“ਤਕਨੀਕੀ ਅਤੇ ਕਿੱਤਾਮੁਖੀ ਕੋਰਸ ਸਮੇਂ ਦੀ ਲੋੜ”

ਕੁਲਦੀਪ ਸਿੰਘ ਸਾਹਿਲ
 (ਸਮਾਜ ਵੀਕਲੀ)  ਹਰ ਸਾਲ 15 ਜੁਲਾਈ ਨੂੰ ਪੂਰੀ ਦੁਨੀਆਂ ਵਿੱਚ ਵਿਸ਼ਵ ਯੁਵਾ ਹੁਨਰ ਦਿਵਸ, ਨੌਜਵਾਨਾਂ ਨੂੰ ਰੁਜ਼ਗਾਰ, ਵਧੀਆ ਕੰਮ, ਦੇਸ਼ ਅਤੇ ਉਨ੍ਹਾਂ ਦੀ ਆਪਣੀ ਤਰੱਕੀ ਲਈ ਜ਼ਰੂਰੀ ਹੁਨਰਾਂ ਨਾਲ ਲੈਸ ਕਰਨ ਦੀ ਮਹੱਤਤਾ ਨੂੰ ਸਵੀਕਾਰ ਕਰਨ ਲਈ ਇੱਕ ਜਾਗਰੂਕਤਾ ਉਦੇਸ਼ ਵਜੋਂ ਮਨਾਇਆ ਜਾਂਦਾ ਹੈ । ਅੱਜ ਦੇਸ਼ ਅਤੇ ਦੁਨੀਆਂ ਵਿੱਚ ਵਿਕਸਿਤ ਹੋ ਰਹੀ ਤਕਨਾਲੋਜੀ ਅਤੇ ਲੇਬਰ ਬਜ਼ਾਰ ਦੀ ਗਤੀਸ਼ੀਲਤਾ ਨੂੰ ਬਦਲਣ ਦੇ ਮੱਦੇਨਜ਼ਰ, ਨੌਜਵਾਨਾਂ ਨੂੰ ਸਮੇਂ ਦੇ ਅਨੁਕੂਲ ਅਤੇ ਬਹੁਮੁਖੀ ਹੁਨਰ ਦੇ ਹਾਣੀ ਬਣਾਉਣਾ ਜ਼ਰੂਰੀ ਹੋ ਗਿਆ ਹੈ। ਹਰ ਸਾਲ ਵਿਸ਼ਵ ਯੁਵਾ ਹੁਨਰ ਦਿਵਸ ਮਨਾਉਣ ਦੇ ਮਾਧਿਅਮ ਰਾਹੀਂ, ਅਸੀਂ ਇੱਕ ਅਜਿਹੇ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰੀ ਭੂਮਿਕਾ ਨੂੰ ਪਛਾਣਦੇ ਹਾਂ ਜੋ ਨੌਜਵਾਨਾਂ ਨੂੰ ਕੰਮ ਦੀ ਤੇਜ਼ੀ ਨਾਲ ਬਦਲਦੀ ਦੁਨੀਆਂ ਵਿੱਚ ਪ੍ਰਫੁੱਲਤ ਹੋਣ ਲਈ ਲੋੜੀਂਦੀਆਂ ਯੋਗਤਾਵਾਂ ਵਿਕਸਿਤ ਕਰਨ ਦੇ ਯੋਗ ਬਣਾਉਂਦਾ ਹੈ। ਹਰ ਵਿਕਸਤ ਦੇਸ਼ ਦੀ ਤਰੱਕੀ ਪਿਛੇ ਉਥੋਂ ਦੀ ਚੰਗੀ ਸਿੱਖਿਆ ਪ੍ਰਣਾਲੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦੁਨੀਆਂ ਵਿੱਚ ਜਿੰਨੇ ਵੀ ਵਿਕਸਤ ਦੇਸ਼ ਹੋਏ ਹਨ ਉਨ੍ਹਾਂ ਨੇ ਆਪਣੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਤਕਨੀਕ ਨਾਲ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਦੇਸ਼ਾਂ ਨੇ ਵਿਗਿਆਨਕ, ਖੋਜ, ਕਿੱਤਾਮੁਖੀ ਅਤੇ ਤਕਨੀਕੀ ਸਿੱਖਿਆ ਤੇ ਜ਼ੋਰ ਦਿੱਤਾ ਹੈ ਪਰ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਇਨ੍ਹਾਂ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਪਿੱਛੇ ਹੈ ਇਥੇ ਵੀ ਹਰ ਇਨਸਾਨ ਆਪਣੀ ਜ਼ਿੰਦਗੀ ਵਿਚ ਕੁਝ ਅਜਿਹਾ ਕਰਨਾ ਚਾਹੁੰਦਾ ਹੈ, ਜਿਸ ਨਾਲ ਉਸ ਦੀ ਪਹਿਚਾਣ ਵੀ ਬਣੇ ਅਤੇ ਰੁਜ਼ਗਾਰ ਦਾ ਸਾਧਨ ਵੀ ਮਿਲ ਸਕੇ। ਅਜੋਕੀ ਤੇਜ਼ ਤਰਾਰ ਜ਼ਿੰਦਗੀ ਵਿਚ ਸਿੱਖਿਆ ਨੂੰ ਕਿੱਤਾਮੁਖੀ ਬਣਾਉਣਾ ਲਾਜ਼ਮੀ ਹੈ। ਜਿਸ ਦੇ ਮੱਦੇਨਜਰ ਦੁਨੀਆਂ ਭਰ ਵਿਚ ਸੌਰਟ ਟਰਮ ਤੇ ਲੌਂਗ ਟਰਮ / ਮਨਜ਼ੂਰ ਸ਼ੁਦਾ ਕੋਰਸ ਕਰਵਾਏ ਜਾ ਰਹੇ ਹਨ। ਜੇਕਰ ਪੰਜਾਬ ਵਿੱਚ (ITI) ਆਈ.ਟੀ.ਆਈ. ਦੇ ਕਿੱਤਾਮੁਖੀ ਕੋਰਸਾਂ ਬਾਰੇ ਵਿਚਾਰ ਕਰੀਏ ਤਾਂ ਇਥੇ ਵੀ ਬਹੁਤ ਸਾਰੇ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ।
(I.T.I) ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ ਜੋ ਕਿ 1950 ਵਿਚ ਸ਼ੁਰੂ ਹੋਈ ਅਤੇ ਇਹ (MSDE) ਮਨੀਸਟਰੀ ਆਫ ਸਕਿਲ ਡਿਵੈਲਪਮੈਂਟ ਅਤੇ ਇੰਟਰਪ੍ਰੀਨਿਉਰਸ਼ਿਪ ਅਧੀਨ ਆਉਂਦੀ ਹੈ। ਆਈ.ਟੀ.ਆਈ. ਅਧੀਨ ਬਹੁਤ ਸਾਰੇ ਤਕਨੀਕੀ ਕੋਰਸਾਂ ਨੂੰ ਰੱਖਿਆ ਜਾਂਦਾ ਹੈ। ਜਿਸ ਵਿਚ ਕਰੀਬ ਛੇ ਮਹੀਨੇ ਤੋਂ ਲੈਕੇ ਦੋ  ਜਾਂ ਤਿੰਨ ਸਾਲ ਦੇ ਅਰਸੇ ਵਾਲੇ ਕੋਰਸ ਆ ਜਾਂਦੇ ਹਨ।  ਅੱਠਵੀਂ ਪਾਸ ਵਿਦਿਆਰਥੀਆਂ ਕੋਲ ਵੀ ਕਿੱਤਾਮੁਖੀ ਕੋਰਸਾਂ ਦੀਆਂ ਬਹੁਤ ਸਾਰੇ  ਵਿਕਲਪ ਹਨ ਜਿਵੇਂ ਕਿ ਪਲੰਬਰ ਦਾ ਕੋਰਸ, ਟਰੈਕਟਰ, ਮਕੈਨਿਕ , ਵੁਡ ਵਰਕ (ਲੱਕੜ ਖਰਾਦ), ਖੇਡਾਂ ਦਾ ਸਮਾਨ ਬਣਾਉਣਾ, ਚਮੜੇ ਦਾ ਸਮਾਨ ਬਣਾਉਣਾ, ਕਟਾਈ ਸਿਲਾਈ, ਨੀਡਲ ਵਰਕ, ਵੈਲਡਰ (ਬਿਜਲੀ ਤੇ ਗੈਸ), ਕਾਰਪੇਂਟਰ, ਫਾਉਂਡਰੀਮੈਨ ਅਤੇ ਸੀਟ ਮੇਕਰ ਵਰਕਰ ਆਦਿ ਇਕ ਸਾਲਾ ਕੋਰਸ ਕੀਤੇ ਜਾ ਸਕਦੇ ਹਨ। ਜੇਕਰ ਦੋ ਸਾਲਾ ਕਿੱਤਾ ਕੋਰਸ ਦੀ ਗੱਲ ਕਰੀਏ ਤਾਂ ਵਾਇਰ ਮੈਨ ਅਤੇ ਪੇਂਟਰ (ਜਨਰਲ) ਆਦਿ ਕੋਰਸ ਕੀਤੇ ਜਾ ਸਕਦੇ ਹਨ। 10ਵੀਂ ਜਮਾਤ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਵੀ ਆਈ.ਟੀ.ਆਈ. ਸੰਸਥਾਵਾਂ ਵੱਲੋਂ ਵੱਖ-ਵੱਖ ਸੁਵਿਧਾਵਾਂ ਅਤੇ ਸਕਾਲਰਸ਼ਿੱਪ ਅਧੀਨ ਪੰਜਾਬ ਵਿਚ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ ਜਿਵੇਂ ਕਿ ਸਟੈਨੋਗ੍ਰਾਫੀ ( ਅੰਗਰੇਜ਼ੀ ਅਤੇ ਪੰਜਾਬੀ) , ਡੀਜ਼ਲ ਮਕੈਨਿਕ, ਸੀਟ ਮੈਂਟਲ ਵਰਕਰ ਕਟਿੰਗ ਟੇਲਰਿੰਗ, ਡਰੈੱਸ ਮੇਕਿੰਗ ਹੈਂਡ ਕੰਪੋਜ਼ਿਟਰ ,ਕੰਪਿਊਟਰ ਹਾਰਡ ਵੇਅਰ, ਕਾਰਪੇਂਟਰ, ਟਰੈਕਟਰ ਮਕੈਨਿਕ ਆਦਿ ਇਸੇ ਤਰ੍ਹਾਂ ਦਸਵੀਂ ਜਮਾਤ ਤੋਂ ਬਾਅਦ ਵਿਦਿਆਰਥੀ ਦੋ ਸਾਲਾਂ ਕੋਰਸ ਵੀ ਕਰ ਸਕਦੇ ਹਨ ਜਿਵੇਂ ਕਿ ਡਰਾਫਟਸਮੈਨ, ਸਿਵਲ ਜਾਂ ਮਕੈਨੀਕਲ, ਫ਼ਿਟਰ, ਟਰਨਰ, ਇਲੈਕਟ੍ਰਿਸੀਅਨ, ਮੋਟਰ ਮਕੈਨਿਕ, ਸਰਵੇਅਰ, ਰੈਫਰੀਜਰੇਟਰ, ਅਤੇ ਮਕੈਨੀਕਲ ਇਨਸਟਰੂਮੈਟ ਆਦਿ
ਇਹ ਕੋਰਸ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਹਨ। ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਦਾਖਲਾ ਫੀਸਾਂ ਲਗਭਗ ਨਾ-ਮਾਤਰ ਹੀ ਹੁੰਦੀਆਂ ਹਨ।
ਆਈ.ਟੀ.ਆਈ. ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਥਿਊਰੀ ਨਾਲੋਂ ਪ੍ਰੈਕਟਿਕਲ ਜ਼ਿਆਦਾ ਕਰਵਾਇਆ ਜਾਂਦਾ ਹੈ।ਆਈ.ਟੀ.ਆਈ. ਸੰਸਥਾ ਵਿਚ ਦਾਖਲਾ ਲੈਣਾ ਬਹੁਤ ਆਸਾਨ ਹੈ, ਜਿਸ ਲਈ ਆਨ-ਲਾਈਨ ਫਾਰਮ ਭਰਿਆ ਜਾ ਸਕਦਾ ਹੈ। ਆਈ.ਟੀ.ਆਈ. ਕੋਰਸ ਕਰਨ ਉਪਰੰਤ ਵਿਦਿਆਰਥੀ ਆਰਮੀ ਦੇ ਟੈਕਨੀਕਲ ਵਿੰਗ ( ਜਿਵੇਂ : ਵੈਲਡਰ, ਫੀਟਰ ਪਲੰਬਰ, ਇਲੈਕਟ੍ਰੀਸੀਅਨ (ਹੇਅਰ ਕਟਰ ਅਤੇ ਡਰੈੱਸ ਡਿਜ਼ਾਈਨਰ ਆਦਿ) ਵਿਚ ਆਪਣੀਆਂ ਸੇਵਾਵਾਂ ਦੇਣ ਦੇ ਯੋਗ ਬਣ ਸਕਦੇ ਹਨ । ਇਸੇ ਤਰ੍ਹਾਂ ਰੇਲਵੇ ਵਿਚ ਵੀ ਟੈਕਨੀਕਲ ਅਸਾਮੀਆਂ ਵਾਸਤੇ ਯੋਗਤਾ ਬਣ ਜਾਂਦੀ ਹੈ ਮਸਲਨ, ਕਿ ਵਿਦਿਆਰਥੀ ਥੋੜੀ ਜਿਹੀ ਜਾਣਕਾਰੀ ਅਤੇ ਮਿਹਨਤ ਨਾਲ ਆਪਣੇ ਹੁਨਰ ਦਾ ਆਪ ਮੁੱਲ ਪਵਾ ਸਕਦੇ ਹਨ ਜਿੰਨ੍ਹੀ ਵਿਦਿਆਰਥੀਆਂ ਦੇ ਹੱਥ ਵਿਚ ਸਫਾਈ ਤੇ ਕਲਾ ਹੋਵੇਗੀ ਉਨ੍ਹਾਂ ਹੀ ਵਧੀਆ ਰੁਜ਼ਗਾਰ ਹਾਸਲ ਕਰ ਸਕਦੇ ਹਨ ਇਸੇ ਤਰ੍ਹਾਂ ਵਿਦਿਆਰਥੀ ਦਸਵੀਂ ਜਮਾਤ ਤੋਂ ਬਾਅਦ ਪੋਲੀਟੈਕਨਿਕ ਦੀ ਪੜ੍ਹਾਈ ਵੀ ਕਰ ਸਕਦੇ ਹਨ ਅਤੇ ਅਤੇ ਬਾਰਵੀਂ ਨਾਨ ਮੈਡੀਕਲ ਤੋਂ ਬਾਅਦ ਬੀ ਟੈਕ ਦੀ ਪੜ੍ਹਾਈ ਕਰ ਸਕਦੇ ਹਨ। ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਜਾਣਕਾਰੀ ਦੀ ਘਾਟ ਕਰਕੇ ਇਨ੍ਹਾਂ ਕੋਰਸਾਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਦਸਵੀਂ ਪਾਸ ਕਰਨ ਉਪਰੰਤ ਉਨ੍ਹਾਂ ਨੂੰ ਬਿਨਾ ਕਿਸੇ ਕਿੱਤਾ ਮੁੱਖੀ ਕੋਰਸ ਦੇ ਰੁਜ਼ਗਾਰ ਲੈਣ ਲਈ ਬੜੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਦਿਹਾਤੀ ਖੇਤਰ ਦੇ ਵਿਦਿਆਰਥੀ ਸਹੀ ਜਾਣਕਾਰੀ ਦੀ ਘਾਟ ਕਾਰਨ ਇਨ੍ਹਾਂ ਕੋਰਸਾਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਰੁਜ਼ਗਾਰ ਨਾ ਮਿਲਣ ਕਰਕੇ ਨਿਰਾਸ਼ਾ ਵੱਲ ਤੁਰ ਪੈਂਦੇ ਹਨ ਜੋ ਹੌਲੀ ਹੌਲੀ ਨਸ਼ਿਆਂ ਦਾ ਕਾਰਨ ਵੀ ਬਣ ਜਾਂਦੀ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਟਰੰਪ ਦੀ ਰੈਲੀ ‘ਚ ਗੋਲੀਬਾਰੀ ਕਰਨ ਵਾਲਾ ਹਮਲਾਵਰ ਢੇਰ, ਇੱਕ ਦਰਸ਼ਕ ਦੀ ਵੀ ਹੋਈ ਮੌਤ। ਸਾਬਕਾ ਪ੍ਰੈਜ਼ੀਡੈਂਟ ਸੁਰੱਖਿਅਤ
Next articleਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਤੇ 21 ਜੁਲਾਈ ਦੀ ਜਲੰਧਰ ਕਨਵੈਨਸ਼ਨ ਦੀ ਤਿਆਰੀ ਸੰਬੰਧੀ ਮੀਟਿੰਗ ਹੋਈ -ਤਰਕਸ਼ੀਲ