ਪ੍ਰਿੰਸੀਪਲ ਗੁਰਮੀਤ ਕੌਰ ਦਾ ਜੀਵਨ ਸੰਘਰਸ਼ਪੂਰਣ
(ਸਮਾਜ ਵੀਕਲੀ)ਲਿਟਲ ਏਂਜਲ ਕਾਨਵੈਂਟ ਸਕੂਲ ਜੋ ਕਿ ਪ੍ਰਭਾਤ ਨਗਰ, ਗਲੀ ਨੰ. 6, ਢੋਲੇਵਾਲ ਵਿੱਚ ਸਥਿਤ ਹੈ, ਆਪਣੇ ਮੁਹੱਲੇ ਦਾ ਮੰਨਿਆ ਪਰਮੰਨਿਆ ਸਕੂਲ ਹੈ। ਜੋ ਕਿ ਪਿਛਲੇ 30 ਸਾਲਾਂ ਤੋਂ ਇਸ ਮੁਹੱਲੇ ਵਿੱਚ ਘੱਟ ਅਤੇ ਵਾਜਿਬ ਖਰਚੇ ਵਿੱਚ ਵਿੱਦਿਆ ਦੇ ਖੇਤਰ ਵਿੱਚ ਆਪਣਾ ਕੀਮਤੀ ਯੋਗਦਾਨ ਪਾ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਗੁਰਮੀਤ ਕੌਰ ਚੱਢਾ ਜੋ ਕਿ ਇਸ ਖੇਤਰ ਵਿੱਚ ਪਿਛਲੇ 46 ਸਾਲਾਂ ਤੋਂ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਹੁਣ ਤੱਕ ਉਹਨਾਂ ਦੀ ਅਣਥੱਕ ਮਿਹਨਤ ਜਾਰੀ ਹੈ । ਪ੍ਰਿੰਸੀਪਲ ਸਾਹਿਬਾਂ ਦਾ ਆਪਣਾ ਜੀਵਨ ਬੜਾ ਚੁਣੌਤੀਆਂ ਵਾਲਾ ਅਤੇ ਸੰਘਰਸ਼ਪੂਰਣ ਰਿਹਾ ਹੈ । ਗੁਰਮੀਤ ਕੌਰ ਚੱਢਾ ਜੀ ਨੇ ਇਸ ਸਕੂਲ ਦੀ ਸਥਾਪਨਾ 1994 ਵਿੱਚ ਕੀਤੀ ਜਦੋਂ ਉਹਨਾਂ ਦਾ ਛੋਟਾ ਬੇਟਾ ਸਿਰਫ 13 ਦਿਨ ਦਾ ਸੀ। ਇਸ ਤੋਂ ਪਹਿਲਾਂ ਉਹ ਇਸੀ ਮੁਹੱਲੇ ਦੇ ਇੱਕ ਸਕੂਲ ਵਿੱਚ ਹੈੱਡ ਟੀਚਰ ਵਜੋਂ ਨੌਕਰੀ ਕਰਦੇ ਸਨ। 1994 ਵਿੱਚ ਸਕੂਲ ਦੀ ਸਥਾਪਨਾ ਕਰਨ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਦੀ ਜ਼ਿੰਦਗੀ ਵਿੱਚ ਬੜੇ ਉਤਾਰ- ਚੜਾਅ ਆਏ, ਪਰ ਉਹਨਾਂ ਨੇ ਕਦੇ ਹਿੰਮਤ ਨਹੀਂ ਹਾਰੀ ਅਤੇ ਕਿਰਾਏ ਦੇ ਮਕਾਨ ਤੋਂ ਸਕੂਲ ਸ਼ੁਰੂ ਕਰ ਕੇ ਅੱਜ ਆਪਣੀ ਮਿਹਨਤ ਨਾਲ ਅਤੇ ਰੱਬ ਦੇ ਆਸ਼ੀਰਵਾਦ ਨਾਲ ਦੋ ਇਮਾਰਤੀ ਸਕੂਲ ਖੜਾ ਕੀਤਾ ਹੈ । ਅੱਜ ਅਧਿਆਪਕ ਦਿਵਸ ਤੇ ਵਿਸ਼ੇਸ਼ ਉਹ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਹਿੰਦੇ ਹਨ ਕਿ ਅਧਿਆਪਕ ਸਾਡੇ ਸਮਾਜ ਦਾ ਉਹ ਸ਼ੀਸ਼ਾ ਹਨ ਜੋ ਬੱਚਿਆਂ ਨੂੰ ਉਹਨਾਂ ਦਾ ਅਕਸ਼ ਬਣਾਉਣ ਵਿੱਚ ਮਦਦ ਕਰਦਾ ਹੈ। ਬੱਚਿਆਂ ਲਈ ਸਕੂਲ ਉਹਨਾਂ ਦਾ ਦੂਜਾ ਘਰ ਹੁੰਦਾ ਹੈ ਜਿੱਥੇ ਉਹ ਇੱਕ ਚੰਗਾ ਵਿਦਿਆਰਥੀ ਅਤੇ ਇੱਕ ਵਧੀਆ ਨਾਗਰਿਕ ਬਣਨਾ ਸਿੱਖਦਾ ਹੈ। ਇੱਕ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਅਧਿਆਪਕ ਦੀ ਉੱਨੀ ਹੀ ਮਹੱਤਤਾ ਹੈ ਜਿੰਨੀ ਸਾਡੇ ਜ਼ਿੰਦਾ ਰਹਿਣ ਲਈ ਸਾਹ ਜ਼ਰੂਰੀ ਹਨ। ਸਿਰਫ ਇੱਕ ਚੰਗਾ ਅਧਿਆਪਕ ਹੀ ਬੱਚੇ ਨੂੰ ਸਹੀ ਰਾਹ ਦਿਖਾਉਂਦਾ ਹੈ ਅਤੇ ਜ਼ਿੰਦਗੀ ਵਿੱਚ ਅੱਗੇ ਵੱਧਣ ਦੀ ਪ੍ਰੇਰਨਾ ਦਿੰਦਾ ਹੈ। ਉਹਨਾਂ ਨੇ ਦੱਸਿਆ ਕਿ ਸਾਡੇ ਸਕੂਲ ਵਿੱਚ ਸਭ ਤੋਂ ਪਹਿਲੇ ਅਧਿਆਪਿਕਾ “ਮਧੂ’’ ਸਨ ਜਿਹਨਾਂ ਨੇ ਹਰ ਮੋੜ ਤੇ ਸਾਡਾ ਸਾਥ ਦਿੱਤਾ। ਪ੍ਰਿੰਸੀਪਲ ਸਾਹਿਬਾਂ ਨੇ ਦੱਸਿਆ ਕਿ ਸਾਨੂੰ ਬਹੁਤ ਮਾਣ ਹੁੰਦਾ ਹੈ ਜਦੋਂ ਸਾਡੇ ਵੱਲੋਂ ਪੜ੍ਹਾਏ ਗਏ ਬੱਚੇ ਅੱਜ ਉੱਚ ਪੱਦਵੀਆਂ ਤੇ ਬੈਠੇ ਹਨ ਅਤੇ ਸਮਾਜ ਦੀ ਸੇਵਾ ਕਰਨ ਦੇ ਨਾਲ ਨਾਲ ਮਾਂ-ਪਿਉ ਅਤੇ ਸਕੂਲ ਦਾ ਨਾਮ ਰੌਸਨ ਕਰਦੇ ਹਨ। ਇਹ ਸਭ ਮਿਹਨਤੀ ਅਧਿਆਪਕਾਂ ਦੀ ਬਦੌਲਤ ਹੀ ਹੈ ਕਿ ਅੱਜ ਬੱਚੇ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰ ਰਹੇ ਹਨ। ਉਹਨਾਂ ਵੱਲੋਂ ਪੜ੍ਹਾਏ ਗਏ ਬੱਚੇ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਚੰਗਾ ਕਾਰੋਬਾਰ ਚਲਾ ਰਹੇ ਹਨ, ਡੀ.ਐਸ.ਪੀ. ਵਜੋਂ ਤਾਇਨਾਤ ਹਨ, ਬੈਂਕ ਵਿੱਚ ਮੈਨੇਜਰ ਦੀ ਪੋਸਟ ਤੇ ਹਨ, ਏਅਰ ਹੋਸਟੈਸਟ ਦੀ ਸੇਵਾ ਨਿਭਾ ਰਹੇ ਹਨ, ਪਾਇਲਟ, ਇੰਜੀਨੀਅਰ ਆਦਿ ਉੱਚ ਪੱਦਵੀਆਂ ਤੇ ਹਨ। ਗੁਰਮੀਤ ਕੌਰ ਨੇ ਦੱਸਿਆ ਕਿ ਸਾਨੂੰ ਇਹ ਸਭ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਸਾਡੇ ਪੜ੍ਹਾਏ ਹੋਏ ਬੱਚੇ ਸਫਲਤਾਪੂਰਵਕ ਅੱਗੇ ਵੱਧ ਰਹੇ ਹਨ। ਉਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਕਦੇ ਵੀ ਨੀ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਧਿਆਪਕਾਂ ਦਾ ਅਹਿਮ ਰੋਲ ਹੈ ਅਤੇ ਬੱਚਿਆਂ ਨੂੰ ਉੱਨਤੀ ਦੇ ਰਾਹ ਤੇ ਪਾਉਣ ਵਾਲੇ ਅਧਿਆਪਕ ਹੀ ਹਨ ਅਤੇ ਅਧਿਆਪਕਾਂ ਤੋਂ ਬਿਨ੍ਹਾਂ ਬੱਚਿਆਂ ਦੀ ਜ਼ਿੰਦਗੀ ਅਧੂਰੀ ਹੈ। ਇਸ ਕਰਕੇ ਬੱਚਿਆਂ ਨੂੰ ਹਮੇਸਾਂ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੰਤ ਵਿੱਚ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਸਿਰਫ 5 ਸਤੰਬਰ ਹੀ ਨਹੀਂ ਸਾਡੀ ਪੂਰੀ ਜ਼ਿੰਦਗੀ ਵਿੱਚ ਅਧਿਆਪਕ ਦਾ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ।
ਪੇਸ਼ਕਸ਼ : ਕਰਨੈਲ ਸਿੰਘ ਐੱਮ.ਏ.
#1138/63-, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
Email :-[email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly