(ਸਮਾਜ ਵੀਕਲੀ) ਇਸ ਪਾਵਨ ਪਵਿੱਤਰ ਅਸਥਾਨ ਤੇ ਸਾਹਿਬ-ਏ-ਕਮਾਲ, ਅੰਮ੍ਰਿਤ ਦੇ ਦਾਤੇ, ਸਰਬੰਸਦਾਨੀ, ਦੋ ਜਹਾਨ ਦੇ ਵਾਲੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪੋਹ ਸੁਦੀ ਸੱਤਵੀਂ, ਸੰਮਤ 1723 ਬਿਕਰਮੀ, 22 ਦਸੰਬਰ ਸੰਨ 1666 ਈ: ਨੂੰ ਹੋਇਆ । ਪਟਨਾ ਸ਼ਹਿਰ ਨੂੰ ਪਹਿਲਾਂ ਕਈ ਨਾਵਾਂ ਨਾਲ ਯਾਦ ਕੀਤਾ ਜਾਂਦਾ ਸੀ ਜਿਵੇਂ ਪਾਲਪੋਖਰਾ, ਪਸ਼ਮਪੁਰ, ਕੁਸ਼ਾਮਾਵਤੀ ਪਾਟਲੀਪੁੱਤਰ । ਇਸ ਦਾ ਜ਼ਿਆਦਾਤਰ ਹਰਮਨ-ਪਿਆਰਾ ਤੇ ਪ੍ਰਸਿੱਧ ਨਾਮ ਪਾਟਲੀਪੁੱਤਰ ਰਿਹਾ ।
ਪਟਨਾ ਸਾਹਿਬ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਦੂਜਾ ਮਹਾਨ ਤਖਤ ਹੈ । ਪਟਨਾ ਸ਼ਹਿਰ ਬਿਹਾਰ ਰਾਜ ਦੀ ਰਾਜਧਾਨੀ ਹੋਣ ਕਰਕੇ ਹੀ ਮਹਾਨ ਨਹੀਂ ਸਗੋਂ ਇਸ ਦੀ ਮਹਾਨਤਾ ਇਸ ਦਾ ਪੁਰਾਤਨ ਤੇ ਇਤਿਹਾਸਕ ਪਿਛੋਕੜ ਹੋਣ ਕਰਕੇ ਵੀ ਹੈ ।
ਧਾਰਮਿਕ ਪੱਖ ਤੋਂ ਇਸ ਦੀ ਮਹਾਨਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੱਤਕ ਸੁਦੀ ਪੂਰਨਮਾਸ਼ੀ (ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਅਨੁਸਾਰ) ਸੰਮਤ ਬਿਕਰਮੀ 1563, ਸੰਨ 1506 ਈ: ਨੂੰ ਪਹਿਲੀ ਉਦਾਸੀ ਸਮੇਂ ਸਾਲਸ ਰਾਏ ਜੌਹਰੀ ਨੂੰ ਮੰਜੀ ਦੇਣ ਅਤੇ ਸਿੱਖੀ ਪ੍ਰਚਾਰ ਦਾ ਕੇਂਦਰ ਸਥਾਪਿਤ ਕਰਨ ਤੋਂ ਹੋਈ । ਗੁਰੂ ਨਾਨਕ ਦੇਵ ਜੀ ਨੇ ਇੱਥੇ ਤਿੰਨ ਮਹੀਨੇ ਰਹਿ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ । ਨੌਂਵੇਂ ਸਤਿਗੁਰੂ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਹੁਕਮਨਾਮਿਆਂ ਅੰਦਰ ਪਟਨਾ ਸਾਹਿਬ ਨੂੰ ‘ਪਟਨਾ ਗੁਰੂ ਕਾ ਘਰ’ ਦਾ ਮਾਣ ਦਿੱਤਾ । ਗੁਰੂ ਤੇਗ਼ ਬਹਾਦਰ ਜੀ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਸਿੱਖੀ ਸਿਧਾਂਤ ਦਾ ਪ੍ਰਚਾਰ ਕੀਤਾ ਅਤੇ ਪਟਨੇ ਦੀ ਧਰਤੀ ਨੂੰ ਪਵਿੱਤਰ ਕੀਤਾ ।
ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਸਾਜਣ ਸਮੇਂ ਵੀ ਤਖਤ ਸ਼੍ਰੀ ਪਟਨਾ ਸਾਹਿਬ ਨੂੰ ‘ਖਾਲਸੇ ਕਾ ਜਨਮ ਪਟਨਾ ਦਾ’ ਮਾਣ ਬਖ਼ਸ਼ਿਆ । ਗਿਆਨੀ ਸੋਹਣ ਸਿੰਘ ਸੀਤਲ ਸਿੱਖ ਇਤਿਹਾਸ ਦੇ ਸੋਮੇ ਭਾਗ ਤੀਜਾ ਪੰਨਾ 82, ਪ੍ਰਿੰਸੀਪਲ ਸਤਿਬੀਰ ਸਿੰਘ ਜੀ ਬਲਿਓ ਚਿਰਾਗ ਪੁਸਤਕ ਦੇ ਪੰਨਾ 85 ਤੇ ਲਿਖਦੇ ਹਨ ਕਿ ‘ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਟਨਾ ਵਿਖੇ ਲੰਗਰ ਦੀ ਬੁਨਿਆਦ ਰੱਖੀ। ਪੰਗਤਾਂ ਵਿੱਚ ਆਪ ਬੈਠ ਕੇ ਲੰਗਰ ਛਕਦੇ ਰਹੇ।’ ਸਾਡਾ ਇਤਿਹਾਸ ਪੰਨਾ 97 ‘ਪੰਗਤਿ ਦੀ ਨੀਂਹ ਪਟਨਾ ਸਾਹਿਬ ਹੀ ਰਖੀ ।’
ਸਿੱਖੀ ਪ੍ਰਚਾਰ ਦਾ ਪਹਿਲਾ ਵੱਡਾ ਕੇਂਦਰ ਹੋਣ ਕਰਕੇ ਅਤੇ ਖ਼ਾਲਸਾ ਪੰਥ ਦੇ ਸਿਰਜਣਹਾਰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ (ਜਨਮ) ਅਸਥਾਨ ਹੋਣ ਕਰਕੇ ਹਰ ਇੱਕ ਗੁਰਸਿੱਖ ਨੂੰ ਆਪਣੇ ਜੀਵਨ/ ਜ਼ਿੰਦਗੀ ਵਿੱਚ ਇੱਕ ਵਾਰ ਤਾਂ ਜ਼ਰੂਰ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਹਨ।
ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਹੈ ।”ਆਗੈ ਚੜ੍ਹਾਵੋ ਪਟਨੇ ਜਾਵੈ, ਮਾਤਾ ਕਹਿਣੈ ਤੇ ਈਹਾਂ ਆਵੈ।।” (ਪੰਨਾ 295) ਅਨੁਸਾਰ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਸਾਰੀ ਗੁਰੂ ਦੀ ਭੇਟਾ ਦਸਵੰਧ ਦੀ ਮਾਇਆ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੀ ਆਉਂਦੀ ਸੀ ਪਰ ਜਦੋਂ ਮਾਤਾ ਸੁੰਦਰ ਕੌਰ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸਾਰਾ ਪ੍ਰਬੰਧ ਸੌਂਪਿਆ ਤਾਂ ਮਾਤਾ ਜੀ ਨੇ ਸੰਗਤਾਂ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਚਲਾਉਣ ਵਾਸਤੇ ਉਥੇ ਵੀ ਦਸਵੰਧ ਦੀ ਮਾਇਆ ਭੇਜਣ ਲਈ ਕਿਹਾ । ਮਾਤਾ ਜੀ ਦੇ ਬਚਨ ਅਨੁਸਾਰ ਗੁਰੂ ਦੀ ਭੇਟਾ ਅੰਮ੍ਰਿਤਸਰ ਵੀ ਭਾਈ ਮਨੀ ਸਿੰਘ ਜੀ ਕੋਲ ਜਾਣ ਲੱਗੀ ।ਇਸ ਗੱਲ ਤੋਂ ਵੀ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਹਾਨਤਾ ਪ੍ਰਗਟ ਹੈ ।
ਗੁਰਦੁਆਰਾ ਕੋਸ਼ ਅਨਸਾਰ ਪਹਿਲਾਂ ਇੱਥੇ ਗੁਰਦੁਆਰਾ 1665 ਈ: ਵਿੱਚ ਰਾਜਾ ਫਤਿਹ ਚੰਦ ਮੈਣੀ ਨੇ ਬਣਾਇਆ । ਮਹਾਨ ਕੋਸ਼ ਅਤੇ ਗੁਰਦੁਆਰਾ ਕੋਸ਼ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ 1839 ਵਿੱਚ ਇਮਾਰਤ ਬਣਵਾਈ ।1934 ਈ: ਵਿੱਚ ਪਟਨਾ ਵਿੱਚ ਭੁਚਾਲ ਕਾਰਨ ਤਖ਼ਤ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ । 10 ਨਵੰਬਰ 1948 ਈ: ਨੂੰ ਕੱਤਕ ਦੀ ਪੂਰਨਮਾਸ਼ੀ ਦਿਹਾੜੇ ਵਰਤਮਾਨ ਪੰਜ ਮੰਜ਼ਿਲਾਂ ਖੂਬਸੂਰਤ ਇਮਾਰਤ ਦੀ ਨੀਂਹ ਰੱਖੀ । ਸੇਵਾ ਦੇ ਮਹਾਨ ਕੁੰਭ ਵਿੱਚ ਸ਼੍ਰੀਮਾਨ ਸੰਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ ਯਮੁਨਾ ਨਗਰ (ਹਰਿਆਣਾ), ਸੰਤ ਕਰਤਾਰ ਸਿੰਘ ਜੀ ਨੇ ਹਰ ਪੱਖ ਤੋਂ ਸੇਵਾ ਕੀਤੀ । 26 ਦਸੰਬਰ 1957 ਈ: ਨੂੰ ਗੁਰਦੁਆਰੇ ਦੀ ਨਵੀਂ ਇਮਾਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਵੀਂ ਬਣੀ ਸੋਨੇ ਦੀ ਪਾਲਕੀ ਵਿੱਚ ਬੜੀ ਧੂਮਧਾਮ ਨਾਲ ਕੀਤਾ ਗਿਆ।
ਇਸ ਪੰਜ ਮੰਜ਼ਿਲਾਂ ਇਮਾਰਤ ਦੇ ਹੇਠਾਂ ਭੋਰਾ ਹੈ। ਗਰਾਊਂਡ ਫਲੋਰ ਤੇ ਪ੍ਰਕਾਸ਼ ਅਸਥਾਨ ਤਿੰਨ ਬਣੇ ਹਨ ਜਿਨ੍ਹਾਂ ਵਿੱਚ ਦੋਵਾਂ ‘ਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅਤੇ ਤੀਜੇ ਤੇ ‘ਸ੍ਰੀ ਦਸਮ ਗ੍ਰੰਥ ਸਾਹਿਬ’ ਦਾ ਪ੍ਰਕਾਸ਼ ਕੀਤਾ ਜਾਂਦਾ ਹੈ । ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਯਾਦਾ ਬਾਕੀ ਸਾਰੇ ਤਖ਼ਤਾਂ ਨਾਲ ਵੱਖਰੀ ਹੈ । ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਜੋਤ ਜਗਾ ਕੇ ਆਰਤੀ ਦਾ ਉਚਾਰਨ ਕੀਤਾ ਜਾਂਦਾ ਹੈ । ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ । ਤਖਤ ਸ਼੍ਰੀ ਹਰਿਮੰਦਰ ਜੀ ਵਿਖੇ ਦਸਮ ਪਾਤਸ਼ਾਹ ਦਾ ਪੰਘੂੜਾ ਸਾਹਿਬ, ਚਾਰ ਤੀਰ, ਇੱਕ ਛੋਟੀ ਕਿਰਪਾਨ (ਸੈਫ), ਇੱਕ ਛੋਟਾ ਖੰਡਾ, ਕਟਾਰ, ਚੰਦਨ ਦਾ ਕੰਘਾ, ਬਾਲਾ ਪ੍ਰੀਤਮ ਦੀਆਂ ਹਾਥੀ ਦੰਦ ਦੀਆਂ ਖੜਾਵਾਂ, ਮਿੱਟੀ ਦਾ ਗੁਲੇਲਾ, ਛੋਟੀ ਚੱਕਰੀ (ਜੋ ਸਤਿਗੁਰੂ ਕੇਸਾਂ ਵਿੱਚ ਸਜਾਇਆ ਕਰਦੇ ਸਨ), ਲੋਹੇ ਦੇ ਚੱਕਰ (ਦਸਤਾਰ ਤੇ ਸਜਾਉਣ ਵਾਲੇ), ਕਲਗੀਧਰ ਬਾਲ ਅਵਸਥਾ ਵਿੱਚ ਜੋ ਗੁਰਮੁਖੀ ਅੱਖਰ ਪੈਂਤੀ ਦੇ ਲਿਖਦੇ ਰਹੇ, ਉਹ ਵੀ ਕਾਗ਼ਜ਼ਾਂ ਉੱਤੇ ਚਿੰਨ੍ਹਤ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ (ਜਿਸ ਉੱਤੇ ਸਤਿਗੁਰੂ ਜੀ ਦੇ ਦਸਤਖ਼ਤ ਹਨ), ਭਗਤ ਕਬੀਰ ਜੀ ਦੀ ਖੱਡੀ ਦੇ ਬੁਣਨ ਵਾਲੇ ਸੰਦ, ਗੁਰੂ ਤੇਗ਼ ਬਹਾਦਰ ਜੀ ਦੀਆਂ ਚੰਦਨ ਦੀਆਂ ਖੜਾਵਾਂ, ਇੱਕ ਪੁਰਾਣਾ ਚੋਲਾ, ਸ਼੍ਰੀ ਗੁਰੂ ਤੇਗ਼ ਬਹਾਦਰ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਦੇ 30 ਹੁਕਮਨਾਮਿਆਂ ਦੇ ਦਰਸ਼ਨ ਸਵੇਰੇ-ਸ਼ਾਮ ਸੰਗਤਾਂ ਨੂੰ ਕਰਵਾਏ ਜਾਂਦੇ ਹਨ।
ਦੂਜੀ ਮੰਜ਼ਿਲ ‘ਤੇ ਸ਼੍ਰੀ ਅਖੰਡ-ਪਾਠਾਂ ਦਾ ਪ੍ਰਵਾਹ ਚੱਲਦਾ ਹੈ। ਤੀਜੀ ਮੰਜ਼ਿਲ ‘ਤੇ ਸੱਚ-ਖੰਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੁਖਾਸਣ ਦੇ ਪਲੰਘ ਹਨ । ਚੌਥੀ ਮੰਜ਼ਿਲ ਤੇ ਅੰਮ੍ਰਿਤਪਾਨ (ਅੰਮ੍ਰਿਤ-ਸੰਚਾਰ) ਹੁੰਦਾ ਹੈ । ਪੰਜਵੀਂ ਮੰਜ਼ਿਲ ‘ਤੇ ਪੁਰਾਤਨ ਹੱਥ ਲਿਖਤ, ਪੱਥਰ ਦੇ ਛਾਪੇ ਦੀਆਂ ਬਿਰਧ ਬੀੜਾਂ ਦੀ ਸੰਭਾਲ ਹੈ ।
ਗੁਰਦੁਆਰਾ ਸਾਹਿਬ ਨਾਲ 200 ਤੋਂ ਵੱਧ ਏਕੜ ਜ਼ਮੀਨ ਅਤੇ ਮਹਾਨ ਕੋਸ਼ ਅਨੁਸਾਰ ਰਿਆਸਤ ਨਾਭਾ, ਰਿਆਸਤ ਜੀਂਦ, ਰਿਆਸਤ ਪਟਿਆਲਾ, ਰਿਆਸਤ ਫ਼ਰੀਦਕੋਟ ਤੇ ਹੋਰਾਂ ਵੱਲੋਂ ਕਾਫੀ ਸਲਾਨਾ ਜਗੀਰਾਂ ਹਨ।
ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ ਸੱਤਵੀਂ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ, ਖਾਲਸੇ ਦਾ ਸਾਜਣਾ ਦਿਵਸ ਵਿਸਾਖੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ, ਦੀਵਾਲੀ (ਬੰਦੀ ਛੋੜ ਦਿਵਸ), ਜੋਤੀ-ਜੋਤਿ ਗੁਰਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਸੰਗਤਾਂ ਦੇ ਸਹਿਯੋਗ ਨਾਲ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ।
ਪਟਨਾ ਸਾਹਿਬ ਦਾ ਵੱਡਾ ਸਟੇਸ਼ਨ ਪਟਨਾ ਜੰਕਸ਼ਨ ਹੈ । ਇਸ ਥਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਲਗਭਗ ਦਸ ਕੁ ਕਿਲੋਮੀਟਰ ਦੂਰ ਹੈ । ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਨੂੰ ‘ਪਟਨਾ ਸਾਹਿਬ’ ਰੇਲਵੇ ਸਟੇਸ਼ਨ ਤੇ ਉਤਰਨਾ ਚਾਹੀਦਾ ਹੈ । ਇੱਥੋਂ ਗੁਰਦੁਆਰਾ ਸਾਹਿਬ ਇੱਕ ਕਿਲੋਮੀਟਰ ਦੂਰ ਹੈ । ਰਿਕਸ਼ਾ, ਆਟੋ (ਥਰੀਵੀਲ੍ਹਰ) ਆਮ ਮਿਲ ਜਾਂਦੇ ਹਨ।
ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦੋ ਨਿਸ਼ਾਨ ਸਾਹਿਬ (115 ਫੁੱਟ ਅਤੇ 126 ਫੁੱਟ) ਝੂਲਦੇ ਦਿਲਾਂ ਨੂੰ ਧੂਹ (ਖਿੱਚ) ਪਾਉਂਦੇ ਹਨ । ਸੰਗਤਾਂ ਦੀ ਰਿਹਾਇਸ਼ ਲਈ ਇੱਕ ਸੌ (100) ਕਮਰੇ ਸਾਫ਼, ਖੁੱਲ੍ਹੇ ਅਤੇ ਹਵਾਦਾਰ ਬਣੇ ਹਨ । ਇੱਥੇ ਬਿਨਾਂ ਭੇਦ-ਭਾਵ ਦੇ ਹਰ ਜਾਤ- ਮਜ਼੍ਹਬ ਦੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਅਤੇ ਵਿਸ਼ਰਾਮ ਕਰਦੇ ਹਨ । ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ।
ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
Email :-[email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly