ਬਗਦਾਦ, (ਸਮਾਜ ਵੀਕਲੀ) :ਅਮਰੀਕੀ ਡਰੋਨ ਨੇ ਅੱਜ ਪੂਰਬੀ ਸੀਰੀਆ ’ਚ ਇਰਾਨ ਹਮਾਇਤੀ ਮਿਲੀਸ਼ੀਆ ਦੇ ਇੱਕ ਟਰੱਕ ’ਤੇ ਹਮਲਾ ਕੀਤਾ ਹੈ। ਹਮਲੇ ’ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਰਾਕੀ ਮਿਲੀਸ਼ੀਆ ਦੇ ਦੋ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਪਿਛਲੇ ਕੁਝ ਹਫ਼ਤਿਆਂ ਤੋਂ ਖੇਤਰ ’ਚ ਅਮਰੀਕੀ ਫ਼ੌਜ ਅਤੇ ਇਰਾਨ ਹਮਾਇਤੀ ਇਰਾਕੀ ਮਿਲੀਸ਼ੀਆ ਵਿਚਾਲੇ ਵੱਧ ਰਹੇ ਤਣਾਅ ਦੌਰਾਨ ਹੋਇਆ ਹੈ। ਅਮਰੀਕਾ ਵੱਲੋਂ ਉਨ੍ਹਾਂ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹੜੇ ਡਰੋਨਾਂ ਅਤੇ ਰਾਕੇਟਾਂ ਦੀ ਵਰਤੋਂ ਨਾਲ ਅਮਰੀਕੀ ਫ਼ੌਜ ਦੇ ਬੇਸ ਕੈਂਪਾਂ ’ਤੇ ਹਮਲਾ ਕਰਦੇ ਹਨ। ਇਰਾਕੀ ਮਿਲੀਸ਼ੀਆ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਟਰੱਕ ’ਚ ਕਿਹੜਾ ਸਾਮਾਨ ਸੀ।
ਉਨ੍ਹਾਂ ਦੱਸਿਆ ਕਿ ਅਮਰੀਕੀ ਡਰੋਨ ਨੇ ਪਹਿਲਾਂ ਚਿਤਾਵਨੀ ਵਜੋਂ ਹਮਲਾ ਕੀਤਾ, ਜਿਸ ਮਗਰੋਂ ਡਰਾਈਵਰ ਛਾਲ ਮਾਰ ਕੇ ਟਰੱਕ ਵਿੱਚੋਂ ਨਿਕਲ ਗਿਆ ਅਤੇ ਫਿਰ ਡਰੋਨ ਨੇ ਇੱਕ ਮਿਜ਼ਾਈਲ ਦਾਗ ਕੇ ਟਰੱਕ ਤਬਾਹ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਰਾਕ-ਸੀਰੀਆ ਸਰਹੱਦ ’ਤੇ ਵਰਤਿਆ ਜਾਣ ਵਾਲਾ ਇਹ ਟਰੱਕ ਕਾਤੇਬ ਸਈਦ ਅਲ-ਸ਼ੁਹਾਦਾ ਨਾਲ ਸਬੰਧਤ ਸੀ। ਦੂਜੇ ਪਾਸੇ ਅਮਰੀਕੀ ਫ਼ੌਜ ਵੱਲੋਂ ਹਾਲੇ ਇਸ ਹਮਲੇ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਗਈ। ਸੀਰੀਆ ਦੇ ਸਰਕਾਰੀ ਟੀਵੀ ਦੀ ਰਿਪੋਰਟ ਮੁਤਾਬਕ ਟਰੱਕ ਵਿੱਚ ਖਾਣਾ ਲਿਜਾਇਆ ਰਿਹਾ ਸੀ ਅਤੇ ਹਮਲੇ ’ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਬਰਤਾਨੀਆ ਅਧਾਰਿਤ ਸੀਰੀਆ ਦੀ ਮਨੁੱਖੀ ਅਧਿਕਾਰ ਨਿਗਰਾਨ ਸੰਸਥਾ ਨੇ ਕਿਹਾ ਕਿ ਟਰੱਕ ਵਿੱਚ ਇਰਾਕੀ ਮਿਲੀਸ਼ੀਆ ਲਈ ਗੋਲਾ ਬਾਰੂਦ ਲਿਜਾਇਆ ਜਾ ਰਿਹਾ ਸੀ। ਸੰਸਥਾ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ ਡਰਾਈਵਰ ਦੀ ਮੌਤ ਹੋ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly