“ਟੈਲੀਫੋਨ ਦੇ ਖੋਜੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਨੂੰ ਯਾਦ ਕਰਦਿਆਂ “

2 ਅਗਸਤ ਟੈਲੀਫੋਨ ਖੋਜੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੀ ਬਰਸੀ ਤੇ ਵਿਸ਼ੇਸ਼
ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ)  ਅੱਜ 2 ਅਗਸਤ ਨੂੰ ਟੈਲੀਫੋਨ ਦੀ ਖੋਜ ਕਰਨ ਵਾਲੇ ਵਿਗਿਆਨੀ ਅਲੈਗਜ਼ੈਂਡਰ ਗ੍ਰਹਾਮ ਬੈੱਲ ਨੂੰ ਉਨ੍ਹਾਂ ਦੀ ਬਰਸੀ ਤੇ ਪੂਰੀ ਦੁਨੀਆਂ ਵਿੱਚ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਬਦੌਲਤ ਅੱਜ ਦੁਨੀਆਂ ਵਿਕਾਸ ਦੀਆ ਹੱਦਾ ਪਾਰ ਕਰ ਚੁੱਕੀ ਹੈ ਅੱਜ ਦੁਨੀਆਂ ਦੀ ਸਾਰੀ ਤਕਨੌਲੌਜੀ ਬੈੱਲ ਵਜੋਂ ਖੋਜ ਕੀਤੀਆ ਤਰੰਗਾਂ ਤੇ ਕੰਮ ਕਰ ਰਹੀ ਹੈ ਜਦੋਂ ਕਦੇ ਵੀ ਸੁਨੇਹੇ ਵਾਲਾ ਸਿਸਟਮ ਬੰਦ ਹੋ ਜਾਂਦਾ ਹੈ ਤਾਂ ਪੂਰੀ ਦੁਨੀਆਂ ਦੇ ਕਾਰੋਬਾਰ ਠੱਪ ਹੋ ਜਾਂਦੇ ਹਨ। ਜੇਕਰ ਪਿਛਲੇ ਸਮਿਆਂ ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਚਿੱਠੀਆਂ ਦੇ ਦੌਰ ਤੋਂ ਪਹਿਲਾਂ ਰਾਜੇ ਮਹਾਰਾਜੇ ਢੋਲ ਨਗਾਰਿਆਂ ਨੂੰ ਸੰਚਾਰ ਸਾਧਨ ਵਜੋਂ ਵਰਤਦੇ ਸਨ ਜਾਂ ਫਿਰ ਕਬੂਤਰਾ ਅਤੇ ਇਨਸਾਨਾ ਰਾਹੀਂ ਸੁਨੇਹੇ ਭੇਜੇ ਜਾਂਦੇ ਸਨ। ਹੌਲੀ ਹੌਲੀ ਸਮੇਂ ਨੇ ਕਰਵਟ ਲਈ ਅਤੇ ਮਨੁੱਖੀ ਦਿਮਾਗ ਵਿਗਿਆਨ ਬਾਰੇ ਸੋਚਣ ਲੱਗਿਆ ਬੇਸ਼ੱਕ ਇਸ ਲਈ ਸੁਕਰਾਤ,ਪਲੈਟੋ, ਗਲੈਲੀਓ, ਅਰਸਤੂ ਆਦਿ ਵਰਗਿਆ ਨੂੰ ਧਾਰਮਿਕ ਕੱਟੜਤਾ ਦਾ ਵਿਰੋਧ ਵੀ ਸਹਿਣਾ ਪਿਆ ਪਰ ਵਿਗਿਆਨਕ ਕ੍ਰਾਂਤੀ ਅੱਗੇ ਵਧਦੀ ਗਈ ਜਿਸ ਵਿੱਚੋ ਹੀ ਸੰਚਾਰ ਕ੍ਰਾਂਤੀ ਦਾ ਜਨਮ ਹੋਇਆ ਜਿਸ ਦਾ ਸਿਹਰਾ ਸੰਚਾਰ ਕ੍ਰਾਂਤੀ ਦੇ ਮੋਢੀ ਅਲੈਗਜ਼ੈਂਡਰ ਗ੍ਰਾਮ ਬੈੱਲ ਨੂੰ ਜਾਂਦਾ ਹੈ। ਅਗਰ ਅਸੀਂ ਤਕਨੀਕੀ ਤੌਰ ਤੇ ਟੈਲੀਫੋਨ ਨੂੰ ਦੇਖੀਏ ਤਾਂ ਇਸ ਵਿੱਚ ਇੱਕ ਟਰਾਸ਼ਮਿਟਰ ਅਤੇ ਇੱਕ ਰਿਸੀਵਰ ਲੱਗਿਆ ਹੁੰਦਾ ਹੈ ਟਰਾਸ਼ਮਿਟਰ ਸਾਡੀ ਅਵਾਜ਼ ਨੂੰ ਬਿਜਲੀ ਤਰੰਗਾਂ ਵਿੱਚ ਬਦਲ ਕੇ ਤਾਰ ਰਾਹੀਂ ਦੂਜੇ ਪਾਸੇ ਰਿਸੀਵਰ ਵਿਚ ਭੇਜਦਾ ਹੈ ਜੋ ਫਿਰ ਤੋਂ ਬਿਜਲੀ ਤਰੰਗਾਂ ਨੂੰ ਅਵਾਜ਼ ਤਰੰਗਾਂ ਵਿੱਚ ਬਦਲਦਾ ਹੈ ।ਅੱਜ ਦੁਨੀਆਂ ਇਸ ਡਾਇਲ ਵਾਲੇ ਟੈਲੀਫੋਨ ਤੋਂ ਵੀ ਕਾਫੀ ਅੱਗੇ ਨਿਕਲ ਕੇ ਮੋਬਾਈਲ ਫੋਨ ਤੱਕ ਪਹੁੰਚ ਗਈ ਹੈ ਇਥੇ ਹੀ ਬਸ ਨਹੀਂ ਹਰ ਖੇਤਰ ਵਿੱਚ ਦੁਨੀਆਂ ਦੇ ਮਹਾਨ ਖੋਜਕਾਰ ਵਿਗਿਆਨੀ ਦੁਨੀਆਂ ਲਈ ਉਹ ਕੁਝ ਕਰ ਗਏ ਹਨ ਜਿਨ੍ਹਾਂ ਦੀ ਬਦੌਲਤ ਅੱਜ ਸਾਰਾ ਸੰਸਾਰ ਉਨ੍ਹਾਂ ਵੱਲੋਂ ਕੱਢੀਆਂ ਕਾਢਾ ਕਾਰਨ ਆਰਾਮ ਭਰੀ ਜ਼ਿੰਦਗੀ ਬਿਤਾ ਰਿਹਾ ਹੈ। ਸਾਇਕਲ ਤੋਂ ਲੈਕੇ ਜਹਾਜ਼ ਵਰਗੀਆਂ ਚੀਜ਼ਾਂ ਬਣਾਉਣ ਵਾਲੇ ਖੋਜੀਆਂ ਨੂੰ ਬਹੁਤ ਘੱਟ ਲੋਕੀ ਜਾਣਦੇ ਹਨ ਪਰ ਸੱਚਮੁੱਚ ਅਜਿਹੇ ਮਹਾਨ ਖੋਜਕਾਰ ਪੂਜਣ ਯੋਗ ਹਨ ਜਿਨ੍ਹਾਂ ਦੀ ਬਦੌਲਤ ਅੱਜ ਦੁਨੀਆਂ ਸੁੱਖ ਸਹੂਲਤਾਂ ਦਾ ਅਨੰਦ ਮਾਣ ਰਹੀ ਹੈ ਪਰ ਅਫਸੋਸ ਕਿ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਅਜਿਹੇ ਮਹਾਨ ਖੋਜਕਾਰਾਂ ਅਤੇ ਵਿਗਿਆਨੀਆ ਦੀ ਸੋਚ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਅੰਧਵਿਸ਼ਵਾਸ, ਰੂੜੀਵਾਦੀ ਸੋਚ ਅਤੇ ਅਖੌਤੀ ਬਾਬਿਆਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਅੱਜ ਤੋਂ ਕਈ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਸੀਂ ਘਰ ਬੈਠੇ ਦੁਨੀਆ ਦੇ ਹਰ ਕੋਨੇ ਵਿਚ ਆਪਣੇ ਚਹੇਤਿਆਂ ਨਾਲ ਗੱਲਬਾਤ ਕਰ ਸਕਾਂਗੇ। ਟੈਲੀਫੋਨ ਦੀ ਘੰਟੀ ਵੀ ਐਵੇਂ ਨਹੀਂ ਵੱਜਣ ਲੱਗੀ ਸੀ। ਇਸ ਪਿੱਛੇ ਵਿਗਿਆਨੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੀ ਸਖ਼ਤ ਮਿਹਨਤ ਅਤੇ ਵਿਗਿਆਨਕ ਸੋਚ ਲੱਗੀ ਹੋਈ ਹੈ ਜਿਸ ਦੀ ਬਦੌਲਤ ਅੱਜ ਦੁਨੀਆਂ ਦਾ ਹਰ ਵਿਅਕਤੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਵਿਚ ਲੈਕੇ ਘੁਮ ਰਿਹਾ ਹੈ ਭਾਵ ਕਿ ਹਰ ਕਿਸੇ ਕੋਲ ਮੋਬਾਇਲ ਹੈ ਬੇਸ਼ੱਕ ਕੁੱਝ ਲੋਕ ਇਸ ਨੂੰ ਚੰਗਾ ਨਹੀਂ ਸਮਝਦੇ ਪਰ ਸੱਚ ਇਹ ਹੈ ਕਿ ਮੋਬਾਈਲ ਤੋਂ ਬਿਨਾਂ ਜ਼ਿੰਦਗੀ ਰੁਕ ਜਾਂਦੀ ਹੈ ਅੱਜ ਇਨਸਾਨ ਰੋਟੀ ਤੋਂ ਬਿਨਾਂ ਚਾਰ ਦਿਨ ਰਹਿ ਸਕਦਾ ਹੈ ਪਰ ਮੋਬਾਈਲ ਤੋਂ ਬਿਨਾਂ ਗੁਜ਼ਾਰਾ ਨਹੀਂ ਕਿਉਂ ਕਿ ਅੱਜ ਸਾਰਾ ਬਿਜ਼ਨਸ, ਬੈਂਕਾਂ ਦੇ ਕੰਮ, ਦਫ਼ਤਰਾਂ ਦੇ ਕੰਮ, ਆਨਲਾਈਨ ਸ਼ਾਪਿੰਗ, ਬਿਲ ਪੈਮੇਂਟ ਆਦਿ ਬਹੁਤ ਸਾਰੇ ਕੰਮ ਮੋਬਾਈਲ ਤੇ ਹੀ ਹੋਣ ਲੱਗ ਪਏ ਹਨ ਅਤੇ ਇਸ ਨੇ ਦੁਨੀਆ ਵਿੱਚ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ ਕੀਤਾ ਹੈ। ਸਕਾਟਲੈਂਡ ਦੇ ਸ਼ਹਿਰ ਐਡਿਨਬਰਗ ਵਿਚ 3 ਮਾਰਚ 1847 ਨੂੰ ਟੈਲੀਫੋਨ ਦੀ ਬੈਲ ਬਜਾਉਣ ਵਾਲੇ ਅਲੈਗਜ਼ੈਂਡਰ ਗ੍ਰਾਹਮ ਬੈੱਲ ਦਾ ਜਨਮ ਹੋਇਆ ਇਸ ਤੋਂ ਪਹਿਲਾਂ ਕਿਸੇ ਦੇ ਵੀ ਘਰੇ ਟੈਲੀਫੋਨ ਦੀ ਘੰਟੀ ਨਹੀਂ ਸੀ ਵੱਜਦੀ। ਬੈੱਲ ਨੂੰ ਵਿਗਿਆਨੀ, ਖੋਜਕਾਰ, ਇੰਜੀਨੀਅਰ ਅਤੇ ਅਧਿਆਪਕ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਉਹ ਪਹਿਲਾ ਵਿਗਿਆਨੀ ਅਤੇ ਖੋਜੀ ਹੈ ਜਿਸ ਨੇ 14 ਫਰਵਰੀ 1876 ਨੂੰ ਟੈਲੀਫੋਨ ਦੇ ਅਮਲੀ ਰੂਪ ਵਿਚ ਕੰਮ ਕਰਨ ਦੀ ਕਾਢ ਕੱਢੀ ਅਤੇ ਉਸ ਦੇ ਨਾਂ ਉੱਤੇ ਪੇਟੈਟ ਹੈ ਭਾਵ ਸਰਕਾਰੀ ਮੋਹਰ 7 ਮਾਰਚ 1876 ਨੂੰ ਲੱਗ ਗਈ ਸੀ। ਬੈੱਲ ਉਮਰ ਦੇ ਮੁੱਢਲੇ ਸਾਲਾਂ ਵਿਚ ਹੀ ਸੰਵੇਦਨਸ਼ੀਲ ਕੁਦਰਤ ਨੂੰ ਪਿਆਰ ਕਰਨ ਵਾਲਾ ਅਤੇ ਕਲਾ ਦੀ ਕਦਰ ਕਰਨ ਵਾਲਾ ਵਿਅਕਤੀ ਸੀ। ਉਹ ਕਵਿਤਾਵਾਂ ਤੇ ਸੰਗੀਤ ਨਾਲ ਵੀ ਲਗਾਅ ਰੱਖਦਾ ਸੀ। ਇਸ ਕਲਾ ਨੂੰ ਨਿਖਾਰਨ ਲਈ ਉਸ ਦੀ ਮਾਤਾ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਪਿਆਨੋ ਵਜਾਉਣਾ ਸਿਖਾਇਆ। ਉਹ ਆਪਣੀ ਅਵਾਜ਼ ਦੀ ਕਲਾ ਦਾ ਇਜ਼ਹਾਰ ਕਰਦਾ ਹੋਇਆ ਪਰਿਵਾਰ ਅਤੇ ਲੋਕਾਂ ਦਾ ਮਨੋਰੰਜਨ ਕਰਦਾ ਸੀ। ਬੈੱਲ ਨੂੰ ਉਸ ਦੀ ਮਾਤਾ ਦੇ ਬੋਲ਼ੇ ਹੋਣ ਨੇ ਕਾਫੀ ਪ੍ਰਭਾਵਿਤ ਕੀਤਾ ਸੀ। ਜਦੋਂ ਬੈੱਲ ਕੇਵਲ 12 ਸਾਲਾਂ ਦਾ ਸੀ ਉਦੋਂ ਉਸ ਦੀ ਮਾਤਾ ਦੀ ਸੁਣਨ ਦੀ ਸ਼ਕਤੀ ਚਲੀ ਗਈ ਇਸ ਲਈ ਉਸ ਨੂੰ ਇਸ਼ਾਰਿਆਂ ਦੀ ਭਾਸ਼ਾ ਸਿੱਖਣੀ ਪਈ ਬੈੱਲ ਨੇ ਸਿੱਧੇ ਤੌਰ ਉੱਤੇ ਇਕ ਤਕਨੀਕ ਤਿਆਰ ਕੀਤੀ ਜਿਸ ਨਾਲ ਉਸ ਦੀ ਮਾਤਾ ’ਚ ਸਭ ਸਮਝਣ ਅਤੇ ਸੁਣਨ ਵਰਗੀ ਸ਼ਕਤੀ ਪੈਦਾ ਹੋਈ। ਮਾਤਾ ਦੇ ਬੋਲ਼ੇਪਨ ਕਾਰਨ ਬੈੱਲ ਅੰਦਰ ਤਰੰਗਾਂ ਤੋਂ ਸੁਣਨ ਦੀ ਭਾਸ਼ਾ ਦੇ ਗਿਆਨ ਵਿਚ ਵਾਧਾ ਹੋਇਆ। ਉਹ ਸਕੂਲ ਦੀ ਪੜ੍ਹਾਈ ਛੱਡ ਕੇ ਆਪਣੇ ਦਾਦੇ ਨਾਲ ਲੰਡਨ ਚਲਾ ਗਿਆ ਉਥੇ ਰਹਿੰਦੇ ਹੋਏ ਉਨ੍ਹਾਂ ਨੂੰ ਕਾਫੀ ਕੁਝ ਨਵਾਂ ਸਿੱਖਣ ਲਈ ਮਹੌਲ ਅਤੇ ਲੰਬਾ ਸਮਾਂ ਗੰਭੀਰ ਮਸਲਿਆਂ ਉੱਤੇ ਤਰਕ-ਵਿਚਾਰ ਕਰਨ ਦਾ ਮੌਕਾ ਮਿਲਿਆ ਜਿਥੇ ਉਨ੍ਹਾਂ ਨੇ ਲਤੀਨੀ, ਸੰਸਕ੍ਰਿਤ ਅਤੇ ਯੂਨਾਨੀ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਕੀਤਾ ਅਤੇ ਉੱਥੇ ਉਸ ਨੇ ਅਵਾਜ਼ ਪ੍ਰਤੀ ਬਿਜਲੀ ਦੇ ਸਬੰਧ ਵਿਚ ਪ੍ਰਯੋਗ ਕੀਤੇ। ਗ੍ਰਾਹਮ ਬੈੱਲ ਬੋਲਿਆ ਦੇ ਸਕੂਲ ਵਿਚ ਅਵਾਜ਼ ਅਤੇ ਫਿੰਗਰ ਭਾਸ਼ਾ ਉੱਤੇ ਕੀਤੇ ਕੰਮ ਦੇ ਆਧਾਰ ਤੇ ਸਕੂਲ ’ਚ ਸਿੱਖਿਆ ਦੇਣ ਵਾਲੇ ਇੰਸਟਰਕਟਰਾਂ ਨੂੰ ਟਰੇਨਿੰਗ ਦੇਣ ਵਿੱਚ ਵੀ ਕਾਮਯਾਬ ਰਿਹਾ। ਉਸ ਨੇ ਬੋਲ਼ੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਵੀ ਸ਼ੁਰੂ ਕੀਤਾ। ਉਹ ਪਹਿਲਾ ਵਿਗਿਆਨੀ ਅਤੇ ਖੋਜੀ ਹੈ ਜਿਸ ਨੇ 14 ਫਰਵਰੀ 1876 ਨੂੰ ਟੈਲੀਫੋਨ ਦੇ ਅਮਲੀ ਰੂਪ ਵਿਚ ਕੰਮ ਕਰਨ ਦੀ ਕਾਢ ਕੱਢੀ ਅਤੇ ਉਸ ਦੇ ਨਾਂ ਉੱਤੇ ਪੇਟੈਟ ਭਾਵ ਸਰਕਾਰੀ ਮੋਹਰ 7 ਮਾਰਚ 1876 ਨੂੰ ਲੱਗ ਗਈ ਸੀ ਇਸ ਤੋਂ ਬਾਅਦ 1888 ਵਿੱਚ ਅਲਮੋਨ ਸਟਰੌਜਰ ਵਲੋਂ ਪਹਿਲੀ ਮੈਨੁਅਲ ਟੈਲੀਫੋਨ ਐਕਸਚੇਂਜ ਲਗਾਈ ਗਈ ਬੇਸ਼ੱਕ ਇਹ ਮਹਾਨ ਸੰਚਾਰ ਵਿਗਿਆਨੀ ਅਤੇ ਖੋਜੀ 2 ਅਗਸਤ 1922 ਨੂੰ ਇਸ ਦੁਨੀਆਂ ਤੋਂ ਹਮੇਸ਼ਾ ਲਈ ਰੁਖਸਤ ਹੋ ਗਿਆ ਪਰ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਇਸ ਸੰਚਾਰ ਕ੍ਰਾਂਤੀ ਨੂੰ ਸਮੇਂ ਸਮੇਂ ਤੇ ਅਪਗ੍ਰੇਡ ਕੀਤਾ ਗਿਆ ਜਿਸ ਦੇ ਚਲਦਿਆਂ 1970 ਤੋਂ 1980 ਦੇ ਵਿਚਾਲੇ ਡਿਜੀਟਲ ਐਕਸਚੇਂਜਾਂ ਦਾ ਦੌਰ ਸ਼ੁਰੂ ਹੋਇਆ ਜਿਨਾਂ ਵਿੱਚ ਕਰੌਸ ਵਾਰ, ਅਤੇ ਈ.ਐਸ.ਐਸ ਐਕਸਚੇਂਜਾਂ ਮੁੱਖ ਸਨ। ਇਸ ਤੋਂ ਬਾਅਦ ਨਵੀਂ ਤਕਨਾਲੋਜੀ ਵਾਲੀਆਂ ਬਹੁਤ ਸਾਰੀਆਂ ਐਕਸਚੇਂਜਾਂ ਇਜ਼ਾਦ ਹੋਈਆਂ ਜਿਨ੍ਹਾਂ ਵਿੱਚ E10 B ,C DOT, 5 ESS ਅਦਿ ਮੁੱਖ ਸਨ। ਇਸ ਤੋਂ ਬਾਅਦ 3 ਅਪ੍ਰੈਲ 1973 ਨੂੰ ਦੁਨੀਆਂ ਦਾ ਪਹਿਲਾ ਮੋਬਾਈਲ ਫੋਨ ਇਜ਼ਾਦ ਹੋਇਆ ਜਿਸ ਦਾ ਵਜ਼ਨ ਕਰੀਬ 2 ਕਿਲੋ ਸੀ। ਭਾਰਤ ਵਿੱਚ ਪਹਿਲਾਂ ਮੋਬਾਈਲ ਫੋਨ 21 ਜੁਲਾਈ 1995 ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜਿਉਤੀ ਬਾਸੂ ਜੀ ਵਲੋਂ ਲਾਂਚ ਕੀਤਾ ਗਿਆ। ਭਾਰਤ ਅਜੇ ਵੀ ਵਿਗਿਆਨ, ਤਕਨਾਲੋਜੀ, ਅਤੇ ਖੋਜਕਾਰੀ ਵਿੱਚ ਵਿਕਾਸਸ਼ੀਲ ਦੇਸ਼ਾਂ ਤੋਂ ਕਾਫੀ ਫਾਡੀ ਰਹਿ ਗਿਆ ਹੈ ਅੱਜ ਦੇਸ਼ ਨੂੰ ਜ਼ਰੂਰਤ ਹੈ ਕਿ ਆਉਣ ਵਾਲੇ ਭਵਿੱਖ ਲਈ ਅੰਧਵਿਸ਼ਵਾਸੀ ,ਅਤੇ ਰੂੜੀਵਾਦੀ ਸੋਚ ਤੋਂ ਬਾਹਰ ਨਿਕਲ ਕੇ ਵਿਗਿਆਨਕ, ਨਵੀਂ ਤਕਨਾਲੋਜੀ ਅਤੇ ਖੋਜਕਾਰੀ ਦੇ ਨਵੇਂ ਰਸਤੇ ਖੋਜੇ ਜਾਣ। ਅੱਜ ਦੇਸ਼ ਨੂੰ ਅੰਧਵਿਸ਼ਵਾਸ ਸੋਚ ਦੀ ਨਹੀਂ ਬਲਕਿ ਵਿਗਿਆਨਕ ਸੋਚ ਦੀ ਲੋੜ ਹੈ। ਦੇਸ਼ ਦੇ ਆਉਣ ਵਾਲੇ ਭਵਿੱਖ ਨੂੰ ਵਿਗਿਆਨਕ ਅਤੇ ਨਵੀਂ ਤਕਨਾਲੋਜੀ ਦੇ ਰਾਹ ਤੋਰਨਾ ਅਤੇ ਵਿਦਿਆਰਥੀਆਂ ਨੂੰ ਅਜਿਹੇ ਵਿਗਿਆਨੀਆ, ਖੋਜਕਾਰਾਂ ਅਤੇ ਵਿਗਿਆਨ ਵਾਰੇ ਜਾਣਕਾਰੀ ਦੇਣ ਵਾਲੇ ਵਿਸ਼ਿਆਂ ਨੂੰ ਪਾਠਕ੍ਰਮਾਂ ਵਿੱਚ ਸ਼ਾਮਿਲ ਕਰਨਾ ਸਮੇਂ ਦੀ ਲੋੜ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਖੰਨਾ ਪੁਲਿਸ ਨੇ ਫਾਇਰਿੰਗ ਦੌਰਾਨ ਦੋ ਬਦਮਾਸ਼ ਕੀਤੇ ਕਾਬੂ, ਕੁਝ ਦਿਨ ਪਹਿਲਾਂ ਕਾਲਜ ਵਿੱਚ ਚਲਾਈ ਸੀ ਗੋਲੀ ਤੇ ਪੈਟਰੋਲ ਪੰਪ ਸੀ ਲੁੱਟਿਆ
Next articleਪ੍ਰਾਇਮਰੀ ਸਕੂਲ ਭੂੰਦੜ ਦੇ ਅਲਬਖਸ਼ ਦੀ ਹੋਈ ਸਪੋਰਟਸ ਸਕੂਲ ਘੁੱਦਾ ਵਿੱਚ ਚੋਣ