ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵਿਅੰਗ ਕਰਦਿਆਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ’ਤੇ ‘ਟੈਕਸ ਡਕੈਤੀ’ ਵਧ ਰਹੀ ਹੈ ਅਤੇ ਜੇਕਰ ਕਿਤੇ ਚੋਣਾਂ ਹੁੰਦੀਆਂ ਤਾਂ ਇਸ ਤੋਂ ਕੁਝ ਰਾਹਤ ਮਿਲ ਜਾਂਦੀ। ਇਸੇ ਤਰ੍ਹਾਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।
ਪ੍ਰਿਯੰਕਾ ਨੇ ਦੋਸ਼ ਲਾਇਆ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਲੋਕਾਂ ਨੂੰ ‘ਦੁੱਖ ਦੇਣ’ ਦੇ ਰਿਕਾਰਡ ਬਣਾਏ ਹਨ। ਕਾਂਗਰਸ ਦੀ ਜਨਰਲ ਸਕੱਤਰ ਨੇ ਟਵਿੱਟਰ ’ਤੇ ਇੱਕ ਮੀਡੀਆ ਰਿਪੋਰਟ ਟੈਗ ਕੀਤੀ ਜਿਸ ’ਚ ਕਿਹਾ ਗਿਆ ਹੈ ਕਿ ਇਸ ਸਾਲ ਪੈਟਰੋਲ ਕੀਮਤਾਂ ’ਚ ਰਿਕਾਰਡ 23.53 ਰੁਪਏ ਦਾ ਵਾਧਾ ਹੋਇਆ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘ਮੋਦੀ ਜੀ ਦੀ ਸਰਕਾਰ ਨੇ ਜਨਤਾ ਨੂੰ ਦੁੱਖ ਦੇਣ ਦੇ ਮਾਮਲੇ ’ਚ ਵੱਡੇ ਵੱਡੇ ਰਿਕਾਰਡ ਬਣਾਏ ਹਨ।
ਸਭ ਤੋਂ ਵੱਧ ਬੇਰੁਜ਼ਗਾਰੀ: ਮੋਦੀ ਸਰਕਾਰ ’ਚ, ਸਰਕਾਰੀ ਜਾਇਦਾਦਾਂ ਵਿਕ ਰਹੀਆਂ: ਮੋਦੀ ਸਰਕਾਰ ’ਚ, ਪੈਟਰੋਲ ਦੀਆਂ ਕੀਮਤਾਂ ਇੱਕ ਸਾਲ ’ਚ ਸਭ ਤੋਂ ਜ਼ਿਆਦਾ ਵਧੀਆਂ: ਮੋਦੀ ਸਰਕਾਰ ’ਚ।’ ਉੱਧਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਟਵੀਟ ਕੀਤਾ, ‘ਪੈਟਰੋਲ ਕੀਮਤਾਂ ’ਤੇ ਟੈਕਸ ਡਕੈਤੀ ਵਧਦੀ ਜਾ ਰਹੀ ਹੈ। ਕਿਤੇ ਚੋਣਾਂ ਹੋਣ ਤਾਂ ਥੋੜ੍ਹੀ ਰੋਕ ਲੱਗੇ।’ ਉਨ੍ਹਾਂ ਆਪਣੇ ਟਵੀਟ ਨਾਲ ‘ਹੈਸ਼ਟੈਗ ਐਕਸਟੌਰਸ਼ਨ’ ਦੀ ਵਰਤੋਂ ਕੀਤੀ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਪ੍ਰਿਯੰਕਾ ਗਾਂਧੀ ਵੱਲੋਂ ਸਾਂਝੀ ਕੀਤੀ ਗਈ ਮੀਡੀਆ ਰਿਪੋਰਟ ਨੂੰ ਟੈਗ ਕਰਦਿਆਂ ‘ਚੰਗੇ ਦਿਨ’ ਦਾ ਨਾਅਰਾ ਟਵੀਟ ਕਰਕੇ ਕੇਂਦਰ ਸਰਕਾਰ ’ਤੇ ਤਨਜ਼ ਕਸਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly