ਚਿੜੂ

ਹਰਪ੍ਰੀਤ ਕੌਰ ਸੰਧੂ

(ਸਮਾਜਵੀਕਲੀ)–  ਘਰ ਬਹੁਤ ਖੁੱਲ੍ਹਾ ਤੇ ਹਵਾਦਾਰ ਹੈ।ਕਈ ਤਰ੍ਹਾਂ ਦੇ ਦਰੱਖਤ ਲੱਗੇ ਹੋਏ ਹਨ।ਇਨ੍ਹਾਂ ਦਰੱਖਤਾਂ ਦੀ ਬਦੌਲਤ ਕਈ ਪੰਛੀ ਆਉਂਦੇ ਜਾਂਦੇ ਰਹਿੰਦੇ ਹਨ।ਇਹ ਨਿੱਤ ਦੇ ਪ੍ਰਾਹੁਣੇ ਜੀਅ ਲਾਈ ਰੱਖਦੇ ਹਨ।ਸੁੱਖ ਨਾਲ ਭਰਿਆ ਪੂਰਾ ਪਰਿਵਾਰ ਹੈ ਜਿਸ ਵਿੱਚ ਮਾਤਾ ਜੀ ਦੋ ਲੈਬਰੇਡਾਰ, ਇੱਕ ਖ਼ਰਗੋਸ਼ ਤੇ ਇੱਕ ਤੋਤਾ ਮੇਰੇ ਨਾਲ ਰਹਿੰਦੇ ਹਨ।ਇਕ ਦਿਨ ਅੰਬ ਦੇ ਦਰਖ਼ਤ ਦੇ ਉੱਤੇ ਇੱਕ ਛੋਟਾ ਜਿਹਾ ਤੋਤੇ ਦਾ ਬੱਚਾ ਦਿਖਾਈ ਦਿੱਤਾ।ਨੀਝ ਲਾ ਕੇ ਵੇਖਿਆ ਮੈਂ ਤਾਂ ਉਹ ਬਹੁਤ ਛੋਟਾ ਬੱਚਾ ਸੀ।ਉਸ ਦਰੱਖਤ ਉੱਤੇ ਕੋਈ ਖੁੱਡ ਨਹੀਂ ਹੈ।ਸਮਝ ਨਹੀਂ ਆਈ ਕਿ ਬੱਚਾ ਕਿੱਥੋਂ ਆਇਆ।ਘਰ ਵਿੱਚ ਕੰਮ ਕਰਨ ਵਾਲੇ ਮੁੰਡੇ ਨੂੰ ਕਿਹਾ ਦੇਖ ਇਹ ਬੱਚਾ ਕਿੱਥੋਂ ਆਇਆ ਹੈ ?ਕਿਤੇ ਕੱਲਾ ਹੀ ਤਾਂ ਨਹੀਂ ਰਹਿ ਗਿਆ।ਬੱਚਾ ਕੁਝ ਤੇ ਸਾਡੇ ਵੱਲ ਦੇਖਦਾ ਫਿਰ ਅੰਬ ਦੀਆਂ ਟਾਹਣੀਆਂ ਵਿੱਚ ਜਾ ਲੁਕਦਾ।ਥੋੜ੍ਹੀ ਦੇਰ ਬਾਅਦ ਫਿਰ ਬਾਹਰ ਆ ਜਾਂਦਾ।ਬਿਲਕੁਲ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਛੋਟਾ ਜਿਹਾ ਬੱਚਾ ਆਪਣੀ ਮਾਂ ਨਾਲ ਲੁਕਣ ਮੀਚੀ ਖੇਡ ਦਾ ਹੋਵੇ।ਬਚੀ(ਉਸ ਮੁੰਡੇ ਦਾ ਨਾਂ ਜੋ ਘਰ ਵਿਚ ਕੰਮ ਕਰਦਾ ਹੈ)ਨੇ ਕਿਹਾ ਦੀਦੀ ਆਲੇ ਦੁਆਲੇ ਕੋਈ ਹੋਰ ਤੋਤਾ ਤਾਂ ਦਿਖਾਈ ਨਹੀਂ ਦਿੰਦਾ।ਆਪਾਂ ਇਸ ਨੂੰ ਰੱਖ ਲੈਂਦੇ ਹਾਂ ਨਹੀਂ ਤਾਂ ਬਾਹਰ ਇਸ ਨੂੰ ਕੋਈ ਨਾ ਕੋਈ ਜਾਨਵਰ ਖਾ ਜਾਏਗਾ ।ਫਿਰ ਕੀ ਸੀ ਨਵੇਂ ਆਏ ਪ੍ਰਾਹੁਣੇ ਦਾ ਚਾਅ ਚੜ੍ਹ ਗਿਆ।ਬਚੀ ਨੇ ਦਰੱਖਤ ਤੇ ਚੜ੍ਹ ਕੇ ਉਸ ਨੂੰ ਉਤਾਰਿਆ।ਬਹੁਤ ਪਿਆਰਾ ਬੱਚਾ ਸਾਡੇ ਘਰ ਪ੍ਰਾਹੁਣਾ ਆਇਆ।ਮਾਤਾ ਜੀ ਨੇ ਬਹੁਤ ਦੁਲਾਰ ਕੀਤਾ। ਉਸ ਦਾ ਨਾਂ ਅਸੀਂ ਚਿਡ਼ੂ ਰੱਖ ਲਿਆ ।ਚਿਡ਼ੀ ਛੇਤੀ ਹੀ ਘਰ ਵਿੱਚ ਹਰਮਨ ਪਿਆਰਾ ਹੋ ਗਿਆ।ਛੋਟੀਆਂ ਛੋਟੀਆਂ ਛਾਲਾਂ ਮਾਰਨ ਲੱਗਾ।ਉਸ ਦੀ ਚਾਲ ਵਿੱਚ ਅਜੀਬ ਜਿਹੀ ਤੇਜ਼ੀ ਸੀ।ਉਸ ਤੇਜ਼ੀ ਨੂੰ ਦੇਖ ਕੇ ਮੈਨੂੰ ਬਾਰ ਬਾਰ ਇੰਝ ਲੱਗਦਾ ਜਿਵੇਂ ਕੁਦਰਤ ਨੇ ਉਸ ਦੀ ਕਿਸੇ ਕਮੀ ਨੂੰ ਪੂਰੀ ਕਰਨ ਲਈ ਇਹ ਤੇਜ਼ੀ ਦਿੱਤੀ ਹੋਵੇ।ਮੇਰਾ ਸ਼ੱਕ ਸਹੀ ਨਿਕਲਿਆ।ਚਿੜੂ ਜਿਵੇਂ ਜਿਵੇਂ ਵੱਡਾ ਹੋ ਰਿਹਾ ਸੀ ਉਸ ਦੇ ਆਕਾਰ ਵਿੱਚ ਬਹੁਤੀ ਤਬਦੀਲੀ ਨਹੀਂ ਆ ਰਹੀ ਸੀ। ਉਸਦੇ ਪਰ ਬਿਲਕੁਲ ਹੀ ਨਹੀਂ ਵਧ ਰਹੇ ਸਨ।ਉੱਪਰ ਤੋਂ ਨੀਚੇ ਛਾਲ ਮਾਰ ਲੈਂਦਾ ਪਰ ਨੀਚ ਤੋਂ ਉਪਰ ਨਹੀਂ ਜਾ ਸਕਦਾ ਸੀ ਕਹਿਣ ਦਾ ਭਾਵ ਉੱਡ ਨਹੀਂ ਸਕਦਾ ਸੀ।ਸ਼ਾਇਦ ਇਸ ਕਮੀ ਕਰਕੇ ਹੀ ਪਰਮਾਤਮਾ ਨੇ ਉਸ ਨੂੰ ਘਰ ਭੇਜ ਦਿੱਤਾ ਸੀ ਉਹ ਤਾਂ ਜੋ ਉਸ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਜਾ ਸਕੇ।ਚਿਡ਼ੂ ਨੇ ਉੱਡਦੇ ਹੋਏ ਪੰਛੀ ਨਹੀਂ ਦੇਖੇ ਸਨ ਇਸ ਲਈ ਸ਼ਾਇਦ ਉਸ ਨੂੰ ਮਹਿਸੂਸ ਵੀ ਨਹੀਂ ਹੁੰਦਾ ਕਿ ਉਸ ਵਿੱਚ ਕੋਈ ਕਮੀ ਹੈ।ਮਿੱਠੂ ਜੋ ਪਹਿਲਾਂ ਸਾਡੇ ਕੋਲ ਹੈ,ਤੇ ਪਰ ਕੱਟੇ ਹੋਏ ਸਨ।ਕਿਸ ਜ਼ਾਲਮ ਨੇ ਉਸ ਦੇ ਪਰ ਕੱਟ ਦਿੱਤੇ ਸਨ ਤਾਂ ਜੋ ਉਹ ਪੜ੍ਹ ਨਾ ਸਕੇ।ਇਨਸਾਨ ਹਰ ਕਿਸੇ ਨੂੰ ਬੰਨ੍ਹ ਕੇ ਨਾਲ ਰੱਖ ਲੈਣਾ ਚਾਹੁੰਦਾ ਹੈ।ਨਹੀਂ ਜਾਣਦਾ ਕਿ ਬੰਨ੍ਹਿਆ ਸਿਰਫ਼ ਪਿਆਰ ਨਾਲ ਹੀ ਜਾ ਸਕਦਾ ਹੈ।ਮਿੱਠੂ ਉੱਡ ਨਹੀਂ ਸਕਦਾ ਸਿਰਫ਼ ਪਰਦੇ ਦੇ ਸਹਾਰੇ ਪੈਲਮੈਟ ਤੇ ਜਾ ਬਹਿੰਦਾ ਹੈ।ਕਿਸੇ ਵਾਕਫ਼ ਦੇ ਸ਼ੈੱਲਰ ਤੇ ਕੰਮ ਕਰਨ ਵਾਲਿਆਂ ਨੇ ਉਸ ਦੇ ਪਰ ਕੱਟਕੇ ਉਸਨੂੰ ਪਿੰਜਰੇ ਵਿੱਚ ਪਾ ਰੱਖਿਆ ਸੀ।ਇੱਕ ਹਜਾਰ ਰੁਪਿਆ ਉਨ੍ਹਾਂ ਬੰਦਿਆਂ ਨੂੰ ਦੇ ਕੇ ਮਿੱਠੂ ਉਨ੍ਹਾਂ ਤੋਂ ਲੈ ਲਿਆ ਸੀ।ਮਿੱਠੂ ਤੇ ਜ਼ਿੰਦਗੀ ਨੂੰ ਜਿੰਨਾ ਕੁ ਸੰਵਾਰ ਸਕਦੇ ਸੰਵਾਰਨ ਦੀ ਕੋਸ਼ਿਸ਼ ਕਰਦੇ ਹਾਂ ।ਚਿੜੀ ਬਹੁਤ ਪਿਆਰਾ ਬੱਚਾ ਹੈ।ਮਿੱਠੂ ਆਪਣੇ ਪੁਰਾਣੇ ਤਜਰਬਿਆਂ ਕਰਕੇ ਹਰ ਕਿਸੇ ਤੋਂ ਡਰਦਾ ਹੈ।ਸਾਲ ਤੋਂ ਨਾਲ ਰਹਿਣ ਦੇ ਬਾਵਜੂਦ ਵੀ ਉਸ ਨੂੰ ਅਜੇ ਭਰੋਸਾ ਕਿਸੇ ਤੇ ਨਹੀਂ ਹੋਇਆ।ਚਿੜੂ ਤਾਂ ਸਭ ਦੀਆਂ ਅੱਖਾਂ ਦਾ ਤਾਰਾ ਬਣ ਗਿਆ।ਉਨ੍ਹਾਂ ਨੂੰ ਖੇਡਣ ਲਈ ਇਕ ਨਕਲੀ ਦਰੱਖ਼ਤ ਲਿਆ ਦਿੱਤਾ ਜਿਸ ਉੱਤੇ ਬੈਠ ਕੇ ਉਹ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ।ਸਵੇਰ ਸ਼ਾਮ ਉਨ੍ਹਾਂ ਨੂੰ ਜਾਲੀ ਵਾਲੀ ਖਿੜਕੀ ਕੋਲ ਰੱਖ ਦਿੰਦੀ ਤਾਂ ਜੋ ਉਹ ਦੂਜੇ ਪੰਛੀਆਂ ਦੀਆਂ ਆਵਾਜ਼ਾਂ ਸੁਣ ਕੇ ਉਨ੍ਹਾਂ ਨੂੰ ਮਹਿਸੂਸ ਕਰ ਸਕਣ। ਮਿੱਠੂ ਤੇ ਚਿੜੂ ਦੀ ਵੇਦਨਾ ਨੂੰ ਸਮਝਦੀ ਹਾਂ ਪਰ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਨੂੰ ਉੱਡਣਾ ਨਹੀਂ ਸਿਖਾ ਸਕਦੀ।ਕੋਸ਼ਿਸ਼ ਰਹਿੰਦੀ ਹੈ ਉਨ੍ਹਾਂ ਨੂੰ ਇੰਨਾ ਪਿਆਰ ਦਿੱਤਾ ਜਾਵੇ ਕਿ ਉਨ੍ਹਾਂ ਨੂੰ ਕਮੀ ਦਾ ਅਹਿਸਾਸ ਹੀ ਨਾ ਹੋਵੇ।ਘਰ ਵਿੱਚ ਖੇਡਦੇ ਉਹ ਸਮੋਕੀ ਤੇ ਪਲੂਟੋ ਦੇ ਉੱਤੇ ਸਵਾਰੀਆਂ ਕਰਦੇ ਹਨ।(ਸਮੋਕੀ ਤੇ ਪਲੂਟੋ ਦੋ ਲੈਬਰੇਡੋਰ ਹਨ) ਬੱਚਿਆਂ ਨਾਲ ਘਰ ਵਿੱਚ ਰੌਣਕ ਬਣੀ ਰਹਿੰਦੀ ਹੈ।

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ-ਬੋਲੀ
Next articleਦੋ ਪਲ ਦੀ ਯਾਦ