ਸ੍ਰੀਨਗਰ (ਸਮਾਜ ਵੀਕਲੀ): ਕਸ਼ਮੀਰ ’ਚ ਬੀਤੇ ਦੋ ਹਫ਼ਤਿਆਂ ’ਚ ਅਤਿਵਾਦੀਆਂ ਵੱਲੋਂ ਆਮ ਨਾਗਰਿਕਾਂ ਦੀਆਂ ਕੀਤੀਆਂ ਗਈਆਂ ਹੱਤਿਆਵਾਂ ਮਗਰੋਂ ਵਾਦੀ ’ਚ ਵਧੇਰੇ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਜਾ ਰਹੇ ਹਨ। ਕਰੀਬ ਅੱਠ ਸਾਲਾਂ ਮਗਰੋਂ ਸ਼ਹਿਰ ਦੀਆਂ ਸੜਕਾਂ ’ਤੇ ਸੁਰੱਖਿਆ ਬੰਕਰ ਮੁੜ ਤੋਂ ਬਣ ਗਏ ਹਨ। ਇਨ੍ਹਾਂ ਬੰਕਰਾਂ ’ਤੇ ਕੇਂਦਰੀ ਹਥਿਆਰਬੰਦ ਨੀਮ ਸੁਰੱਖਿਆ ਬਲ ਤਾਇਨਾਤ ਹਨ ਅਤੇ ਇਹ ਸ੍ਰੀਨਗਰ ਦੇ ਕਈ ਇਲਾਕਿਆਂ ’ਚ ਬਣਾਏ ਜਾ ਰਹੇ ਹਨ। ਦੋ ਬੰਕਰ ਸ੍ਰੀਨਗਰ ’ਚ ਏਅਰਪੋਰਟ ਰੋਡ ’ਤੇ ਬਰਜ਼ੁੱਲਾ ਪੁਲ ਉਪਰ ਬਣਾਏ ਗਏ ਹਨ।
ਕਸ਼ਮੀਰ ਦੇ ਸੁਰੱਖਿਆ ਹਾਲਾਤ ’ਚ ਸੁਧਾਰ ਹੋਣ ਮਗਰੋਂ 2011 ਤੋਂ 2014 ਦੌਰਾਨ ਇਨ੍ਹਾਂ ਬੰਕਰਾਂ ਨੂੰ ਹਟਾ ਲਿਆ ਗਿਆ ਸੀ। ਸੂਤਰਾਂ ਨੇ ਕਿਹਾ ਕਿ ਅਤਿਵਾਦੀਆਂ ਦੇ ਵਧੇ ਹੌਸਲੇ ਨੂੰ ਤੋੜਨ ਲਈ ਨਵੇਂ ਬੰਕਰ ਉਸਾਰੇ ਜਾ ਰਹੇ ਹਨ ਅਤੇ ਵਧੇਰੇ ਜਵਾਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,‘‘ਅਤਿਵਾਦੀ ਦਹਿਸ਼ਤੀ ਕਾਰਵਾਈਆਂ ਮਗਰੋਂ ਇਕ ਤੋਂ ਦੂਜੇ ਇਲਾਕੇ ’ਚ ਆਸਾਨੀ ਨਾਲ ਪਹੁੰਚ ਜਾਂਦੇ ਹਨ। ਸੁਰੱਖਿਆ ਬਲਾਂ ਦੀ ਨਫ਼ਰੀ ਵਧਾਉਣ ਅਤੇ ਅਤਿਵਾਦੀਆਂ ਦੇ ਆਜ਼ਾਦ ਘੁੰਮਣ ’ਤੇ ਰੋਕ ਲਗਾ ਕੇ ਉਨ੍ਹਾਂ ’ਤੇ ਨੱਥ ਪਾਈ ਜਾ ਸਕਦੀ ਹੈ।’’ ਸਰਕਾਰੀ ਸੂਤਰਾਂ ਨੇ ਕਿਹਾ ਕਿ ਨੀਮ ਫ਼ੌਜੀ ਬਲਾਂ ਦੀਆਂ 50 ਹੋਰ ਕੰਪਨੀਆਂ ਵਾਦੀ ਖਾਸ ਕਰਕੇ ਸ੍ਰੀਨਗਰ ’ਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੁਰੱਖਿਆ ਬੰਦੋਬਸਤ ਨੂੰ ਪੁਖ਼ਤਾ ਕੀਤਾ ਜਾ ਸਕੇ।
ਸਾਲ 2010 ’ਚ ਕਸ਼ਮੀਰ ਦੇ ਦੌਰੇ ’ਤੇ ਗਏ ਸਰਬ ਦਲੀ ਵਫ਼ਦ ਦੀ ਸਿਫ਼ਾਰਿਸ਼ ’ਤੇ ਸ੍ਰੀਨਗਰ ’ਚ 50 ਨਾਕਿਆਂ ਅਤੇ ਬੰਕਰਾਂ ਨੂੰ ਹਟਾ ਦਿੱਤਾ ਗਿਆ ਸੀ। ਅਜਿਹੀਆਂ ਸਿਫ਼ਾਰਿਸ਼ਾਂ ਕੇਂਦਰ ਵੱਲੋਂ ਨਿਯੁਕਤ ਵਾਰਤਾਕਾਰਾਂ ਦੀ ਟੀਮ ਵੱਲੋਂ ਵੀ ਕੀਤੀਆਂ ਗਈਆਂ ਸਨ। ਉਸ ਸਮੇਂ ਹਾਲਾਤ ’ਚ ਇੰਨਾ ਸੁਧਾਰ ਹੋਇਆ ਸੀ ਕਿ ਤਤਕਾਲੀ ਗ੍ਰਹਿ ਮੰਤਰੀ ਪੀ ਚਿਦੰਬਰਮ ਜੰਮੂ ਕਸ਼ਮੀਰ ’ਚੋਂ ਪੜਾਅਵਾਰ ਢੰਗ ਨਾਲ ਅਫ਼ਸਪਾ ਹਟਾਉਣ ਦੇ ਪੱਖ ’ਚ ਸਨ। ਪੁਲੀਸ ਅਧਿਕਾਰੀਆਂ ਨੇ ਵਾਦੀ ’ਚ ਉਠਾੲੇ ਜਾ ਰਹੇ ਨਵੇਂ ਕਦਮਾਂ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਪੁਲੀਸ ਨੇ ਸ੍ਰੀਨਗਰ ਅਤੇ ਦੱਖਣੀ ਕਸ਼ਮੀਰ ਦੇ ਕੁਝ ਇਲਾਕਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਸ਼ਹਿਰ ’ਚ ਦੋਪਹੀਆ ਵਾਹਨਾਂ ਖ਼ਿਲਾਫ਼ ਮੁਹਿੰਮ ਚਲਾਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly