ਤਾਲਿਬਾਨੀ ਕਾਰਾ

ਪ੍ਰਿੰ ਕੇਵਲ ਸਿੰਘ ਰੱਤੜਾ

(ਸਮਾਜ ਵੀਕਲੀ) 

ਵੀਹ ਇੱਕੀ,ਪੰਦਰਾਂ ਅਕਤੂਬਰ, ਦਿਨ ਬਣਿਆ ਭਾਰਾ ਹੈ।
ਜੋ ਸਿੰਘੂ ਦੇ ਲਾਗੇ ਹੋਇਆ ਸਿਰਫ ਤਾਲਿਬਾਨੀ ਕਾਰਾ ਹੈ।

ਜਸ਼ਨ ਦੁਸਹਿਰੇ ਵਿੱਚ ਸੀ ਲੋਕੀਂ, ਏਸੇ ਦਿਨ ਨੂੰ ਚੁਣਿਆਂ ਕਿਉਂ,
ਬੇਅਦਬੀ ਦੇ ਨਾਂ ਤੇ ਮਰਿਆ , ਕਿਉਂ ਲਖਬੀਰ ਵਿਚਾਰਾ ਹੈ।

ਸਾਲ ਹੋ ਗਿਆ ਸਭ ਕੁੱਝ ਝੱਲਿਆ,ਬਲ੍ਹੀਆਂ ਅੱਗਾਂ,ਪੱਗਾਂ ਵੀ,
ਸਭੇ ਮੋਰਚੇ ਸ਼ਾਂਤ ਰਹੇ , ਇਹ ਖੂਨੀ ਕਾਂਡ ਕੀ ਸਾਰਾ ਹੈ ?

ਹੱਥ ਕੱਟਕੇ ,ਲੱਤ ਵੱਢਕੇ , ਲਾਸ਼ ਨੂੰ ਨਾਕੇ ਟੰਗ ਦੇਣਾ
ਸਾਡੀ ਇਹ ਫਿਤਰਤ ਨਹੀਂ,ਇਹ ਤਾਂ ਸਾਜਿਸ਼ ਜਾਂ ਬਟਵਾਰਾ ਹੈ।

ਕੌਣ ਭਲਾ ਸਾਡੇ ਤੋਂ ਔਖਾ ,ਕਿਸਦੀ ਅੱਖ ‘ਚ ਚੁੱਭਦੇ ਹਾਂ,
ਕਤਲ ਕਰਦਿਆਂ ਫਿਲਮ ਬਣਾਉਣੀ,ਸਾਡੀ ਸਮਝ ਤੋਂ ਬਾਹਰਾ ਹੈ।

ਤੀਲੀ ਲਾ ਦੰਗੇ ਕਰਵਾਉਣੇ , ਵੋਟਾਂ ਨੇੜੇ ਆਦਤ ਹੈ,
ਰਾਜੇ ਦੇ ਫੁਰਮਾਨ ਲਈ , ਇੱਕ ਦੇਸ਼-ਧ੍ਰੋਹੀ ਮਾਰਾ ਹੈ।

ਲੋਕ-ਰਾਜ ਵਿੱਚ ਜੰਗਲ ਵਰਗੀ , ਦਹਿਸ਼ਤ ਨਜ਼ਰੀ ਪੈਂਦੀ ਹੈ,
ਮਹਿਲਾਂ ਦੇ ਗੇਟਾਂ ਤੱਕ ‘ਰੱਤੜਾ’ ਹਾਲੇ ਨ੍ਹੇਰ ਪਸਾਰਾ ਹੈ ।

Kewal Singh Ratra

Previous articleSonia slams Congress leaders for speaking to media
Next articleਪਿੰਡ ਜਗਤਪੁਰ ਜਟਾਂ (ਸਰਾਂ) ਵਿੱਚ ਦੂਜਾ ਕਬੱਡੀ ਕੱਪ 20 ਅਕਤੂਬਰ ਨੂੰ ।