ਚਾਹ ਦੀ ਚਾਅ।

(ਸਮਾਜ ਵੀਕਲੀ)  

ਚਾਹ ਸਾਡੇ ਭਾਰਤੀਆਂ ਦੇ ਹੱਡਾਂ ਵਿੱਚ ਸਮਾ ਚੁੱਕੀ ਹੈ। ਚਾਹ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਚਾਹ ਪੀਣ ਲਈ ਬਹੁਤ ਬਹਾਨੇ ਮੌਜੂਦ ਹੁੰਦੇ ਹਨ।
ਕੋਈਂ ਮਹਿਮਾਨ ਆ ਗਿਆ।
ਰੱਖੋ ਚਾਹ।
ਸਵੇਰੇ ਉੱਠੋਦੇ ਸਾਰ।
ਪੀਓ ਚਾਹ।
ਵਹਿਲੇ ਹਾਂ।
ਧਰ ਲ਼ੋ ਚਾਹ।
ਥੱਕ ਗਏ ।
ਬਣਾ ਲ਼ੋ ਚਾਹ।
ਵਿਦਾਈ ਪਾਰਟੀ ਤੇ।
ਚਾਹ ਜਰੂਰੀ।
ਸੇਵਾ ਮੁਕਤੀ ਤੇ।
ਚਾਹ ਦਾ ਕੱਪ।
ਇੱਕਲੀ ਚਾਹ ਪੀਣ ਵਿੱਚ ਅਤੇ ਇਕੱਲੇ ਚਾਹ ਪੀਣ ਵਿੱਚ ਫਰਕ ਹੈ। ਇੱਕਲੀ ਚਾਹ ਪੀਣ ਨੂੰ ਰੰਡੀ ਚਾਹ ਕਿਹਾ ਜਾਂਦਾ ਹੈ। ਇਸ ਲਈ ਚਾਹ ਨਾਲ ਬਿਸਕੁਟ, ਡਬਲ ਰੋਟੀ, ਪਕੌੜੇ, ਮੱਠੀ, ਭੂਜੀਆ ਬਦਾਨਾਂ ਅਤੇ ਲੱਡੂ ਬਰਫੀ ਚਲਦੀ ਹੈ। ਕਿਸੇ ਨਾਲ ਚਾਹ ਪੀਣ ਤੇ ਉਸਦਾ ਸੁਆਦ ਦੁਗਣਾ ਹੋ ਜਾਂਦਾ ਹੈ। ਚਾਹ ਅਤੇ ਚਾਹ ਬਣਾਉਣ ਵਿੱਚ ਵੀ ਫਰਕ ਹੁੰਦਾ। ਕਈ ਆਪਣੀ ਚਾਹ ਖੁਦ ਬਣਾਉਂਦੇ ਹਨ । ਉਂਜ ਬੱਕਰੀਆਂ ਚਾਰਨ ਵਾਲੇ ਤਾਜ਼ੇ ਦੁੱਧ ਦੀ ਜੋ ਚਾਹ ਬਣਾਉਂਦੇ ਹਨ ਉਸ ਦੀ ਰੀਸ ਨਹੀਂ। ਹਰ ਚਾਹ ਸੁਆਦ ਨਹੀਂ ਹੁੰਦੀ। ਚਾਹ ਬਨਾਉਣ ਵਾਲ਼ੇ ਤੇ ਵੀ ਮਨੱਸਰ ਕਰਦੀ ਹੈ ਚਾਹ।
ਕੋਈਂ ਕਾੜ੍ਹਕੇ ਚਾਹ ਬਣਾਉਂਦਾ ਹੈ। ਕੋਈਂ ਰਾਡ਼ਕੇ ਚਾਹ ਬਣਾਉਂਦਾ ਹੈ। ਅਮਲੀਆਂ ਦੀ ਚਾਹ ਤਾਂ ਬਹਾਨਾ ਹੁੰਦੀ ਹੈ ਉਸ ਵਿੱਚ ਕਿਸੇ ਹੋਰ ਪਦਾਰਥ ਦੀ ਕਰਾਮਾਤ ਹੁੰਦੀ ਹੈ। ਕੋਈਂ ਮਿੱਠੀ ਚਾਹ ਪੀਂਦਾ ਹੈ ਤੇ ਕੋਈਂ ਫਿੱਕੀ ਪੀਂਦਾ ਹੈ। ਕੋਈਂ ਕਾਲੀ ਚਾਹ, ਕੋਈਂ ਲੈਮਨ ਟੀ, ਕੋਈਂ ਗ੍ਰੀਨ ਟੀ ਤੇ ਕੋਈਂ ਹਰਬਲ ਟੀ ਪੀਂਦਾ ਹੈ। ਪਹਿਲ਼ਾਂ ਦੁੱਧ ਪੱਤੀ ਨੰਬਰ ਵੰਨ ਤੇ ਸੀ ਹੁਣ ਲੋਕਾਂ ਨੂੰ ਗੁੜ ਦੀ ਚਾਹ ਫਿਰ ਤੋਂ ਯਾਦ ਆ ਗਈ। ਕਦੇ ਖੰਡ ਵਾਲੀ ਚਾਹ ਖ਼ਾਸ ਰਿਸ਼ਤੇਦਾਰਾਂ ਲਈ ਬਣਦੀ ਸੀ ਹੁਣ ਖਾਸ ਫਿੱਕੀ ਪੀਂਦੇ ਹਨ। ਹੁਣ ਗੁੜ ਦੀ ਚਾਹ ਦੇ ਵੱਡੇ ਵੱਡੇ ਬੋਰਡ ਖਿੱਚਦੇ ਹਨ ਗ੍ਰਾਹਕ।  ਚਾਹ ਵਿੱਚ ਕਈ ਅਦਰਕ, ਸੌਂਫ, ਇਲਾਇਚੀ, ਗੁਲਾਬ ਦੇ ਫੁੱਲ ਜਾਂ ਮਲੱਠੀ ਪਾਉਂਦੇ ਹਨ। ਕੁੱਝ ਚਾਹ ਦਾ ਮਸਾਲਾ ਵਰਤਦੇ ਹਨ।
ਚਾਹ ਪੀਣੀ ਇਕੱਲੀ ਚਾਹ ਪੀਣ ਤੇ ਨਿਰਭਰ ਨਹੀਂ ਕਰਦੀ। ਚਾਹ ਚਾਹ ਪੀਣ ਦੇ ਮੌਕੇ ਮਕਸਦ ਅਤੇ ਢੰਗ ਤੇ ਜਿਆਦਾ ਨਿਰਭਰ ਕਰਦੀ ਹੈ। ਚਾਹ ਪਿਲਾਉਣਾ ਮਾਣ ਸਨਮਾਨ ਹੈ ਤੇ ਕਈ ਵਾਰੀ ਮਜਬੂਰੀ ਹੁੰਦੀ ਹੈ।   ਚਾਹ ਦੀ ਘੁੱਟ ਨਾ ਪੁੱਛਣਾ  ਬੇਜਿੱਤੀ ਵਿੱਚ ਗਿਣਿਆ ਜਾਂਦਾ ਹੈ। ਯਾਰਾਂ ਦੋਸਤਾਂ ਨਾਲ ਪੀਤੀ ਚਾਹ ਪਿਆਕੜਾਂ ਦੀ ਦਾਰੂ ਨਾਲੋਂ ਵੱਧ ਨਸ਼ਾ ਦਿੰਦੀ  ਹੈ। ਸੁੜਾਕੇ ਮਾਰਕੇ ਚਾਹ ਪੀਣ ਦਾ ਆਪਣਾ ਸੁਆਦ ਹੈ। ਕੋਈਂ ਠੰਡੀ ਕਰਕੇ ਚਾਹ ਪੀਂਦਾ ਹੈ ਤੇ ਕੋਈਂ ਗਰਮ ਗਰਮ ਅੰਦਰ ਲੰਘਾ ਜਾਂਦਾ ਹੈ। ਕੋਈਂ ਸਣੇ ਸਿਕਰੀ ਚਾਹ ਪੀ ਲੈਂਦਾ ਹੈ ਕਿਸੇ ਨੂੰ ਸਿਕਰੀ ਵੇਖਕੇ ਉਲਟੀ ਆ ਜਾਂਦੀ ਹੈ। ਬਹੁਤੇ ਚਾਹ ਤੇ ਆਈ ਸਿਕਰੀ ਨੂੰ ਉਂਗਲ ਨਾਲ ਕੱਪ ਦੀ ਕੰਧ ਤੇ ਚੇਪ ਦਿੰਦੇ ਹਨ।  ਚਾਹ ਦਾ ਸੁਆਦ ਚਾਹ ਪੀਣ ਵਾਲੇ ਭਾਂਡੇ ਤੇ ਵੀ ਨਿਰਭਰ ਕਰਦਾ ਹੈ। ਕੋਈਂ ਕੱਪ ਤੇ ਕੋਈਂ ਗਿਲਾਸ ਵਰਤਦਾ ਹੈ। ਕੋਈਂ ਚਾਹ ਪੀਣ ਲਈ ਉਚੇਚਾ ਕੌਲੀ ਦੀ ਮੰਗ ਕਰਦਾ ਹੈ ਪਰ ਬਾਟੀ ਵਿੱਚ ਚਾਹ ਪੀਣ ਦਾ ਆਪਣਾ ਲੁਤਫ਼ ਹੈ। ਮਿੱਟੀ ਨਾਲ ਜੁੜੇ ਲੋਕ ਕੁਲੜ੍ਹ ਚ ਚਾਹ ਪੀਂਦੇ ਹਨ। ਜੂਠ ਦਾ ਚੱਕਰ ਨਹੀਂ ਰਹਿੰਦਾ। ਅੱਜ ਕੱਲ੍ਹ ਡਿਸਪੋਜੇਬਲ ਕੱਪ ਆ ਗਏ ਮਾਰਕਿਟ ਚ। ਯੂਜ ਐਂਡ ਥਰੋ। ਪਰ ਉਹਨਾਂ ਵਿੱਚ ਮੋਮ ਜਾਂ ਪਤਲੇ ਪਲਾਸਟਿਕ ਦੀ ਪਾਲਿਸ਼ ਹੁੰਦੀ ਹੈ ਜੋ ਗਰਮ ਹੋਕੇ ਸਰੀਰ ਵਿੱਚ ਚਲੀ ਜਾਂਦੀ ਹੈ ਅਤੇ ਕੈਂਸਰ ਦਾ ਕਾਰਨ ਬਣਦੀ ਹੈ। ਥੱਲ੍ਹੇ ਪਲਾਥੀ ਮਾਰਕੇ ਬਾਟੀ ਚ ਚਾਹ ਪੀਂਦਿਆਂ ਨੂੰ ਵੇਖਕੇ ਬੇਬੇ ਚੇਤੇ ਆਗੀ। ਹੁਣ ਉਹ ਦਿਨ ਕਿੱਥੇ। ਚਾਹ ਪੱਤੀ ਦੀਆਂ ਕਿਸਮਾਂ ਦੀ ਆਪਾਂ ਗੱਲ ਨਹੀਂ ਕਰਦੇ ਕਿਉਂਕਿ ਮੈਂ ਚਾਹ ਨਹੀਂ ਪੀਂਦਾ।

 ਰਮੇਸ਼ ਸੇਠੀ ਬਾਦਲ
9976627233 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਿੱਧਾ ਬੰਦਾ ਸਿੱਧੀ ਗੱਲ।‌
Next article**ਲੋਗੜੀ ਦੇ ਫੁੱਲ****