ਸ੍ਰੀਨਗਰ (ਸਮਾਜ ਵੀਕਲੀ): ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਵਾਲੇ ਤਾਲਿਬਾਨ ਨੂੰ ਸੱਚੇ ਸ਼ਰੀਆ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਔਰਤਾਂ ਸਣੇ ਸਾਰਿਆਂ ਨੂੰ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ। ਅਮਰੀਕੀ ਫ਼ੌਜਾਂ ਦੀ ਅਫ਼ਗਾਨਿਸਤਾਨ ਵਿੱਚੋਂ ਵਾਪਸੀ ਮਗਰੋਂ ਤਾਲਿਬਾਨ ਨੇ ਦੇਸ਼ ’ਤੇ ਕਬਜ਼ਾ ਕਰ ਲਿਆ ਹੈ। ਹੁਣ ਉਸ ਨੇ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਦੀ ਅਗਵਾਈ ਵਿੱਚ ਅੰਤ੍ਰਿਮ ਸਰਕਾਰ ਵੀ ਬਣਾ ਲਈ ਹੈ। ਸ੍ਰੀਨਗਰ ਵਿੱਚ ਇੱਕ ਪ੍ਰੋਗਰਾਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਨੇ ਕਿਹਾ, ‘‘ਤਾਲਿਬਾਨ ਨੇ ਹਕੀਕਤ ਵਿੱਚ ਸਰਕਾਰ ਬਣਾ ਲਈ ਹੈ।
ਜਦੋਂ ਉਹ ਪਹਿਲੀ ਵਾਰ ਸੱਤਾ ਵਿੱਚ ਆਏ ਸਨ ਤਾਂ ਉਨ੍ਹਾਂ ਦਾ ਅਕਸ ਮਨੁੱਖੀ ਅਧਿਕਾਰਾਂ ਵਿਰੋਧੀ ਰਿਹਾ ਸੀ। ਜੇ ਉਹ ਅਫ਼ਗਾਨਿਸਤਾਨ ’ਤੇ ਰਾਜ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੁਰਾਨ ਦੇ ਅਸਲੀ ਸ਼ਰੀਆ ਕਾਨੂੰਨ ਦੀ ਪਾਲਣਾ ਕਰਨੀ ਹੋਵੇਗੀ, ਜੋ ਔਰਤਾਂ, ਬੱਚਿਆਂ ਅਤੇ ਵੱਡਿਆਂ ਦੇ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ।’’ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਤਾਲਿਬਾਨ ਪੈਗੰਬਰ ਮੁਹੰਮਦ ਦੇ ਮਦੀਨਾ ਵਿੱਚ ਸਥਾਪਤ ਸ਼ਾਸਨ ਦੇ ਨਕਸ਼ੇ ਕਦਮ ’ਤੇ ਚੱਲਦਾ ਹੈ ਤਾਂ ਉਹ ਦੁਨੀਆ ਵਿੱਚ ਇੱਕ ਮਿਸਾਲ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਤਾਲਿਬਾਨ ਕੌਮਾਂਤਰੀ ਭਾਈਚਾਰੇ ਨਾਲ ਸਬੰਧ ਕਾਇਮ ਕਰਨਾ ਚਾਹੁੰਦਾ ਤਾਂ ਉਸ ਨੂੰ ਇਸਲਾਮ ਅਤੇ ਸ਼ਰੀਆ ਦੀਆਂ ਕੱਟੜ ਵਿਆਖਿਆ ਨੂੰ ਛੱਡ ਦੇਣਾ ਚਾਹੀਦਾ ਹੈ। ਮਹਿਬੂਬਾ ਨੇ ਕਿਹਾ, ‘‘ਜੇ ਅਜਿਹਾ ਨਾ ਕੀਤਾ ਤਾਂ ਅਫ਼ਗਾਨਿਸਤਾਨ ਦੇ ਲੋਕਾਂ ਲਈ ਮੁਸ਼ਕਲ ਖੜੀ ਹੋ ਜਾਵੇਗੀ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly