ਜਲੰਧਰ, (ਸਮਾਜ ਵੀਕਲੀ) ( ਜੱਸਲ) ਭਿਖਸ਼ੂ ਸੰਘ ਪੰਜਾਬ ਵਲੋਂ ‘ਕਠਿਨ ਚੀਵਰ ਦਾਨ ‘ਦਾ ਇਤਿਹਾਸਿਕ ਮੇਲਾ ਤਕਸ਼ਿਲਾ ਮਹਾਂਬੁੱਧ ਵਿਹਾਰ ਕਾਦੀਆਂ ਲੁਧਿਆਣਾ ਵਿਖੇ ਬਹੁਤ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਿਖਸ਼ੂ ਸੁੱਗਤਾ ਨੰਦ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ “ਦਾਨ ਕਰਨ ਨਾਲ ਦਾਨੀਆਂ ਦੇ ਕਸ਼ਟ ਖਤਮ ਹੋ ਜਾਂਦੇ ਹਨ ਅਤੇ ਦਾਨ ਕਰਨ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ ।ਇਸ ਲਈ ਦਾਨ ਕਰਕੇ ਦੂਜਿਆਂ ਦਾ ਭਲਾ ਕੀਤਾ ਜਾਣਾ ਚਾਹੀਦਾ ਹੈ।” ਭਿਖਸ਼ੂ ਸੁੱਗਤਾ ਨੰਦ ਜੀ ਇੱਥੇ ਅਰੁਣਾਚਲ ਪ੍ਰਦੇਸ਼ ਤੋਂ ਆਏ ਹੋਏ ਸਨ । ਭਿਖਸ਼ੂ ਪ੍ਰਗਿਆ ਬੋਧੀ ਇੰਚਾਰਜ ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਨੇ ਪ੍ਰਵਚਨ ਕਰਦਿਆਂ ਕਿਹਾ ਕਿ “ਤਥਾਗਤ ਬੁੱਧ ਨੇ ਆਪਣੇ ਜੀਵਨ ਸਮੇਂ ਭਿਖਸ਼ੂਆਂ ਨੂੰ ‘ਵਰਸ਼ਾਵਾਸ ‘ ਕਰਨ ਲਈ ਕਿਹਾ ਸੀ । ਵਰਸ਼ਾਵਾਸ ਦੀ ਸਮਾਪਤੀ ਉਪਰੰਤ ਸ਼ਰਧਾਲੂਆਂ ਵੱਲੋਂ ਜੋ ਚੀਵਰ ਹੱਥ ਨਾਲ ਬੁਣ ਕੇ ਆਦਰ ਸਹਿਤ ਭਿਖਸ਼ੂਆਂ ਨੂੰ ਦਿੱਤਾ ਜਾਂਦਾ ਹੈ, ਉਸ ਨੂੰ “ਕਠਿਨ ਚੀਵਰ ਦਾਨ” ਕਿਹਾ ਜਾਂਦਾ ਹੈ ।ਪੰਜਾਬ ਵਿੱਚ ਇਹ 18ਵਾਂ ਚੀਵਰ ਦਾਨ ਉਤਸਵ ਮਨਾਇਆ ਗਿਆ। ਇਸ ਮੌਕੇ ਲੱਗਭਗ 20 ਭਿਖਸ਼ੂਆਂ ਨੂੰ ਭੋਜਨ ਕਰਵਾਇਆ ਗਿਆ ਅਤੇ ਅੰਤ ਵਿੱਚ ਸਾਰੀ ਸੰਗਤ ਨੂੰ ਵੀ ਲੰਗਰ ਵਰਤਾਇਆ ਗਿਆ। ਸ਼ਰਧਾਲੂਆਂ ਤੇ ਉਪਾਸਕਾਂ ਵਿੱਚ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ.) ਪੰਜਾਬ, ਮਨੋਜ ਕੁਮਾਰ ਐਸ.ਡੀ.ਓ., ਨਵਜੀਤ ਚੌਹਾਨ , ਇਨਕਲਾਬ ਸਿੰਘ , ਧੰਨਪਤ ਰੱਤੂ ਇੰਗਲੈਂਡ ,ਅਵਤਾਰ ਸਿੰਘ, ਡਾ.ਤਰੀਭਵਨ ,ਗੁਰ ਪ੍ਰਸ਼ਾਦ ,ਜਤਿੰਦਰ ਕੁਮਾਰ , ਜਗਦੀਸ਼ ਕੁਮਾਰ ਬੌਧ,ਰਾਮ ਨਰਾਇਣ ਬੌਧ, ਸ਼੍ਰੀਮਤੀ ਕਾਂਤਾ ਕੁਮਾਰੀ ਅਤੇ ਸ਼੍ਰੀਮਤੀ ਮੀਨੂੰ ਬੌਧ ਧੰਮਾ ਵੇਵਜ਼ ਤੋਂ ਇਲਾਵਾ ਹੋਰ ਹਜ਼ਾਰਾਂ ਉਪਾਸਕ ਅਤੇ ਉਪਾਸਕਾਵਾਂ ਹਾਜ਼ਰ ਸਨ। ਪੰਡਾਲ ਵਿੱਚ ਤਕਸ਼ਿਲਾ ਸਾਹਿਤ ਕੇਂਦਰ ਵੱਲੋਂ ਬੁੱਕ ਸਟਾਲ ਲਗਾਇਆ ਗਿਆ ਅਤੇ ਹੋਰ ਮਿਸ਼ਨਰੀ ਪੁਸਤਕ ਵਿਕਰੇਤਾਵਾਂ ਵੱਲੋਂ ਕਿਤਾਬਾਂ ਦੇ ਸਟਾਲ ਲਗਾਏ ਗਏ।ਪ੍ਰੋਗਰਾਮ ਦੀ ਸ਼ੁਰੂਆਤ ਪਿੰਡ ਕਾਦੀਆਂ ਵਿੱਚ ਧੰਮ ਯਾਤਰਾ ਕੱਢ ਕੇ ਕੀਤੀ ਗਈ। ਧੰਮ ਯਾਤਰਾ ਵਿੱਚ “ਬੁੱਧਮ ਸ਼ਰਣਮ ਗੱਛਾਮੀ ” ਦਾ ਗੁਣਗਾਨ ਕੀਤਾ ਗਿਆ।
HOME ਤਕਸ਼ਿਲਾ ਮਹਾਂ ਬੁੱਧ ਵਿਹਾਰ ਵਿੱਚ ‘ਕਠਿਨ ਚੀਵਰ ਦਾਨ ‘ਦਾ ਇਤਿਹਾਸਿਕ ਮੇਲਾ ਕਰਵਾਇਆ...