(ਸਮਾਜ ਵੀਕਲੀ) ਆਰਥਿਕ ਪੱਖੋ ਬੇਹਦ ਕਮਜ਼ੋਰ ਸੀਬੋ ਨੇ ਮੰਜੇ ਤੇ ਪਏ ਆਪਣੇ ਬਿਮਾਰ ਪੁੱਤ ਨੂੰ ਹਲੂਣ ਕੇ ਉਠਾਉਂਦਿਆਂ ਕਿਹਾ,” ਦੇਖ ਪੁੱਤ, ਅੱਜ ਮੈਂ ਦਿਹਾੜੀ ਜਾਣਾ ਇੱਕ ਬਹੁਤ ਵੱਡਾ ਪ੍ਰੋਗਰਾਮ ਹੈ। ਸੁਣਿਆ ਬੜੇ ਵੱਡੇ ਵੱਡੇ ਲੋਕ ਉਥੇ ਆਉਣਗੇ ਅਤੇ ਮੈਂ ਇਹ ਵੀ ਸੁਣਿਆ ਕਿ ਬੜੀ ਗਰੀਬ ਲੋਕਾਂ ਦੀ ਮਦਦ ਕਰਦੇ ਨੇ ਹਾਅ ਦਾ ਨਾਅਰਾ ਮਾਰਦੇ ਹਨ ਗਰੀਬਾਂ ਵਾਸਤੇ।” ਲੈ ਪੁੱਤ !ਦਵਾਈ ਲੈ ਤੇ ਚਾਹ ਦੀ ਘੁੱਟ ਪੀ ।ਆਥਣ ਤੱਕ ਤੱਕ ਰੋਟੀ ਦਾ ਜੁਗਾੜ ਹੋਜੂਗਾ ।ਮੈਂ ਉਥੋ ਹੀ ਰੋਟੀ ਪਾਣੀ ਲੈਂਦੀ ਆਉਗੀ , ਤੂੰ ਆਰਾਮ ਕਰੀ ਸੱਚੇ ਪਾਤਸ਼ਾਹ ਤੈਨੂੰ ਵੀ ਛੇਤੀ ਠੀਕ ਕਰੂ। ਇਹ ਕਹਿ ਸੀਬੋ ਘਰੋਂ ਬਾਹਰ ਨਿਕਲ ਕੰਮ ਨੂੰ ਤੁਰ ਪਈ। ਸੜਕ ਤੇ ਤੁਰੀਂ ਜਾਂਦੀ ਨੂੰ ਅਚਾਨਕ ਠੇਡਾ ਲੱਗਿਆ ਅਤੇ ਪੂਰੀ ਤਰ੍ਹਾਂ ਐੱਸ ਚੁੱਕੀ ਚੱਪਲ ਦੀ ਵੱਧਰੀ ਟੁੱਟ ਗਈ । ਆਪਣੀ ਚੁੰਨੀ ਨਾਲੋਂ ਕੰਨੀ ਨੂੰ ਪਾੜ ਕੇ ਵੱਧਰੀ ਬੰਨ ਹੌਲੀ ਹੌਲੀ ਤੁਰਦੀ ਕਿਸੇ ਵੀ ਤਰੀਕੇ ਸਮਾਗਮ ਵਾਲੀ ਜਗਹਾ ਪਹੁੰਚੀ ।ਬੁੱਢੀਆਂ ਹੱਡੀਆਂ ,ਫਿਕਰ, ਥਕੇਵਾਂ,ਬਿਮਾਰੀ ਅਤੇ ਭੁੱਖਾ ਢਿੱਡ ਸਾਰਾ ਕੁੱਝ ਉਸਤੇ ਭਾਰੀ ਪੈ ਰਿਹਾ ਸੀ ।ਜਾਣ ਸਾਰ ਸੀਬੋ ਵਾਸਤੇ ਇੱਕ ਵੱਡਾ ਪਾਣੀ ਦਾ ਟੱਬ ਸ਼ਰਫ਼ ਇਕ ਫੱਟੀ ਬੈਠਣ ਨੂੰ ਅਤੇ ਢੇਰ ਚਾਹ ਵਾਲੇ ਕੱਪਾਂ ਦਾ ਪਿਆ ਸੀ। ਭਾਂਡੇ ਸਾਫ ਕਰਦਿਆਂ ਕਰਦਿਆਂ ਉਹਦੀ ਨਿਗ੍ਹਾ ਵਾਰ ਵਾਰ ਨਜ਼ਰ ਮੁੱਖ ਦਰਵਾਜ਼ੇ ਵੱਲ ਜਾਂਦੀ , ਜਿੱਥੋਂ ਵੱਡੀਆਂ ਵੱਡੀਆਂ ਗੱਡੀਆਂ ਖੜ ਰਹੀਆਂ ਸੀ ਤੇ ਵੱਡੇ ਵੱਡੇ ਲੋਕ ਗੱਡੀ ਚੋ ਉਤਰਦੇ ਤਾਂ ਕੁਝ ਲੋਕ ਜਾ ਕੇ ਫੁੱਲ ਫੜਾਉਂਦੇ ਤੇ ਬੜੇ ਮਾਨ ਸਨਮਾਨ ਨਾਲ ਉਹਨਾਂ ਨੂੰ ਅੰਦਰ ਲੈ ਕੇ ਆ ਰਹੇ ਸੀ ਪਰ ਕਿਸੇ ਦਾ ਧਿਆਨ ਉਸ ਬੁਢੜੀ ਵੱਲ ਨਾ ਗਿਆ ।ਆਥਣ ਹੋ ਗਿਆ ਜਦੋਂ ਦਿਹਾੜੀ ਮੰਗੀ ਤਾਂ ਜਿਸਨੂੰ ਪੁੱਛਿਆ ਉਹੀ ਦੂਜੇ ਦਾ ਨਾਂ ਲੈ ਦੇਵੇ ਕਾਫੀ ਮੱਥਾ ਖਪਾਈ ਮਗਰੋਂ ਦਿਹਾੜੀ ਦੇ ਪੈਸੇ ਮਿਲੇ। ਤੜਕੇ ਦੀ ਕੰਮ ਕਰਦੀ ਨੂੰ ਦੌਰਾ ਪੈਣ ਵਾਲਾ ਹੋਇਆ ਪਿਆ ਸੀ ਭੁੱਖ ਨਾਲ, ਅੰਦਰ ਜਾ ਕੇ ਦੇਖਿਆ ਤਾਂ ਰੋਟੀ ਪਾਣੀ ਸਾਰਾ ਖਤਮ ਹੋ ਚੁੱਕਾ ਸੀ ।ਔਖੀ ਸੌਖੀ ਤੁਰਦੀ ਮੁੱਖ ਦਰਵਾਜ਼ੇ ਨਾਲ ਆ ਖੜ੍ਹੀ ਹੋਈ। ਪੰਜ -ਛੇ ਸੂਟ- ਬੂਟ ਵਾਲੇ ਔਰਤਾਂ ਤੇ ਮਰਦ ਖੜੇ ਲਿਖੇ ਜਿਨਾਂ ਦੇ ਹੱਥਾਂ ਚ ਉਹੀ ਤਖਤੀਆਂ ਜਹੀਆਂ ਤੇ ਪੁਰਸ਼ਕਾਰ ਫੜੇ ਹੋਏ ਘੁਸਰ ਮੁਸਰ ਕਰ ਰਹੇ ਸਨ। ਇੱਕ ਦੀ ਆਵਾਜ਼ ਸੀਬੋ ਦੇ ਕੰਨੀ ਪਈ,” ਰੋਟੀ ਮੁੱਕ ਗਈ ਸੀ ਜੀ ਟਾਇਮ ਨਾਲ ਹੀ, ਚਲੋ ਅਗਲੇ ਸ਼ਹਿਰ ਜਾ ਕੇ ਖਾਵਾਂਗੇ।” ਦੂਜੇ ਨੇ ਕਿਹਾ ਜਦੋਂ ਰੋਟੀ ਦਾ ਪ੍ਰਬੰਧ ਸਾਡੇ ਵਾਸਤੇ ਨਹੀਂ ਹੋ ਸਕਿਆ ਤਾਂ ਸਮਝ ਲਓ ਅਸੀਂ ਸਮਾਜ ਭਲਾਈ ਕੀ ਸਵਾਹ ਹੋਣੀ,ਅਸੀਂ ਤਾਂ ਮੂੰਹ ਮੰਗੇ ਪੈਸੇ ਦਿਤੇ ਸੀ ਇਹਨਾਂ ਨੂੰ।” ਤੀਜੇ ਨੇ ਕਿਹਾ ਭਾਈ ਸਾਹਿਬ ਸਭ ਸੋਸ਼ੇਬਾਜੀ ਆ ਸਾਨੂੰ ਤਾਂ ਭਲਾਈ ਦਾ ਕੰਮ ਇੱਕ ਵੀ ਨਹੀਂ ਦਿਖਿਆ ਇੱਥੇ ਇੱਕ ਹੋਰ ਆਵਾਜ਼ ਆਈ ” ਭਾਈ ਸੋਚਣਾ ਤਾਂ ਸਾਨੂੰ ਚਾਹੀਦਾ ਸੀ ਐਡੀ ਐਡੀਆਂ ਡਿਗਰੀਆਂ ਦੇ ਮਾਲਕ ਆਪਾਂ ਕਿੱਥੇ ਆ ਕੇ ਫਸ ਗਏ” ਅਤੇ ਸਾਰੇ ਜਣੇ ਉੱਚੀ ਉੱਚੀ ਹੱਸੇ ਤੇ ਸੀਬੋ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਆਪਣੇ ਆਪ ਨੂੰ ਕਿਹਾ ਕਿਹੜੀਆਂ ਸਮਾਜ ਭਲਾਈਆਂ ਤੇ ਕਿਹੜੇ ਮਾਨ ਸਨਮਾਣ ਫੋਕੀ ਵਾਹ ਵਾਹ ਬੱਲੇ ਬੱਲੇ ਇਹਨਾਂ ਚੰਦਰਿਆਂ ਨੂੰ ਵੀ ਘਰੇ ਚੈਨ ਨਹੀਂ ਆਇਆ ਚੱਲ ਪਏ 300-300 ਕਿਲੋਮੀਟਰ ਤੋਂ ਪੈਸੇ ਭਰ ਭਰ ਕੇ ਆਹ ਲੱਕੜਾਂ ਜਿਹੀਆਂ ਲੈਣ, ਹੁਣ ਜਾਣ ਧੱਕੇ ਖਾਂਦੇ ਭੁੱਖਣ ਭਾਣੇ ਤੇ ਉਸ ਦਾ ਬਦੋਬਦੀ ਹਾਸਾ ਨਿਕਲ ਗਿਆ। ਕੰਮ ਕਰਕੇ ਮਿਲੇ ਦਿਹਾੜੀ ਦੇ 500 ਰੁਪਏ ਹਜ਼ਾਰਾਂ ਰੁਪਏ ਭਰ ਕੇ ਮਿਲੇ ਮਾਨ ਸਨਮਾਨਾਂ ਨੂੰ ਟਿੱਚਰਾਂ ਕਰਦੇ ਜਾਪ ਰਹੇ ਸੀ
ਮਨਪ੍ਰੀਤ ਕੌਰ ਸੰਧੂ
ਮੁੰਬਈ
ਵ੍ਹਟਸਐਪ=9769186791


