ਫਲੇਲ ਸਿੰਘ ਸਿੱਧੂ
(ਸਮਾਜ ਵੀਕਲੀ) ਅਮਲੀ ਵੀ ਅਜੀਬ ਹੀ ਹੁੰਦੇ ਹਨ।ਖੇਤ ਭਰਵੀਂ ਫਸਲ ਦੇਖ ਕੇ ਸਰੀਰਕ ਕਸਟ ਸਾਹਮਣੇ ਆ ਗਿਆ।ਲੱਗਿਆ ਅਰਜੋਈ ਕਰਨ,” ਰੱਬਾ !!ਐਨਾ ਅਨਾਜ ਕਿਉਂ ਦਿੱਤਾ ਖਾਣਾ ਪਾਊਗਾ”ਵੱਡਣ,ਟੁੱਕਣ,ਕੱਢਣ,ਸਾਂਭ-ਸੰ ਭਾਲ ਬਾਅਦ ਦੀ ਗੱਲ ,ਖਾਣ ਦਾ ਫਿਕਰ ਪਹਿਲਾਂ ਸਤਾਉਣ ਲੱਗਾ।ਪਤਾ ਨਹੀਂ ਇਹ ਕਦੋਂ ਕੂ ਦੀ ਗੱਲ ਹੈ,ਪਰ ਇਹ ਸਪੱਸ਼ਟ ਜਰੂਰ ਹੈ ਕਿ ਉਸ ਸਮੇਂ ਲੋਕ ਆਪਣੀ ਫਸਲ ਮੰਡੀ ਨਹੀਂ ਵੇਚਦੇ ਹੋਣੇ।
ਖਾ ਗਏ ਨਾ ਟਪਲਾ??? ਵੀ ਇਹ ਕੀ ਗੱਲ ਹੋਈ।ਫਸਲਾਂ ਹਨ ਤਾਂ, ਮੰਡੀਆਂ ਵੀ ਹੋਣਗੀਆਂ।ਫਸਲਾਂ ਵੇਚ-ਵੱਟ ਕੇ ਹੀ ਘਰ ਚਲਦੇ ਹੋਣਗੇ?? ਨਹੀਂ ਜੀ।ਕਦਾਚਿਤ ਨਹੀਂ।
ਉਸ ਸਮੇਂ ਵਟਾਂਦਰੇ ਦਾ ਰਿਵਾਜ਼ ਸੀ।ਹੁਣ ਇਹ ਵਟਾਂਦਰਾ ਕਿੱਧਰੋਂ ਆ ਗਿਆ? ਹਾਂ ਜਨਾਬ,ਇੰਝ ਹੀ ਹੁੰਦਾ ਸੀ। ਇਹ ਕੋਈ ਰੱਬ ਤੋਂ ਉਤਰਿਆ ਅਵਤਾਰ ਨਹੀਂ ਸੀ।ਇਹ ਸਾਡੇ ਦਾਦਿਆਂ-ਪੜਦਾਦਿਆਂ ਦੀ ਸੂਝ-ਬੂਝ ਦਾ ਸਬੂਤ ਸੀ।ਉਹਨਾਂ ਦਾ ਅਲੋਕਾਰੀ ਮੰਡੀ ਢਾਂਚਾ।
ਜਿੰਨਾਂ ਘਰਾਂ ‘ਚ ਲੋੜ ਨਾਲੋਂ ਵੱਧ ਕੋਈ ਵਸਤ ਪੈਦਾ ਹੋਣੀ,ਉਹ ਹੋਰ ਲੋੜੀ ਦੀਆਂ ਵਸਤਾਂ ਪ੍ਰਾਪਤ ਕਰਨ ਲਈ ਆਪਣੀ ਵਸਤ ਦਾ ਦੂਜਿਆਂ ਨਾਲ ਵਟਾਂਦਰਾ ਕਰ ਲੈਂਦਾ ਸੀ। ਹਰ ਘਰ,ਹਰ ਪਿੰਡ ਛੋਟੀ ਜਿਹੀ ਮੰਡੀ ਹੁੰਦਾ ਸੀ। ਨਕਦ ਭੁਗਤਾਨ ਨਾ ਮਾਤਰ ਸੀ।ਭਾਈਚਾਰਾ ਆਪਸ ‘ਚ ਮਿਲ ਕੇ ਆਪਣੀਆਂ ਗਰਜਾਂ ਪੂਰੀਆਂ ਕਰ ਲੈਂਦਾ ਸੀ।ਇੰਝ ਉਹ ਔਖੇ ਵਕਤ ਨੂੰ ਸੌਖੇ ਤਰੀਕੇ ਨਾਲ ਨਜਿੱਠ ਲੈਂਦੇ ਸਨ!!ਉਸ ਸਮੇਂ
ਕੁੱਝ ਕੁ ਵਸਤਾਂ ਨੂੰ ਛੱਡ ਕੇ, ਲੋੜੀ ਦੀ ਹਰ ਵਸਤ ਸਾਡੇ ਖੇਤਾਂ ‘ਚ ਪੈਦਾ ਹੁੰਦੀ ਸੀ।
ਫੇਰ ਉਜਾੜਿਆ ਤੋਂ ਬਾਅਦ ਸਮਾਂ ਬਦਲਿਆ।ਸਾਡੇ ਮੁਲਕ ‘ਚ ਵਸਤਾਂ ਦੀ ਥੁੜ ਹੋ ਗਈ।ਖਾਸ ਕਰ ਅਨਾਜ ਦੀ।ਮੌਕੇ ਦੀ ਸਰਕਾਰ ਬੇਗਾਨੇ ਮੁਲਕਾਂ ਦੇ ਸਾਹਮਣੇ ਅਨਾਜ ਲਈ ਝੋਲੀ ਅੱਡਣ ਲੱਗੀ।ਸਿਆਣੇ ਕਹਿੰਦੇ ਆ ਗਰੀਬ ਕਦੇ ਭਾਅ ਨਹੀਂ ਕਰਦਾ।ਜਿਵੇਂ-ਕਿਵੇਂ ਮਹਿੰਗਾ- ਸਸਤਾ ਅਨਾਜ ਅਸੀਂ ਬਾਹਰੋਂ ਖਰੀਦਣ ਲੱਗੇ ।ਅੱਡੇ ਹੋਏ ਹੱਥਾਂ ਤੇ ਟੁੱਕਰ ਦੀ ਬੁਰਕੀ ਮੁਫ਼ਤ ਚ ਕੌਣ ਧਰਦਾ ਹੈ? ਗੁਰਬਤ ਚੋਂ ਨਿਕਲਣ ਲਈ ਹੱਥਾਂ ਨੂੰ ਆਹਰੇ ਲਾਉਣਾ ਜਰੂਰੀ ਸੀ।
ਫੇਰ ਸਰਕਾਰ ਨੇ ਸੋਚਿਆ ਕਿਉਂਕਿ ਨਾ ਅਜਿਹਾ ਕੁੱਝ ਕੀਤਾ ਜਾਵੇ ਕਿ ਅਨਾਜ ਲਈ ਦਰ-ਦਰ ਝੋਲੀ ਨਾ ਫੈਲਾਉਣੀ ਪਵੇ।ਸਰਕਾਰ ਨੇ ਖੇਤੀ ਮਾਹਰਾਂ ਨੂੰ ਇਸ ਆਫ਼ਤ ਦਾ ਹੱਲ ਕੱਢਣ ਚ ਲਾਇਆ।ਹੱਲ ਸੀ-ਅਨਾਜ ਦੀ ਪੈਦਾਵਾਰ ਵਧਾਈ ਜਾਵੇ।
ਅਨਾਜ ਦੀ ਪੈਦਾਵਾਰ ਵਧਾਉਣ ਦੇ ਕਾਰਜ ਚ ਜੁਟੇ ਵਿਗਿਆਨੀਆਂ ਨੇ ਸੁਧਰੇ ਹੋਏ ਬੀਜ਼, ਰਸਾਇਣਕ ਖਾਦਾਂ,ਕੀਟਨਾਸ਼ਕ ਇਜ਼ਾਦ ਕੀਤੇ।ਕਿਸਾਨਾਂ ਨੂੰ ਖੇਤੀ ਦੇ ਨਵੇਂ ਢੰਗ ਤਰੀਕੇ ਸੁਝਾਏ।ਪਾਣੀ ਦੇ ਸਾਧਨ ਜੁਟਾਉਣ ਲਈ ਨਹਿਰਾਂ,ਸੂਏ ਕੱਢੇ ਗਏ।ਭਰਵੀਂ ਪੈਦਾਵਾਰ ਹੋਣ ਲੱਗੀ।ਸਰਕਰ ਦੇ ਗੁਦਾਮ ਭਰਨ ਲੱਗੇ।ਪਰ ਦੂਜੇ ਪਾਸੇ ਸਾਡੇ ਕੋਲੋਂ ਦੇਸੀ ਬੀਜ਼,ਫਸਲਾਂ,ਢੰਗ ਤਰੀਕੇ ਦੂਰ ਹੁੰਦੇ ਗਏ।ਰੂੜੀ ਦੀ ਖਾਦ ਦੀ ਥਾਂ ਸਾਡੇ ਘਰਾਂ ਚਿੱਠੀਆਂ ਬੋਰੀਆਂ ਚ ਵੱਖਰੀਆਂ-ਵੱਖਰੀਆਂ ਖਾਦਾਂ ਆਈਆਂ ।ਖਾਦਾਂ ਦੇ ਮਗਰੇ ਹੌਲੀ-ਹੌਲੀ ਕੀਟਨਾਸ਼ਕ ਆਏ।ਸਾਡੇ ਖੇਤਾਂ ਚ ਫਸਲਾਂ ਲਹਿਰਾਉਣ ਲੱਗੀਆਂ ।ਜਿੱਥੇ ਤੱਕ ਨਜ਼ਰ ਜਾਂਦੀ ਸੀ ਕਣਕ ਦੇ ਹਰੇ-ਭਰੇ ਖੇਤ ਮਨ ਨੂੰ ਭਾਉਣ ਲੱਗੇ।ਕਣਕਾਂ ਹਰੇ ਤੋਂ ਸੁਨਹਿਰੀ ਹੋਈਆਂ ।ਮੰਡਲੀਆਂ ਨਾਲ ਖੇਤ ਭਰ ਗਏ।ਪਿੜਾਂ ਚ ਫਲੇ ਕਣਕਾਂ ਗਹਾਉਣ ਲੱਗੇ।ਟਿੱਬਿਆਂ ਜਿੱਡੇ-ਜਿੱਡੇ ਬੋਹਲ ਦੇਖ ਕੇ ਕਿਸਾਨ ਖੁਸੀ ਚ ਭੰਗੜੇ ਪਾਉਂਦੇ।ਕਣਕ ਤੋਂ ਬਾਅਦ ਝੋਨੇ ਨੇ ਪੰਜਾਬ ਚ ਪੈਰ ਪਸਾਰੇ।ਨਰਮੇ ,ਕਪਾਹ ਨੂੰ ਅਮਰੀਕਨ ਸੁੰਡੀ ਦੀ ਅਜਿਹੀ ਮਾਰ ਪਈ ਕਿ ਕਿਸਾਨ ਝੋਨਾ ਲਾਉਣ ਲਈ ਮਜ਼ਬੂਰ ਹੋ ਗਏ।ਇਸ ਨੇ ਕਿਸਾਨ ਗੁਰਬਤ ਚੋਂ ਤਾਂ ਕੱਢੇ ਪਰ ਪਾਣੀ ਤੋਂ ਹੱਥ ਧੋਣ ਦੀ ਕਿੰਗਾਰ ਤੇ ਖੜੇ ਕਰ ਦਿੱਤੇ। ਸਾਡਾ ਧਰਤੀ ਹੇਠਲਾ ਪਾਣੀ ਖਤਰੇ ਚ ਪੈ ਗਿਆ ।ਪਰ ਹਾੜੀ-ਸਾਉਣੀ ਦੀਆਂ ਫਸਲਾਂ ਦੀ ਪੈਦਾਵਾਰ ਵੱਧਣ ਕਰਕੇ ਲੋਕ ਸਰਕਾਰ ਦੇ ਗੁਣ ਲੱਗੇ।ਸਰਕਾਰ ਨੇ ਇਸ ਨੂੰ ਨਾਂ ਦਿੱਤਾ – ਹਰੀ ਕ੍ਰਾਂਤੀ।ਸਿਆਣੇ ਕਹਿੰਦੇ ਆ ਸਾਉਣ ਦੇ ਜੰਮਿਆਂ ਨੂੰ ਘਾਹ ਹਰਾ ਦਿਖਾਈ ਦਿੰਦਾ ਹੈ।ਲੋਕਾਂ ਨੂੰ ਇੰਝ ਲੱਗੇ ਜਿਵੇਂ ਪੂਰਾ ਪੰਜਾਬ ਹੀ ਸਾਉਣ ਮਹੀਨੇ ਜੰਮਿਆ ਹੋਵੇ।ਅਸੀਂ ਭਰੇ ਹੋਏ ਅਨਾਜ ਭੰਡਾਰਾਂ ਨੂੰ ਦੇਖ ਕੇ ਦਮਾਮੇ ਮਾਰੇ ਤੇ ਇੰਝ ਸਾਡਾ ਦੇਸ ਆਤਮ ਨਿਰਭਰ ਹੋ ਗਿਆ।
ਅਨਾਜ ਜੋ ,ਖਾਸ ਕਰਕੇ ਪੰਜਾਬ ਦੀ ਹਰੀ ਕ੍ਰਾਂਤੀ ਕਾਰਣ ਪੈਦਾ ਹੋਇਆ, ਦੂਜੇ ਸੂਬਿਆਂ ਦੇ ਵਸਨੀਕਾਂ ਦੇ ਢਿੱਡ ਭਰਨ ਲੱਗਿਆ।ਪੰਜਾਬੀਆਂ ਦੀ ਬੱਲੇ-ਬੱਲੇ ਹੋਣ ਲੱਗੀ।ਸਾਡੀ ਦੇਸੀ ਰੂੜੀ ਦੀ ਖਾਦ ਖੇਤਾਂ ਚੋਂ ਗਾਇਬ ਹੋ ਗਈ ਤੇ ਗੋਹਾ ਚੁੱਲਿਆਂ ਚ ਬਲਣ ਲੱਗਿਆ। ਸਾਡੇ ਬਲਦ, ਬੋਤੇ,ਗੱਡੇ, ਹਲ਼,ਪੰਜਾਲੀਆਂ ਕੀ-ਕੀ ਗਿਣਾਂ ਕਦੋਂ ਖੇਤੀ ਮਸ਼ੀਨੀਰੀ ਚ ਬਦਲ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ।ਸਾਡੀਆਂ ਨਿਰੋਗ ਦੇਹੀਆਂ ਰੋਗਾਂ ਦਾ ਸ਼ਿਕਾਰ ਹੋ ਗਈਆਂ।ਦੇਸੀ ਕਾੜਿਆਂ ਦੀ ਥਾਂ ਸਾਡੇ ਸਿਰਹਾਣੇ ਅੰਗ੍ਰੇਜ਼ੀ ਦਵਾਈਆਂ ਦੀਆਂ ਸ਼ੀਸ਼ੀਆਂ ਸੋਭਾ ਵਧਾਉਣ ਲੱਗੀਆਂ।ਸਾਡੀ ਅਮਲੀ ਧਰਤੀ ,ਅਮਲੀ ਅਨਾਜ ਪੈਦਾ ਕਰਨ ਲੱਗੀ। ਦਿਨੋ-ਦਿਨ ਧਰਤੀ ਦਾ ਅਮਲ ਵੱਧਦਾ ਗਿਆ ਤੇ ਸਾਡੇ ਖੇਤ ਅਮਲੀ ਹੋ ਗਏ।
ਸ਼ੁਰੂਆਤ ਚ ਤਾਂ ਅਮਲ ਤਾਕਤ ਦਿੰਦਾ ਲੱਗਦਾ ਹੈ।ਫੇਰ ਇਹ ਹੱਡੀ ਰਚਿਆ ਅਮਲ ਸੌਖੇ ਕੀਤੇ ਛੁੱਟਦਾ ਨਹੀਂ ਤੇ ਇਸ ਦੀ ਮਾਤਰਾ ਵੱਧਣ ਲੱਗਦੀ ਹੈ।ਇਸ ਦੇ ਕੁੱਝ ਕਾਰਨਾਂ ਚੋਂ ,ਸਾਡੇ ਕਿਸਾਨਾਂ ਦਾ ਖੇਤੀ ਦੇ ਵਿਗਿਆਨਕ ਢੰਗਾਂ ਤੋਂ ਅਣਜਾਣ ਹੋਣਾ ਵੀ ਹੈ।ਅਸੀ ਇੱਕ-ਦੂਜੇ ਦੀ ਰੀਸੇ ਵੱਧ ਖਾਦ ਤੇ ਰਸਾਇਣਾਂ ਦੀ ਵਰਤੋਂ ਕਰਦੇ ਰਹੇ।ਚੱਲੋ ਸਾਡੇ ਖੇਤਾਂ ਨਾਲ ਜੋ ਹੋਇਆ, ਸੋ ਹੋਇਆ।ਪਰ ਸਾਡੀ ਵਧੀ ਹੋਈ ਪੈਦਾਵਾਰ ਮੌਜੂਦਾ ਸਮੇਂ ਚ ਸਰਾਪ ਬਣਨ ਲੱਗੀ।ਖੇਤੀ ਲਾਗਤ ਵਧਦੀ ਗਈ।ਫਸਲਾਂ ਦੇ ਭਾਅ ਉਸ ਅਨੁਪਾਤ ਚ ਘੱਟਦੇ ਗਏ।ਖੇਤੀ ਲਾਹੇਬੰਦ ਨਾ ਹੋ ਕੇ ਘਾਟੇ ਦਾ ਸੌਦਾ ਬਣਨ ਲੱਗੀ । ਉੱਤੋਂ ਇੱਕ ਮਾਰ ਇਹ ਪਈ ਕਿ ਸਾਡੀ ਜਿਨਸ ਮੰਡੀਆਂ ਚ ਰੁਲਣ ਲੱਗੀ। ਮੰਡੀਆਂ ਚ ਕਿਸਾਨਾਂ ਨਾਲ ਸਿੱਲ,ਕਾਟ,ਤੋਲ ,ਬੋਲੀ,ਚੁਕਾਈ ਆਦਿ ਦੇ ਨਾਂ ਤੇ ਧੋਖਾ ਹੋਣ ਲੱਗਿਆ।ਸਾਡੇ ਕੁੱਝ ਨੇਤਾਵਾਂ ਨੇ ਸਾਡੇ ਪੈਰੀ ਕੁਹਾੜਾ ਮਾਰਿਆ।ਆਪਣੇ ਹੱਥੀਂ ਸੈਲੋਜ਼ ਦੇ ਨੀਂਹ ਪੱਥਰ ਰੱਖਣ ਲੱਗੇ ਜਿੰਨ੍ਹਾਂ ਕਰਕੇ ਸਾਡੀਆਂ ਮੰਡੀਆਂ ਨੂੰ ਖ਼ਤਰਾ ਖੜਾ ਹੋ ਗਿਆ।ਕਾਲੇ ਕਾਨੂੰਨ ਆਏ।ਵੱਡੇ ਮੋਰਚੇ ਲੱਗੇ।ਗਿਣੀ- ਮਿਥੀ ਸਾਜ਼ਿਸ ਦੇ ਤਹਿਤ ਸਾਡੀ ਸੋਨੇ ਵਰਗੀ ਜਿਨਸ ਮੰਡੀਆਂ ਚ ਰੁਲਣ ਲੱਗੀ।ਦੱਸੋ ਕਿੱਧਰ ਨੂੰ ਜਾਈਏ। ਇਹ ਦੇਖ ਕੇ ਅਮਲੀ ਦਾ ਕਥਨ ਯਾਦ ਆਇਆ, “ਰੱਬਾ!!ਐਨਾ ਅਨਾਜ ਕਿਉਂ ਦਿੱਤਾ।ਢਿੱਡ ਭਰਨ ਯੋਗਾ ਦਿੱਤਾ ਹੁੰਦਾ ਤਾਂ ਸਾਡੀ ਤੇ ਸਾਡੇ ਅਨਾਜ ਕਦਰ ਹੁੰਦੀ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly