ਭੀਖੀ (ਸਮਾਜ ਵੀਕਲੀ) ( ਕਮਲ ਜਿੰਦਲ) ਸਰਵਹਿੱਤਕਾਰੀ ਵਿੱਦਿਆ ਮੰਦਰ ਸੀਬੀਐਸਈ ਭੀਖੀ ਵਿਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਗੁਰਪੁਰਬ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਾਰੇ ਵਿਦਿਆਰਥੀਆਂ ਨੇ ਬੜੇ ਚਾਅ ਤੇ ਉਤਸ਼ਾਹ ਨਾਲ ‘ ਵਾਹਿਗੁਰੂ ‘ ਦਾ ਸਿਮਰਨ ਕੀਤਾ । ਵਿਦਿਆਰਥੀਆਂ ਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਸ਼ਬਦ’ ਸਤਿਗੁਰ ਨਾਨਕ ਪ੍ਰਗਟਿਆ ‘ਗਾਇਨ ਕੀਤੇ ਗਏ। ਇਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਨਾਲ ਸੰਬੰਧਿਤ ਬੱਚਿਆਂ ਦੇ ਪ੍ਰਸ਼ਨਮੰਚ, ਨਿਬੰਧ – ਲੇਖਣ ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸ਼ਿਸ਼ੂ ਵਾਟਿਕਾ ਦੇ ਬੱਚੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਨਤਮਸਤਕ ਵੀ ਹੋਏ ਅਤੇ ਆਦਰ ਸਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਾਰੇ ਬੱਚਿਆਂ ਨੇ ਬੜੇ ਪ੍ਰੇਮ, ਆਦਰ-ਸਤਿਕਾਰ ਸਹਿਤ ਗੁਰੂ ਜੀ ਦੀ ਮਹਿਮਾ ਦਾ ਗਾਇਨ ਕੀਤਾ। ਇਸ ਸ਼ੁਭ ਦਿਹਾੜੇ ਮੌਕੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਜੀ ਨੇ ਕਲਯੁਗ ‘ਚ ਅਵਤਾਰ ਧਾਰ ਕੇ ਭੁੱਲ ਭਟਕੇ ਲੋਕਾਂ ਨੂੰ ਹੱਕ – ਸੱਚ ਦੇ ਰਾਹ ਪਾਇਆ।ਉਨ੍ਹਾਂ ਕਿਹਾ ਕਿ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਦੇ ਅੰਤਰਗਤ ਚੱਲ ਰਹੇ ਪੰਜਾਬ ਦੇ ਸਾਰੇ ਸਕੂਲਾਂ ਦੇ ਨਾਮ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਰੱਖੇ ਗਏ ਹਨ । ਉਨ੍ਹਾਂ ਕਿਹਾ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਨਹੀਂ ਬਲਕਿ ਸਮੁੱਚੇ ਸੰਸਾਰ ਦੇ ਗੁਰੂ ਹਨ, ਜਿਨ੍ਹਾਂ ਦੀ ਬਾਣੀ ਸਾਂਝੀਵਾਲਤਾ ਦੀ ਪ੍ਰਤੀਕ ਹੈ। ਉਨ੍ਹਾਂ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਚ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ – ਲੱਖ ਵਧਾਈਆਂ ਦਿੱਤੀਆਂ। ਪ੍ਰੋਗਰਾਮ ਦੇ ਅੰਤ ਵਿੱਚ ਸਾਰਿਆ ਨੇ ਸਤਿਨਾਮ-ਵਾਹਿਗੁਰੂ ਦਾ ਜਾਪ ਕੀਤਾ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



