ਕਾਬੁਲ (ਸਮਾਜ ਵੀਕਲੀ):ਨਵੀਂ ਤਾਲਿਬਾਨ ਸਰਕਾਰ ’ਚ ਉੱਚ ਸਿੱਖਿਆ ਮੰਤਰੀ ਅਬਦੁਲ ਬਾਕੀ ਹੱਕਾਨੀ ਨੇ ਅੱਜ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਨੂੰ ਯੂਨੀਵਰਸਿਟੀਆਂ ਵਿੱਚ ਪੋਸਟ ਗ੍ਰੈਜੂਏਟ ਪੱਧਰ ਤੱਕ ਪੜ੍ਹਨ ਦੀ ਖੁੱਲ੍ਹ ਰਹੇਗੀ, ਪਰ ਕੁੜੀਆਂ ਤੇ ਮੁੰਡਿਆਂ ਲਈ ਵੱਖੋ-ਵੱਖਰੀਆਂ ਜਮਾਤਾਂ ਹੋਣਗੀਆਂ ਤੇ ਇਸਲਾਮਿਕ ਪੁਸ਼ਾਕ ਲਾਜ਼ਮੀ ਹੋਵੇਗੀ। ਹੱਕਾਨੀ ਨੇ ਸਿੱਖਿਆ ਨੂੰ ਲੈ ਕੇ ਸਰਕਾਰ ਦੀਆਂ ਨਵੀਆਂ ਨੀਤੀਆਂ ਦਾ ਖੁਲਾਸਾ ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ। ਕਾਬਿਲੇਗੌਰ ਹੈ ਕਿ ਦਾਅਵਿਆਂ ਦੇ ਉਲਟ ਤਾਲਿਬਾਨਾਂ ਦੀ ਅਗਵਾਈ ਵਾਲੀ ਨਵੀਂ ਸਰਕਾਰ ਵਿੱਚ ਕਿਸੇ ਵੀ ਮਹਿਲਾ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਉਂਜ ਕੁੱਲ ਆਲਮ ਦੀ ਨਜ਼ਰ ਇਸ ਵੇਲੇ ਨਵੇਂ ਹਾਕਮਾਂ ’ਤੇ ਹੈ ਕਿ ਉਹ 1990ਵਿਆਂ ਦੇ ਅਖੀਰ ਵਿੱਚ ਹੋਂਦ ’ਚ ਆਈ ਆਪਣੀ ਪਿਛਲੀ ਸਰਕਾਰ ਨਾਲੋਂ ਐਤਕੀਂ ਕੀ ਕੁਝ ਵੱਖਰਾ ਕਰਦੇ ਹਨ। ਤਾਲਿਬਾਨੀ ਹਾਕਮਾਂ ਦੇ ਪਿਛਲੇ ਕਾਰਜਕਾਲ ਦੌਰਾਨ ਕੁੜੀਆਂ ਤੇ ਔਰਤਾਂ ਨੂੰ ਸਿੱਖਿਆ ਤੋਂ ਪੂਰੀ ਤਰ੍ਹਾਂ ਕੋਰਾ ਰੱਖਣ ਤੋਂ ਇਲਾਵਾ ਜਨਤਕ ਜ਼ਿੰਦਗੀ ਤੋਂ ਵੀ ਗੈਰਹਾਜ਼ਰ ਰੱਖਿਆ ਸੀ। ਹੱਕਾਨੀ ਨੇ ਕਿਹਾ ਕਿ ਤਾਲਿਬਾਨ ਘੜੀ ਨੂੰ 20 ਸਾਲ ਪਿੱਛੇ ਨਹੀਂ ਲਿਜਾਣਾ ਚਾਹੁੰਦਾ।
ਉਸ ਨੇ ਕਿਹਾ, ‘‘ਅਸੀਂ ਅੱਜ ਜੋ ਕੁਝ ਮੌਜੂਦ ਹੈ, ਉਸੇ ਆਧਾਰ ’ਤੇ ਨਿਰਮਾਣ ਸ਼ੁਰੂ ਕਰਾਂਗੇ।’’ ਹੱਕਾਨੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਮਹਿਲਾ ਵਿਦਿਆਰਥਣਾਂ ਲਈ ਹਿਜਾਬ ਲਾਜ਼ਮੀ ਹੋਵੇਗਾ, ਪਰ ਉਨ੍ਹਾਂ ਇਹ ਸਾਫ਼ ਨਹੀਂ ਕੀਤਾ ਕਿ ਇਹ ਸਿਰ ’ਤੇ ਪਾਉਣਾ ਲਾਜ਼ਮੀ ਹੋਵੇਗਾ ਜਾਂ ਫ਼ਿਰ ਮੂੰਹ ਵੀ ਢਕਣਾ ਹੋਵੇਗਾ। ਸਿੱਖਿਆ ਮੰਤਰੀ ਨੇ ਕਿਹਾ, ‘‘ਲਿੰਗ ਦੇ ਆਧਾਰ ’ਤੇ ਕੁੜੀਆਂ ਤੇ ਮੁੰਡਿਆਂ ਦੀਆਂ ਜਮਾਤਾਂ ਅੱਡੋ-ਅੱਡ ਹੋਣਗੀਆਂ। ਅਸੀਂ ਕੁੜੀਆਂ ਮੁੰਡਿਆਂ ਨੂੰ ਇਕੱਠਿਆਂ ਪੜ੍ਹਨ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਸਹਿ-ਸਿੱਖਿਆ ਦੀ ਖੁੱਲ੍ਹ ਨਹੀਂ ਦੇਵਾਂਗੇ।’’ ਹੱਕਾਨੀ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਜਾਂਦੇ ਵਿਸ਼ਿਆਂ ’ਤੇ ਵੀ ਨਜ਼ਰਸਾਨੀ ਕੀਤੀ ਜਾਵੇਗੀ। ਤਾਲਿਬਾਨ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਸੰਗੀਤ ਤੇ ਆਰਟ ’ਤੇ ਪਾਬੰਦੀ ਲਾ ਦਿੱਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly