HOME ਅੱਜ ਅਧਿਆਪਕ ਦਿਵਸ ‘ਤੇ ਅਧਿਆਪਕ ਦਾ ਸਨਮਾਨ ਹੀ ਵਿਦਿਆਰਥੀ ਦੀ ਸਫਲਤਾ

ਅੱਜ ਅਧਿਆਪਕ ਦਿਵਸ ‘ਤੇ ਅਧਿਆਪਕ ਦਾ ਸਨਮਾਨ ਹੀ ਵਿਦਿਆਰਥੀ ਦੀ ਸਫਲਤਾ

5
ਪਲਕਪ੍ਰੀਤ ਕੌਰ ਬੇਦੀ

 (ਸਮਾਜ ਵੀਕਲੀ)  ਅਧਿਆਪਕ ਦੇਸ਼ ਦਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ, ਕਿਉਂਕਿ ਉਹ ਸਮਾਜ ਦਾ ਭਵਿੱਖ ਸਵਾਰਦੇ ਹਨ। ਅਧਿਆਪਕ ਸਿਰਫ਼ ਪਾਠ ਪੁਸਤਕਾਂ ਦਾ ਗਿਆਨ ਹੀ ਨਹੀਂ ਦੇਂਦੇ, ਸਗੋਂ ਉਹ ਆਪਣੇ ਵਿਦਿਆਰਥੀਆਂ ਨੂੰ ਜੀਵਨ ਦੇ ਉੱਚੇ ਆਦਰਸ਼ਾਂ, ਸੱਚਾਈਆਂ ਅਤੇ ਸੰਸਕਾਰਾਂ ਨਾਲ ਵੀ ਜਾਣੂ ਕਰਵਾਉਂਦੇ ਹਨ। ਇਸੇ ਮਹਾਨ ਭੂਮਿਕਾ ਨੂੰ ਸਨਮਾਨ ਦੇਣ ਲਈ ਹਰ ਸਾਲ 5 ਸਤੰਬਰ ਨੂੰ “ਅਧਿਆਪਕ ਦਿਵਸ” ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਮਹਾਨ ਵਿਦਵਾਨ ਅਤੇ ਰਾਸ਼ਟਰਪਤੀ ਰਹੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ਮੌਕੇ ‘ਤੇ ਮਨਾਇਆ ਜਾਂਦਾ ਹੈ। ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਿੱਖਿਆ ਅਤੇ ਮਨੁੱਖੀ ਮੁੱਲਾਂ ਨੂੰ ਸਮਰਪਿਤ ਕੀਤੀ। ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਇੱਕ ਮਹਾਨ ਅਧਿਆਪਕ, ਦਾਰਸ਼ਨਿਕ ਅਤੇ ਵਿਦਵਾਨ ਸਨ, ਜਿਨ੍ਹਾਂ ਦਾ ਜਨਮ 5 ਸਤੰਬਰ 1888 ਨੂੰ ਤਿਰੂਤਾਣੀ (ਚੇਨਈ ) ਵਿਖੇ ਹੋਇਆ। ਗਰੀਬ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ, ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਆਪਣੇ ਜੀਵਨ ਦੇ 40 ਸਾਲ ਇੱਕ ਆਦਰਸ਼ ਅਧਿਆਪਕ ਵਜੋਂ ਬਿਤਾਏ ਅਤੇ ਵਿਸ਼ਵ ਭਰ ਵਿੱਚ ਭਾਰਤੀ ਦਾਰਸ਼ਨਿਕਤਾ ਦਾ ਮਾਣ ਵਧਾਇਆ। ਅਧਿਆਪਕਾਂ ਦੀ ਮਹਾਨਤਾ ਨੂੰ ਉਭਾਰਨ ਲਈ ਹਰ ਸਾਲ ਉਨ੍ਹਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।  ਜਿਸ ਦੇਸ਼ ਵਿੱਚ ਅਧਿਆਪਕਾਂ ਨੂੰ ਆਦਰ-ਸਤਿਕਾਰ ਮਿਲਦਾ ਹੈ, ਉਹ ਦੇਸ਼ ਹਮੇਸ਼ਾ ਤਰੱਕੀ ਦੀਆਂ ਚੋਟੀਆਂ ‘ਤੇ ਪਹੁੰਚਦਾ ਹੈ। ਪਰ ਇਹ ਸਤਿਕਾਰ ਸਿਰਫ਼ ਸਰਕਾਰੀ ਪੱਧਰ ਤੱਕ ਸੀਮਿਤ ਨਹੀਂ ਰਹਿੰਦਾ, ਇਸ ਨਾਲ ਵੀ ਵੱਧ ਅਹਿਮ ਉਹ ਆਦਰ ਹੈ ਜੋ ਵਿਦਿਆਰਥੀ ਆਪਣੇ ਅਧਿਆਪਕਾਂ ਲਈ ਦਿਲੋਂ ਮਹਿਸੂਸ ਕਰਦੇ ਹਨ। ਉਹ ਵਿਦਿਆਰਥੀ ਜੋ ਆਪਣੇ ਅਧਿਆਪਕਾਂ ਨਾਲ ਮਾਣ-ਸਤਿਕਾਰ ਦਾ ਰਿਸ਼ਤਾ ਬਣਾਈ ਰੱਖਦੇ ਹਨ, ਜੀਵਨ ਵਿੱਚ ਜ਼ਰੂਰ ਕਾਮਯਾਬੀ ਪ੍ਰਾਪਤ ਕਰਦੇ ਹਨ। ਮੇਰੀ ਆਪਣੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਅਧਿਆਪਕ ਹਨ ਜਿਨ੍ਹਾਂ ਨੇ ਮੇਰੇ ਸੁਪਨੇ ਪਛਾਣੇ, ਮੇਰੇ ਵਿਚ ਹੌਸਲਾ ਭਰਿਆ ਅਤੇ ਮੈਨੂੰ ਇਹ ਵਿਸ਼ਵਾਸ ਦਿੱਤਾ ਕਿ ਮੈਂ ਆਪਣਾ ਰਸਤਾ ਆਪ ਚੁਣ ਸਕਦੀ ਹਾਂ। ਉਹ ਸਿਰਫ਼ ਗਿਆਨ ਦੇਣ ਵਾਲੇ ਹੀ ਨਹੀਂ ਹਨ, ਸਗੋਂ ਮੇਰੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲੇ ਪ੍ਰੇਰਕ ਵੀ ਹਨ। ਇਕ ਸੱਚਾ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਉੱਚੇ ਆਦਰਸ਼ਾਂ ਅਤੇ ਮਨੁੱਖਤਾ ਦੀ ਸਿੱਖਿਆ ਦਿੰਦਾ ਹੈ। ਵਿਦਿਆਰਥੀ ਅਜਿਹੇ ਅਧਿਆਪਕਾਂ ਨੂੰ ਕਦੇ ਵੀ ਨਹੀਂ ਭੁੱਲਦੇ, ਕਿਉਂਕਿ ਅਸਲ ਸਨਮਾਨ ਉਹਨਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਉਤਾਰ ਕੇ ਸਫਲਤਾ ਹਾਸਲ ਕਰਨਾ ਹੈ। ਅਧਿਆਪਕ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਧਿਆਪਕਾਂ ਦਾ ਆਦਰ ਸਿਰਫ਼ ਇੱਕ ਦਿਨ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਸਾਡੀ ਹਰ ਰੋਜ਼ ਦੀ ਜ਼ਿੰਦਗੀ ਵਿੱਚ ਉਹਨਾਂ ਲਈ ਮਾਣ ਅਤੇ ਪੂਰੀ ਇੱਜਤ ਹੋਣੀ ਚਾਹੀਦੀ ਹੈ।

 ਪਲਕਪ੍ਰੀਤ ਕੌਰ ਬੇਦੀ      
 ਕੇ.ਐਮ.ਵੀ. ਕਾਲਜੀਏਟ 
 ਸੀਨੀਅਰ ਸੈਕੰਡਰੀ ਸਕੂਲ, ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਮਲਾ ਸੜਕ ਦੀ ਖ਼ਸਤਾ ਹਾਲਤ ਦਾ
Next articleTHE HYDROGELS