(ਸਮਾਜ ਵੀਕਲੀ)
ਬਿੱਕਰ ਨੰਬਰਦਾਰ ਜ਼ਿੰਦਗੀ ਤੋਂ ਤੰਗ ਆ ਗਿਆ। ਬੱਤੀ ਕੁ ਸਾਲ ਦਾ ਜਵਾਨ ਇਸ ਜਹਾਨ ਤੋਂ ਤੁਰ ਜਾਣ ਲਈ ਕਾਹਲੀ ਕਰਨ ਲੱਗ ਪਿਆ। ਆਪਣੇ ਘਰ ਪਰਿਵਾਰ ਨੂੰ ਆਪਣੀ ਜਾਣ ‘ਚ ਆਖ਼ਰੀ ਵਾਰ ਦੇਖ ਕੇ ਅਣਜਾਣ ਰਾਹ ਤੇ ਤੁਰਨ ਦੀ ਇੱਛਾ ‘ਚ ਉਹ ਘਰੋਂ ਤੁਰ ਪਿਆ।
ਘਰੋਂ ਬਾਹਰ ਆ ਕੇ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ,” ਬਾਪੂ ਕੋਲ ਵੀਹ ਕਿੱਲੇ ਜ਼ਮੀਨ ਐ। ਮੇਰੇ ਹਿੱਸੇ ਦਸ ਕਿੱਲੇ ਤਾਂ ਆਏ ….। ਮੇਰੇ ਦਸ, ਛੋਟੇ ਦੇ ਦਸ।
ਚੱਲ ਆਪਦਾ ਹਿੱਸਾ ਰੱਖ ਲੇ …. ਚੱਲ ਯਰ ਬੀਬੀ ਦਾ ਵੀ ਹਿੱਸਾ ਰੱਖ ਲੇ !!
ਪੰਜ ਕਿੱਲੇ ਤਾਂ ਮੈਨੂੰ ਦੇਵੇ ! ਹੁਣ ਅੱਡ ਤਾਂ ਕਰਤਾ ਮੈਂ, ਜ਼ਮੀਨ ਬਿਨਾਂ ਮੈਂ ਕਰਾਂ ਕੀ ….??ਘਰਆਲੀ ਤੇ ਜਵਾਕ ਨੂੰ ਕਿੱਥੋਂ ਖਵਾਊਂਗਾ…..?? ਇਹ ਭੈਣ.. ਕਹਿੰਦੇ ਨੇ ਜਿੰਨਾ ਚਿਰ ਅਸੀਂ ਜਿਉਨੇ ਆ, ਜ਼ਮੀਨ ਸਾਡੀ; ਸਾਥੋਂ ਮਗਰੋਂ ਥੋਡੀ ਦੋਹਾਂ ਭਾਈਆਂ ਦੀ ਅੱਧੋ ਅੱਧ …..!
ਓਇ ਕੰਜਰਦਿਓ …. ਜਦੋਂ ਵਿਆਹ ਕਰਨ ਲੱਗੇ ਤੀ, ਉਦੋਂ ਦਸਦੇ ਵੀ ਭਾਈ ਜੇ ਅੱਡ ਕਰਿਆ ਤਾਂ ਇਹਨੂੰ ਅਸੀਂ ਖੁੱਡ ਜ਼ਮੀਨ ਨੀ ਦਿੰਦੇ ……!” ਬਿੱਕਰ ਅੰਦਰੋਂ ਅੰਦਰ ਭਰਿਆ ਪਿਆ ਸੀ। ਉਸ ਦੇ ਕਦਮ ਕਾਹਲੀ ਕਾਹਲੀ ਨਹਿਰ ਵੱਲ ਜਾ ਰਹੇ ਸਨ।
ਨਹਿਰ ਦੇ ਪੁਲ ਕੋਲ ਸ਼ਰਾਬ ਦਾ ਠੇਕਾ ਸੀ ਜਿੱਥੇ ਅਕਸਰ ਸ਼ਰਾਬੀ ਲਿਟੇ ਪਏ ਹੁੰਦੇ ਤੇ ਭਿਖਾਰੀ ਘੁੰਮਦੇ ਫਿਰਦੇ ਰਹਿੰਦੇ।
ਜਦ ਉਹ ਠੇਕਾ ਲੰਘ ਕੇ ਨਹਿਰ ਵੱਲ ਜਾ ਰਿਹਾ ਸੀ ਤਾਂ ਇੱਕ ਭਿਖਾਰੀ ਉਸ ਕੋਲ ਆਇਆ ,”ਸਰਦਾਰ ਜੀ,ਦਸ ਰੁਪਈਏ ਦੇ ਦੋ ..?”ਉਹ ਬੜੀ ਦੀਨਤਾ ਨਾਲ ਬੋਲਿਆ
ਬਿੱਕਰ ਦੇ ਕਦਮ ਰੁਕੇ,”ਦਸ ਰੁਪਈਆਂ ਦਾ ਕੀ ਕਰੇਂਗਾ ਉਇ ? ਉਹ ਬੋਲਿਆ ਨਹੀਂ, ਕੜਕਿਆ।
‘ਜੀ, ਕੱਲ੍ਹ ਦਾ ਢਿੱਡ ‘ਚ ਕੁਸ ਨੀ ਗਿਆ,ਕੁਸ ਨੀ ਖਾਧਾ …ਕੁਸ ਖਾ ਲੂੰਗਾ …!” ਭਿਖਾਰੀ ਰੋਣਹਾਕਾ ਹੋ ਕੇ ਬੋਲਿਆ।
ਬਿੱਕਰ ਦਾ ਦਿਲ ਪਸੀਜਣ ਲੱਗਿਆ,”ਪਰ ਦਸ ਦਾ ਕੀ ਆ ਜੂ….ਜੀਅਦੇ ਨਾਲ ਤੇਰਾ ਢਿੱਡ ਭਰ ਜੇ!” ਬਿੱਕਰ ਨੇ ਥੋੜਾ ਨਰਮ ਹੋ ਕੇ ਪੁੱਛਿਆ।
“ਜੀ,ਕੁਸ ਵੀ ਖਾ ਲੂੰਗਾ!”ਭਿਖਾਰੀ ਬੋਲਿਆ
“ਫੇਰ ਵੀ ਦੱਸ ਤਾਂ ਸਹੀ ….ਕੀ ਖਾਮੇਂਗਾ ..?” ਬਿੱਕਰ ਨੇ ਹੋਰ ਨਰਮ ਹੋ ਕੇ ਪੁੱਛਿਆ।
“ਬਰਿੱਡ ਪੀਸ ਲੈ ਕੇ ਦਸ ਰੁਪਈਆਂ ਦੇ ..ਖਾ ਲੂੰਗਾ ਜੀ, ਉੱਤੋਂ ਦੀ ਪਾਣੀ ਪੀ ਲੂੰਗਾ …ਢਿੱਡ ਭਰਜੂਗਾ!” ਭਿਖਾਰੀ ਬੁੱਲਾਂ ਤੇ ਜੀਭ ਫੇਰਦਾ ਬੋਲਿਆ।
ਬਿੱਕਰ ਨੇ ਬਟੂਆ ਕੱਢ ਲਿਆ ….ਪਰ … ਅਚਾਨਕ ਉਸ ਨੂੰ ਲੱਗਿਆ ਜਿਵੇਂ ਬਿਜਲੀ ਡਿੱਗ ਪਈ ਹੋਵੇ ….. ਜਿਵੇਂ ਉਹ ਨੂੰ ਕਰੰਟ ਲੱਗਿਆ,” ਭਲਿਆ ਲੋਕਾ, ਤੂੰ ਨੰਬਰਦਾਰ ਹੈਂ ਪਿੰਡ ਦਾ …ਤੇਰੇ ਘਰੇ ਚਾਰ ਮੱਝਾਂ …ਦੱਧ ਵਾਧ ਦੀ ਕੋਈ ਘਾਟ ਨੀ ਹੈਗੀ …ਤੇਰੇ ਬਟੂਏ ‘ਚ ਹਜੇ ਵੀ ਪਚਵੰਜਾ ਛਪੰਜਾ ਸੌ ਰੁਪਈਆ ਐ.. ਤੇਰੀ ਘਰਆਲ਼ੀ ਲਵੇ ਸਿਉਨਾ ..ਤੇਰੇ ਲਵੇ ਮੋਟਰਸੈਂਕਲ ….! ਕਦੇ ਤਾਂ ਜ਼ਮੀਨ ਵੀ ਮਿਲੂਗੀ ਏ….! ਉਨ੍ਹਾਂ ਚਿਰ ਢਿੱਡ ਭਰਨ ਜੋਗੇ ਹੋਰ ਕੰਮ ਬਥੇਰੇ ….!
ਪਤੰਦਰਾ! ਜ਼ਿੰਦਗੀ ਤਾਂ ਆਹ ਵੀ ਜਿਉਂ ਰਿਹੈ, ਜਿਹੜਾ ਤੇਰੇ ਤੋਂ ਦਸ ਰੁਪਈਏ ਮੰਗ ਕੇ …ਬਰੈੱਡ ਪੀਸ ਖਾ ਕੇ ਹੁਣ ਦਾ ਡੰਗ ਟਪਾਊਗਾ।
..ਅਗਲਾ ਡੰਗ ਦਾ ਪਤਾ ਨਹੀਂ ਕਿਮੇਂ ਹੋਊ …? ਫਿਰ ਵੀ ਜਿਉਣ ਲੱਗ ਰਿਹੈ…ਮਰਿਆ ਨੀ… ਉਇ ,ਘੱਟੋ ਘੱਟ ਇਹੋ ਜੇ ਦਿਨ ਤਾਂ ਨੀ ਤੇਰੇ…??” ਬਿੱਕਰ ਡੂੰਘੀ ਸੋਚ ਵਿੱਚ ਪੈ ਗਿਆ ।
ਸੋਚਦਾ ਰਿਹਾ … ਸੋਚਦਾ ਰਿਹਾ!!
ਬਿਨਾਂ ਕਿਸੇ ਜ਼ਮੀਨ ਦੀ ਮਾਲਕੀ ਤੋਂ ਵੀ ਭਿਖਾਰੀ ਨੂੰ ਸੌ ਦਾ ਨੋਟ ਫੜਾ, ਬਿੱਕਰ ਹੁਣ ਵਾਪਸ ਮੁੜਿਆ ਆ ਰਿਹਾ ਸੀ।
ਉਸ ਦੀ ਤੋਰ ਵਿੱਚ …. ਹੁਣ …ਨੰਬਰਦਾਰੀ ਝਲਕ ਰਹੀ ਸੀ..।
ਪੁਨੀਸ਼ ਨੰਗਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly