ਗੱਲ ਧਰਮ ਦੀ

ਰਮੇਸ਼ ਸੇਠੀ ਬਾਦਲ
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਇਨਸਾਨੀਅਤ ਨੂੰ ਜਿੰਦਾ ਰੱਖਣ ਲਈ ਧਰਮ ਬਣਾਏ ਗਏ ਸਨ। ਫਿਰ ਇਹ ਧਰਮ ਇੱਕ ਦੂਜੇ ਧਰਮ ਦੇ ਵੈਰੀ ਬਣ ਗਏ। ਇਨਸਾਨੀਅਤ ਜਿੰਦਾ ਰਹੀ ਨਾ ਰਹੀ ਇਨਸਾਨ ਜ਼ਰੂਰ ਮਰੇ ਅਤੇ ਮਾਰੇ ਗਏ ਇਸੇ ਧਰਮ ਦੇ ਨਾਮ ਤੇ। ਇਹ ਸਿਲਸਿਲਾ ਸਦੀਆਂ ਤੋਂ ਚਲਿਆ ਆ ਰਿਹਾ ਹੈ ਤੇ ਅਜੇ ਵੀ ਜਾਰੀ ਹੈ।  ਧਰਮ ਇਕ ਅੰਮ੍ਰਿਤ ਹੈ ਇਸ ਨੂੰ ਜ਼ਹਿਰ ਬਣਾਕੇ ਵੇਚਿਆ ਜਾ ਰਿਹਾ ਹੈ।  ਜੇ ਧਰਮ ਨੂੰ ਸ਼ਹੀ ਢੰਗ ਨਾਲ ਅਪਣਾਇਆ ਜਾਵੇ ਤਾਂ ਇਹ ਨਫਰਤਾਂ ਈਰਖਾ ਦਾ ਬਜ਼ਾਰ ਜਵਾਂ ਬੰਦ ਹੋ ਜਾਵੇਗਾ। ਪ੍ਰੰਤੂ ਇੱਥੇ ਤਾਂ ਧਰਮ ਦੇ ਨਾਮ ਤੇ ਨਫਰਤ ਦੀ ਰਿਕਾਰਡ ਤੋੜ ਵਿਕਰੀ ਹੁੰਦੀ ਹੈ। ਕਤਲੇਆਮ ਦੰਗੇ ਸਭ ਧਰਮ ਦੇ ਨਾਮ ਤੇ ਹੁੰਦੇ ਹਨ। ਕਹਿੰਦੇ ਧਰਮ ਜੋੜਦਾ ਹੈ ਪਰ ਇਹ ਤਾਂ ਤੋੜਨ ਦਾ ਕੰਮ ਕਰਨ ਲੱਗ ਪਿਆ। ਹੁਣ ਸਮਝ ਨਹੀਂ ਆਉਂਦੀ ਕਸੂਰ ਧਰਮ ਦਾ ਹੈ ਕਿ ਇਸ ਨੂੰ ਮੰਨਣ ਵਾਲਿਆਂ ਦਾ।
ਪਤਾ ਨਹੀਂ ਕਿਸੇ ਨੇ ਕੀ ਸੋਚਕੇ ਧਰਮ ਵਰਗੇ ਸ਼ਬਦ ਨੂੰ ਜੀਵਨਸਾਥੀ ਨਾਲ ਜੋੜ ਦਿੱਤਾ ਤੇ ਪਤਨੀ ਨੂੰ ਧਰਮਪਤਨੀ ਦਾ ਰੁਤਬਾ ਬਖਸ਼ਿਆ ਗਿਆ। ਜਦੋਂ ਧਰਮ ਪਤੀ ਨਹੀਂ ਹੁੰਦਾ। ਧਰਮ ਭੈਣ ਸਕੀ ਭੈਣ ਨਹੀਂ ਹੁੰਦੀ ਤੇ ਨਾ ਹੀ ਮਾਂ ਪਿਓ ਨੂੰ ਧਰਮ ਦੇ ਮਾਂ ਪਿਓ ਕਿਹਾ ਜਾਂਦਾ ਹੈ। ਫਿਰ ਧਰਮ ਪਤਨੀ ਕਿਉਂ। ਸ਼ਾਇਦ ਇਹ ਪਤਨੀ ਨਾਲ ਕੋਈਂ ਧੱਕਾ ਹੈ ਜਾਂ ਦਵਾਇਤ। ਰਿਸ਼ਤਿਆਂ ਵਿੱਚ ਕੋਈਂ ਗੰਢ। ਇਸੇ ਲਈ ਦੁਨੀਆਂ ਦਾ ਇਹ ਸਭ ਤੋਂ ਨਜ਼ਦੀਕੀ ਰਿਸ਼ਤਾ ਬਹੁਤੇ ਵਾਰੀ ਨਿੱਤ ਨਿੱਤ ਦੀ ਕਿਚ ਕਿਚ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਜਦੋਂ ਕਿ ਇਹ ਰਿਸ਼ਤਾ ਬਾਕੀ ਦੇ ਸਭ ਰਿਸ਼ਤਿਆਂ ਤੋਂ ਨੇੜਲਾ, ਵਿਸ਼ਵਾਸ ਵਾਲਾ ਅਤੇ ਮੇਰ ਵਾਲਾ ਹੁੰਦਾ ਹੈ। ਮੈਨੂੰ ਇੱਥੇ ਧਰਮ ਸ਼ਬਦ ਜੋੜਨਾ ਸ਼ਹੀ ਨਹੀਂ ਲੱਗਦਾ। ਪਤਨੀ ਲਈ ਵਰਤੇ ਜਾਂਦੇ ਬਾਕੀ ਸ਼ਬਦ ਬਹੁਤ ਢੁਕਵੇਂ ਹਨ। ਹੁਣ ਕਸੂਰ ਧਰਮ ਦਾ ਹੈ ਜਾਂ ਮੰਨਣ ਵਾਲਿਆਂ ਦਾ।
ਭਾਰ ਤੋਲਣ ਲਈ ਲੱਗੇ ਵੱਡੇ ਕੰਡਿਆਂ ਨੂੰ ਵੀ ਧਰਮਕਾਂਟਾ ਕਹਿੰਦੇ ਹਨ। ਪਤਾ ਨਹੀਂ ਕਿਉਂ।  ਇਹ ਕਮਾਈ ਲਈ ਲਗਾਏ ਜਾਂਦੇ ਹਨ। ਕੀ ਬਾਕੀ ਦੇ ਕੰਡੇ ਧਰਮ ਅਨੁਸਾਰ ਨਹੀਂ ਚਲਦੇ। ਧਰਮ ਦੇ ਨਾਲ ਨਾਲ ਇਹ੍ਹਨਾਂ ਕੰਡਿਆਂ ਨੂੰ ਵੀ ਬਦਨਾਮ ਕੀਤਾ ਜਾਂਦਾ ਹੈ। ਭਾਈ ਕੰਡੇ ਦਾ ਮਤਲਬ ਹੀ ਧਰਮ ਅਨੁਸਾਰ ਨਿਆਂ ਕਰਨਾ ਹੁੰਦਾ ਹੈ।
ਇੱਕ ਗੱਲ ਜੋ ਸਭ ਤੋਂ ਮਾੜੀ ਲੱਗੀ। ਔਰਤ ਦੀ ਆਮ ਸਰੀਰਕ ਕਿਰਿਆ ਪੀਰੀਅਡਸ ਨੂੰ ਵੀ ਧਰਮ ਨਾਲ ਜੋੜਦੇ ਹੋਏ ਉਸ ਨੂੰ ਮਾਸਿਕਧਰਮ ਦਾ ਨਾਮ ਦਿੱਤਾ ਗਿਆ ਹੈ। ਇਹ ਇੱਕ ਸਰੀਰਕ ਰੂਟੀਨ ਹੈ ਜੋ ਔਰਤ ਨੂੰ ਸੰਪੂਰਨ ਬਣਾਉਂਦਾ ਹੈ। ਇਸ ਤੋਂ ਬਿਨਾਂ ਔਰਤ ਅਧੂਰੀ ਹੁੰਦੀ ਹੈ। ਮਾਸਿਕਧਰਮ ਤੋਂ ਬਿਨਾਂ ਉਹ ਸੰਤਾਨ ਦੀ ਉਤਪਤੀ ਨਹੀਂ ਕਰ ਸਕਦੀ। ਪ੍ਰੰਤੂ ਇੱਕ ਪਾਸੇ ਤਾਂ ਇਸਨੂੰ ਮਾਸਿਕ ਧਰਮ ਦਾ ਨਾਮ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਸਮੇਂ ਦੌਰਾਨ ਔਰਤ ਦੇ ਇਸ ਦਰਦ ਵਾਲੇ ਸਮੇਂ ਨੂੰ ਸਮਝਣ ਦੀ ਬਜਾਇ ਉਸ ਨੂੰ ਧਾਰਮਿਕ ਸਮਾਜਿਕ ਕੰਮਾਂ ਤੋਂ ਪਾਸੇ ਕਰ ਦਿੱਤਾ ਜਾਂਦਾ ਹੈ। ਮਾਸਿਕ ਧਰਮ ਵਾਲੀ ਔਰਤ ਦੀ ਧਾਰਮਿਕ ਕੰਮਾਂ ਵਿੱਚ ਭਾਗੀਦਾਰੀ ਨਹੀਂ ਕਰਵਾਈ ਜਾਂਦੀ। ਕਈ ਇਲਾਕਿਆਂ ਵਿੱਚ ਉਸਨੂੰ ਰਸੋਈ ਵਿੱਚ ਵੜਨ ਦੀ ਆਗਿਆ ਨਹੀਂ ਹੁੰਦੀ।ਉਹ ਪੂਜਾ ਪਾਠ ਨਹੀਂ ਕਰ ਸਕਦੀ। ਇਸ ਸਮੇਂ ਦੌਰਾਨ ਉਹ ਇਸ ਪ੍ਰਕਿਰਿਆ ਤੋਂ ਪਰਦਾ ਰੱਖਣਾ ਲਾਜ਼ਮੀ ਹੁੰਦਾ ਹੈ। ਉਹ ਆਪਣਾ ਦੁੱਖ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ। ਖਾਸਕਰ ਕਿਸੇ ਮਰਦ ਨਾਲ। ਪਤਾ ਨਹੀਂ ਇਸ ਪੜ੍ਹੇ ਲਿਖੇ ਸਮਾਜ ਨੇ ਇਸ ਸਰੀਰਕ ਕਿਰਿਆ ਤੇ ਇੰਨਾ ਸਖਤ ਕਿਉਂ ਹੈ।  ਭਾਵੇਂ ਇਹ ਬਾਕੀ ਦੀਆਂ ਕਿਰਿਆਵਾਂ ਵਾੰਗੂ ਆਮ ਕਿਰਿਆ ਹੈ।  ਔਰਤ ਲਈ ਇਹ ਦਰਦ ਅਤੇ ਕਮਜ਼ੋਰੀ ਦਾ ਸਮਾਂ ਹੁੰਦਾ ਹੈ ਪ੍ਰੰਤੂ ਮੇਰੇ ਹਿਸਾਬ ਨਾਲ ਇਸ ਮੌਕੇ ਤੇ ਜਿੱਥੇ ਉਸਨੂੰ ਹਮਦਰਦੀ ਅਤੇ ਸਰੀਰਕ ਆਰਾਮ ਦੀ ਜਰੂਰਤ ਹੁੰਦੀ ਸਾਡੇ ਸਮਾਜ ਨੇ ਇਸ ਨੂੰ ਜਟਿਲ ਬਣਾ ਦਿੱਤਾ ਹੈ ਤੇ ਅਸੀਂ ਇਸਨੂੰ ਧਰਮ ਮੰਨਕੇ ਵੀ ਅਧਰਮੀ ਕੰਮ ਕਰਦੇ ਹਾਂ। ਸ਼ਾਇਦ ਹੁਣ ਧਰਮ ਨੂੰ ਆਪਣੇ ਅਰਥ ਬਦਲ ਲੈਣੇ ਚਾਹੀਦੇ ਹਨ। ਸ਼ਾਇਦ ਹੁਣ ਮਨੁੱਖ ਆਪਣੇ ਹਰ ਚੰਗੇ ਮੰਦੇ ਕਰਮ ਨੂੰ ਧਰਮ ਨਾਲ ਜੋੜ ਕਿ ਦਿਖਾਵਾ ਕਰਨਾ ਚਾਹੁੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਲੀ ਆਪਣੀ- ‌‌
Next articleਕੌਡੀਆਂ