂ ਜਿਸ ਵਿੱਚ ਪਾਕਿਸਤਾਨ,ਅਮਰੀਕਾ ਅਤੇ ਭਾਰਤ ਦੇ ਕਿਸੇ ਇੱਕ ਮੰਤਰੀ ਦੀ ਕੰਪਨੀ ਦੇ ਚਹੇਤੇ ਇੰਜਨੀਅਰ ਵੀ ਸ਼ਾਮਲ ਸਨ।ਤੈਅ ਕੀਤੀ ਤਰੀਕ ਨੂੰ ਮੰਤਰਾਲੇ ਦਾ ਵੱਡਾ ਪ੍ਰੋਜੈਕਟ ਅਧਿਕਾਰੀ ਬਿਨੈਕਾਰਾਂ ਨਾਲ਼ ਗਲਬਾਤ ਕਰਕੇ ਟੈਂਡਰ ਨੂੰ ਆਖਰੀ ਰੂਪ ਦੇਣ ਲਈ ਹਾਜ਼ਰ ਹੋਇਆ ਤੇ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਇੰਜਨੀਅਰ ਨੂੰ ਬੁਲਾ ਕੇ ਪੁੱਛਿਆ ਕਿ ਤੁਸੀਂ ਇਸ ਬ੍ਰਿਜ ਨੂੰ ਕਿੰਨੇ ਪੈਸਿਆਂ ਵਿੱਚ ਤਿਆਰ ਕਰੋਗੇ ਤਾਂ ਪਾਕਿਸਤਾਨੀ ਇੰਜਨੀਅਰ ਬੋਲਿਆ”ਜਨਾਬ ਦਸ ਲੱਖ ਰੁਪਏ ਵਿੱਚ ਬਿਲਕੁਲ ਤਿਆਰ ਕਰ ਦਿੱਤਾ ਜਾਵੇਗਾ”ਤਾਂ ਅਧਿਕਾਰੀ ਨੇ ਪੁੱਛਿਆ ਖਰਚੇ ਦੇ ਅਨੁਮਾਨਿਤ ਵੇਰਵੇ ਦਿਓ” ਤਾਂ ਪਾਕਿਸਤਾਨੀ ਇੰਜਨੀਅਰ ਬੋਲਿਆ” ਜਨਾਬ ਪੰਜ ਲੱਖ ਦਾ ਮਟੀਅਰਲ, ਤਿੰਨ ਲੱਖ ਦੀ ਲੇਬਰ ਤੇ ਦੋ ਲੱਖ ਸਾਡਾ ਮੁਨਾਫ਼ਾ”ਅਧਿਕਾਰੀ ਬੋਲਿਆ ਠੀਕ ਹੈ ਤੁਸੀਂ ਬਾਹਰ ਬੈਠੋ। ਫਿਰ ਵਾਰੀ ਆਈ ਅਮਰੀਕਨ ਇੰਜੀਨੀਅਰ ਦੀ ਉਸ ਨੂੰ ਵੀ ਉਹੀ ਸਵਾਲ ਕੀਤੇ ਗਏ,ਉਹ ਕਹਿੰਦਾ ਜਨਾਬ ਇਹ ਪ੍ਰੋਜੈਕਟ ਪੰਦਰਾਂ ਲੱਖ ਵਿੱਚ ਬਿਲਕੁਲ ਤਿਆਰ ਹੋ ਜਾਵੇਗਾ, ਜਿਸ ਵਿੱਚ ਸੱਤ ਲੱਖ ਦਾ ਮਟੀਅਰਲ ਚਾਰ ਲੱਖ ਲੇਬਰ ਤੇ ਚਾਰ ਲੱਖ ਸਾਡੀ ਕੰਪਨੀ ਦਾ ਮੁਨਾਫ਼ਾ “ਅਖੀਰ ਤੇ ਵਾਰੀ ਆਈ ਭਾਰਤੀ ਕੰਪਨੀ ਦੇ ਇੰਜਨੀਅਰ ਦੀ ਉਸ ਨੂੰ ਵੀ ਓਹੀ ਸੁਆਲ ਦੁਹਰਾਏ ਗਏ”ਤਾਂ ਉਸ ਨੇ ਜੁਆਬ ਦਿੱਤਾ” ਕਿ ਜਨਾਬ ਤੁਸੀਂ ਬਿਲਕੁਲ ਬੇਫ਼ਿਕਰ ਹੋ ਜਾਓ ਇਸ ਕੰਮ ਨੂੰ ਤੀਹ ਲੱਖ ਰੁਪਏ ਵਿੱਚ ਬਹੁਤ ਸ਼ਾਨਦਾਰ ਤਰੀਕੇ ਨਾਲ਼ ਨੇਪਰੇ ਚਾੜ੍ਹ ਦਿੱਤਾ ਜਾਵੇਗਾ” ਤਾਂ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਕੰਪਨੀ ਦਸ ਲੱਖ ਵਿੱਚ ਤੇ ਅਮਰੀਕੀਨ ਕੰਪਨੀ ਇਸ ਕੰਮ ਨੂੰ ਪੰਦਰਾਂ ਲੱਖ ਵਿੱਚ ਪੂਰਾ ਕਰਨ ਲਈ ਤਿਆਰ ਹਨ ਤਾਂ ਤੁਸੀਂ ਤੀਹ ਲੱਖ ਕਿਵੇਂ ਅਤੇ ਕਿੱਥੇ ਖਰਚੋਗੇ ਇਸ ਦਾ ਵੇਰਵਾ ਦਿਓ! ਤਾਂ ਭਾਰਤੀ ਕੰਪਨੀ ਦਾ ਇੰਜਨੀਅਰ ਬੋਲਿਆ” ਕਿ ਜਨਾਬ ਦਸ ਲੱਖ ਤੁਹਾਡਾ, ਦਸ ਲੱਖ ਮੰਤਰੀ ਸਾਹਿਬ ਦੀ ਕੰਪਨੀ ਦਾ ਅਤੇ ਬਾਕੀ ਦੇ ਦਸ ਲੱਖ ਰੁਪਏ ਦਾ ਪਾਕਿਸਤਾਨੀ ਕੰਪਨੀ ਨੂੰ ਠੇਕਾ ਦੇ ਕੇ ਉਸ ਤੋਂ ਸਾਰਾ ਪ੍ਰੋਜੈਕਟ ਮੁਕੰਮਲ ਕਰਵਾ ਲਿਆ ਜਾਵੇਗਾ, ਉਹ ਆਪੇ ਮੱਥਾ ਮਾਰੀ ਜਾਣਗੇ। ਇਹ ਵੇਰਵੇ ਸੁਣ ਕੇ ਪ੍ਰੋਜੈਕਟ ਅਧਿਕਾਰੀ ਹੈਰਾਨੀ ਤੇ ਖੁਸ਼ੀ ਨਾਲ਼ ਖੀਵਾ ਹੁੰਦਾ ਹੋਇਆ ਬੋਲਿਆ ਕਿ” ਤੁਹਾਡੇ ਵੇਰਵੇ ਉੱਚਿਤ ਤੇ ਵਾਜਿਬ ਹਨ ਇਸ ਲਈ ਤੁਹਾਡੇ ਨਾਲ ਟੈਂਡਰ ਪੱਕਾ ਕੀਤਾ ਜਾਂਦਾ ਹੈ ਤੇ “ਭਾਰਤ ਮਾਤਾ ਕੀ ਜੈ” ਦਾ ਨਾਹਰਾ ਲਾ ਕੇ ਫ਼ਾਇਲ ਉੱਤੇ ਦਸਤਖਤ ਕਰ ਦਿੱਤੇ। ਅਤੇ ਫਾਈਲ ਉੱਤੇ ਮੋਟੇ ਅੱਖਰਾਂ ਵਿੱਚ ਲਿਖ ਦਿੱਤਾ । ਜੈ ਹਿੰਦ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਪੰਜਾਬ
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



