HOME ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਦੀ ਸੰਵੇਦਨਸ਼ੀਲ ਸੱਚਾਈ

ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਦੀ ਸੰਵੇਦਨਸ਼ੀਲ ਸੱਚਾਈ

2
ਮੰਜੂ ਰਾਇਕਾ

   (ਸਮਾਜ ਵੀਕਲੀ)   ਅੱਜ ਦੇ ਸਮੇਂ ਵਿੱਚ ਸਕੂਲਾਂ ਅਤੇ ਕਾਲਜਾਂ ਨੂੰ ਗਿਆਨ ਦੇ ਮੰਦਰ ਮੰਨਿਆ ਜਾਂਦਾ ਹੈ, ਜਿੱਥੇ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਇਨਸਾਨੀਅਤ, ਸਨਮਾਨ ਅਤੇ ਆਤਮ-ਵਿਸ਼ਵਾਸ ਵੀ ਸਿਖਾਇਆ ਜਾਂਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਕਈ ਵਾਰ ਇਨ੍ਹਾਂ ਮੰਦਰਾਂ ਵਿੱਚ ਹੀ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਬੱਚਿਆਂ ਦੇ ਦਿਲ ਤੇ ਡੂੰਘੇ ਨਿਸ਼ਾਨ ਛੱਡ ਜਾਂਦੀਆਂ ਹਨ। ਅਧਿਆਪਕਾਂ ਵੱਲੋਂ ਕੀਤੀ ਗਈ ਬੇਇੱਜਤੀ, ਤਾਣੇ, ਜਾਂ ਸਖ਼ਤ ਸਜ਼ਾਵਾਂ ਕਈ ਵਾਰ ਵਿਦਿਆਰਥੀਆਂ ਲਈ ਅਸਹਿਣਯੋਗ ਬਣ ਜਾਂਦੀਆਂ ਹਨ। ਹਾਲੀਆ ਸਮੇਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿੱਥੇ ਵਿਦਿਆਰਥੀਆਂ ਨੇ ਆਪਣੀ ਬੇਇੱਜਤੀ ਅਤੇ ਮਨੋਵਿਗਿਆਨਕ ਦਬਾਅ ਦੇ ਕਾਰਨ ਗਲਤ ਕਦਮ ਚੁੱਕ ਲਏ। ਕਈ ਕੇਸਾਂ ਵਿੱਚ ਬੱਚਿਆਂ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਦੀ ਕੋਈ ਕਦਰ ਨਹੀਂ ਰਹੀ, ਉਹਨਾਂ ਦੀ ਇੱਜ਼ਤ ਨੂੰ ਠੇਸ ਪਹੁੰਚੀ ਹੈ। ਇਹ ਸਿਰਫ਼ ਇੱਕ ਵਿਦਿਆਰਥੀ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਹਾਰ ਹੈ। ਇੱਕ ਉਦਾਹਰਨ ਵਜੋਂ, ਕੁਝ ਮਹੀਨੇ ਪਹਿਲਾਂ ਇੱਕ ਸਕੂਲ ਵਿੱਚ ਇੱਕ ਵਿਦਿਆਰਥੀ ਨੂੰ ਕਲਾਸ ਵਿੱਚ ਸਭ ਦੇ ਸਾਹਮਣੇ ਬੁਰਾ-ਭਲਾ ਕਿਹਾ ਗਿਆ। ਉਸ ਨੂੰ ਉਸ ਦੀ ਗਲਤੀ ਲਈ ਨਹੀਂ, ਸਗੋਂ ਉਸ ਦੀ ਕਮਜ਼ੋਰੀ ਲਈ ਹਾਸੇ ਦਾ ਵਿਸ਼ਾ ਬਣਾਇਆ ਗਿਆ। ਇਸ ਘਟਨਾ ਤੋਂ ਬਾਅਦ ਉਹ ਬੱਚਾ ਮਨੋਂ ਟੁੱਟ ਗਿਆ। ਉਸ ਨੇ ਆਪਣੇ ਅੰਦਰ ਦੀ ਪੀੜਾ ਕਿਸੇ ਨਾਲ ਸਾਂਝੀ ਨਹੀਂ ਕੀਤੀ ਅਤੇ ਹੌਲੀ-ਹੌਲੀ ਉਹ ਡਿਪ੍ਰੈਸ਼ਨ ਵੱਲ ਵਧਦਾ ਗਿਆ। ਇਹ ਸਿਰਫ਼ ਇੱਕ ਕਹਾਣੀ ਨਹੀਂ, ਅਜਿਹੀਆਂ ਕਈਆਂ ਅਣਕਹੀਆਂ ਕਹਾਣੀਆਂ ਹਨ ਜੋ ਅਜੇ ਵੀ ਚੁੱਪੀ ਵਿੱਚ ਦਬੀਆਂ ਹੋਈਆਂ ਹਨ। ਇਸੇ ਤਰ੍ਹਾਂ ਇੱਕ ਹੋਰ ਘਟਨਾ ਵਿੱਚ ਇੱਕ ਵਿਦਿਆਰਥਣ ਨੂੰ ਉਸ ਦੇ ਅੰਕ ਘੱਟ ਆਉਣ ‘ਤੇ ਅਧਿਆਪਕ ਵੱਲੋਂ ਕਲਾਸ ਵਿੱਚ ਨੀਵਾਂ ਦਿਖਾਇਆ ਗਿਆ। ਉਸ ਦੇ ਸਾਥੀਆਂ ਦੇ ਸਾਹਮਣੇ ਉਸ ਦੀ ਇੱਜ਼ਤ ਨੂੰ ਠੇਸ ਪਹੁੰਚੀ। ਇਸ ਤਰ੍ਹਾਂ ਦੀ ਬੇਇੱਜਤੀ ਕਈ ਵਾਰ ਬੱਚਿਆਂ ਦੇ ਮਨ ਵਿੱਚ ਡਰ, ਘਬਰਾਹਟ ਅਤੇ ਅਣਵਿਸ਼ਵਾਸ ਪੈਦਾ ਕਰਦੀ ਹੈ। ਉਹ ਆਪਣੇ ਆਪ ਨੂੰ ਅਕੇਲਾ ਮਹਿਸੂਸ ਕਰਦੇ ਹਨ ਅਤੇ ਆਪਣੀ ਕਦਰ ਘਟਦੀ ਹੋਈ ਵੇਖਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਅਧਿਆਪਕ, ਜੋ ਰਾਹ-ਦਿਖਾਉਣ ਵਾਲੇ ਹੁੰਦੇ ਹਨ, ਜੇ ਉਹੀ ਬੱਚਿਆਂ ਨੂੰ ਹੌਸਲਾ ਦੇਣ ਦੀ ਬਜਾਏ ਉਹਨਾਂ ਨੂੰ ਨੀਵਾਂ ਦਿਖਾਉਣ ਲੱਗ ਪੈਣ, ਤਾਂ ਫਿਰ ਬੱਚਿਆਂ ਦੀ ਮਨਸਿਕਤਾ ‘ਤੇ ਕੀ ਅਸਰ ਪਵੇਗਾ? ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਇਹ ਦਿਲਾਂ ਨੂੰ ਜੋੜਨ ਅਤੇ ਵਿਅਕਤੀਗਤ ਵਿਕਾਸ ਦੀ ਪ੍ਰਕਿਰਿਆ ਹੈ।ਇਹ ਵੀ ਸੱਚ ਹੈ ਕਿ ਹਰ ਅਧਿਆਪਕ ਅਜਿਹਾ ਨਹੀਂ ਹੁੰਦਾ। ਬਹੁਤ ਸਾਰੇ ਅਧਿਆਪਕ ਅਜਿਹੇ ਵੀ ਹਨ ਜੋ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਹਨ, ਉਹਨਾਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਤਾਕਤ ਵਿੱਚ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਪਰ ਕੁਝ ਮਾਮਲੇ ਪੂਰੇ ਪ੍ਰਣਾਲੀ ‘ਤੇ ਸਵਾਲ ਖੜੇ ਕਰਦੇ ਹਨ। ਇਸ ਸਮੱਸਿਆ ਦਾ ਹੱਲ ਕੀ ਹੈ? ਸਭ ਤੋਂ ਪਹਿਲਾਂ, ਅਧਿਆਪਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਰ ਬੱਚਾ ਵੱਖਰਾ ਹੁੰਦਾ ਹੈ। ਉਸ ਦੀ ਆਪਣੀ ਸੋਚ, ਆਪਣੀ ਸਮਝ ਅਤੇ ਆਪਣੀ ਸੰਵੇਦਨਾ ਹੁੰਦੀ ਹੈ। ਬੇਇੱਜਤੀ ਕਰਕੇ ਕਿਸੇ ਨੂੰ ਸੁਧਾਰਿਆ ਨਹੀਂ ਜਾ ਸਕਦਾ, ਸਗੋਂ ਪਿਆਰ ਅਤੇ ਸਮਝ ਨਾਲ ਬੱਚਿਆਂ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਸਕੂਲਾਂ ਵਿੱਚ ਕਾਊਂਸਲਿੰਗ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੀ ਗੱਲ ਖੁੱਲ੍ਹ ਕੇ ਕਰ ਸਕਣ। ਅੰਤ ਵਿੱਚ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇੱਕ ਬੱਚੇ ਦੀ ਇੱਜ਼ਤ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਹਿੱਸਾ ਹੁੰਦੀ ਹੈ। ਜੇ ਅਸੀਂ ਉਹ ਇੱਜ਼ਤ ਹੀ ਖੋਹ ਲਵਾਂਗੇ, ਤਾਂ ਉਸ ਦੇ ਸੁਪਨੇ ਵੀ ਟੁੱਟ ਜਾਣਗੇ। ਸਾਨੂੰ ਸਿੱਖਿਆ ਦੇ ਮੰਦਰਾਂ ਨੂੰ ਸੱਚਮੁੱਚ ਮੰਦਰ ਬਣਾਉਣਾ ਪਵੇਗਾ ਜਿੱਥੇ ਗਿਆਨ ਦੇ ਨਾਲ ਨਾਲ ਸਨਮਾਨ ਵੀ ਦਿੱਤਾ ਜਾਵੇ।“ਬੱਚਿਆਂ ਨੂੰ ਤਾਹਨੇ ਦੇ ਨਾਲ ਨਹੀਂ, ਪਿਆਰ ਨਾਲ ਸਿਖਾਓ ਕਿਉਂਕਿ ਜ਼ਖ਼ਮ ਸ਼ਬਦਾਂ ਨਾਲ ਵੀ ਲੱਗਦੇ ਹਨ।”

ਮੰਜੂ ਰਾਇਕਾ  ਸੰਗਰੂਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਦੇਣਾ ਲਾਜ਼ਮੀ: ਜ਼ਿਲ੍ਹਾ ਮੈਜਿਸਟ੍ਰੇਟ
Next articleਬਾਬਾ ਫਰੀਦ ਕਾਲਜ ਆਫ਼ ਫਾਰਮੇਸੀ, ਵਿਖੇ ਇੱਕ ਸ਼ਾਨਦਾਰ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ