(ਸਮਾਜ ਵੀਕਲੀ) ਤੀਜੀ ਕਲਾਸ ਦਾ ਵਿਦਿਆਰਥੀ ਪਰਮ ਸਕੂਲ ਜਾਣ ਤੋਂ ਬਹੁਤ ਡਰਦਾ ਸੀ। ਹਰ ਰੋਜ ਸਵੇਰੇ ਉੱਠਦਿਆਂ ਹੀ ਓਸਦੇ ਨਿੱਤ – ਨਵੇਂ ਬਹਾਨੇ ਹੁੰਦੇ, ਕਦੀ ਲੱਤ ਦੁੱਖਦੀ, ਕਦੀ ਬਾਂਹ ਦੁੱਖਦੀ, ਕਦੀ ਢਿੱਡ ਦੁੱਖਦਾ ਤੇ ਕਦੀ ਸਿਰ ਦੁੱਖਦਾ। ਏਹ ਸਭ ਬਹਾਨੇ ਏਸ ਲਈ ਹੁੰਦੇ ਕਿ ਬੱਸ ਮੰਮੀ ਬੋਲ ਦੇਵੇ, “ਚੱਲ ਪਰਮ ਅੱਜ ਛੁੱਟੀ ਕਰਲੈ ਫਿਰ,” ਪਰ ਹੁਣ ਓਸਦੇ ਰੋਜ ਦੇ ਬਹਾਨੇ ਓਸਦੀ ਮੰਮੀ ਵੀ ਸਮਝਦੀ ਸੀ, ਓਹ ਧੱਕੇ ਨਾਲ ਓਸਨੂੰ ਸਕੂਲ ਭੇਜਦੀ, ਪਰ ਕਦੇ- ਕਦੇ ਪਰਮ ਦਾ ਬਹਾਨਾ ਵੀ ਚੱਲ ਜਾਂਦਾ। ਹਾਂ ਏਹ ਵੀ ਸੀ ਕਿ ਜਿਸ ਦਿਨ ਪਰਮ ਨੂੰ ਸਕੂਲ ‘ਚ ਛੁੱਟੀ ਹੁੰਦੀ ਓਸ ਦਿਨ ਓਹ ਸਵੇਰੇ ਜਲਦੀ ਉੱਠ ਜਾਂਦਾ, ਪਹਿਲਾ ਘਰ ਦੇ ਵੇਹੜੇ ‘ਚ ਖੇਡਦਾ, ਫਿਰ ਗਲੀ ‘ਚ, ਤੇ ਓਸਤੋਂ ਬਾਅਦ ਤੇ ਪੂਰੇ ਮੁਹੱਲੇ ‘ਚ, ਗੱਲ ਕੀ ਸਾਰਾ ਦਿਨ ਹੱਥ ਹੀ ਨਾ ਆਉਂਦਾ। ਪਰਮ ਦੀ ਏਸ ਆਦਤ ਤੋਂ ਓਸਦੀ ਮੰਮੀ ਬਹੁਤ ਪ੍ਰੇਸ਼ਾਨ ਸੀ, ਓਹ ਵਾਰ – ਵਾਰ ਓਸਨੂੰ ਸਮਝਾਉਂਦੀ, ਝਿੜਕਦੀ ਤੇ ਕਦੀ- ਕਦੀ ਖਿਝ ਕੇ ਗੁੱਸੇ ‘ਚ ਕੰਨਾਂ ‘ਤੇ ਦੋ ਲਾ ਵੀ ਦਿੰਦੀ। ਸਕੂਲ ਦੀ ਅਧਿਆਪਕਾ ਜਗਰੂਪ ਕੌਰ ਜੀ ਕੋਲ ਜਾ ਕੇ ਪਰਮ ਦੀ ਮੰਮੀ ਨੇ ਏਸ ਸਮੱਸਿਆ ਬਾਰੇ ਦੱਸਿਆ ਵੀ। ਮੈਡਮ ਜਗਰੂਪ ਜੀ ਏਸ ਤਰ੍ਹਾਂ ਦੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਂਦੇ, ਪਰ ਅਸਰ ਬੱਸ ਦੋ ਕੁ ਦਿਨ ਹੀ ਰਹਿੰਦਾ, ਇੱਕ ਦਿਨ ਗੱਲਾਂ – ਗੱਲਾਂ ‘ਚ ਮੈਡਮ ਜਗਰੂਪ ਜੀ ਨੇ ਆਪਣੇ ਲੇਖਕ ਪਤੀ ਨਾਲ ਏਸ ਬਾਰੇ ਵੈਸੇ ਹੀ ਚਲਦੀਆਂ ਗੱਲਾਂ ‘ਚ ਗੱਲ ਕੀਤੀ, ਅੱਗੋਂ ਸਰਦਾਰ ਜੀ ਪਹਿਲਾਂ ਤੇ ਹੱਸੇ ਫੇਰ ਬੋਲੇ, ” ਲੱਗਦਾ ਪਰਮ ਮੇਰੇ ਵਰਗਾ ਹੀ ਏ…. ਮੈਂ ਵੀ ਜਦ ਪ੍ਰਾਇਮਰੀ ‘ਚ ਹੁੰਦਾ ਸੀ, ਹਮੇਸ਼ਾਂ ਸਕੂਲ ਤੋਂ ਭਗੌੜਾ ਰਹਿਣ ਬਾਰੇ ਹੀ ਸੋਚਦਾ ਸੀ, ਸਗੋਂ ਦੋ – ਚਾਰ ਸਾਥੀ ਹੋਰ ਵੀ ਆਪਣੇ ਵਰਗੇ ਬਣਾ ਲਏ ਸਨ, ਅਸੀਂ ਤੇ ਕ਼ਈ ਵਾਰੀ ਸਕੂਲ ਜਾਣ ਤੋਂ ਬਚਣ ਲਈ ਖੇਤਾਂ ‘ਚ ਜਾ ਲੁਕਦੇ ਸੀ। ਸਾਡੇ ਸਕੂਲ ਦੇ ਮਾਸਟਰ ਸਗਲੀ ਰਾਮ ਜੀ ਨੇ ਸਰਕਾਰ ਤੋਂ ਆਈਂ ਗਰਾਂਟ ‘ਚ ਮਿੱਠੇ ਮਖਾਣਿਆਂ ਦੀ ਬੋਰੀ ਮੰਗਵਾਂ ਲਈ ਤੇ ਰੋਜ ਸਵੇਰ ਦੀ ਸਭਾ ਤੋਂ ਬਾਅਦ ਬੁੱਕ ਭਰ – ਭਰ ਬੱਚਿਆਂ ਨੂੰ ਮਖਾਣੇ ਵੰਡਣੇ ਸ਼ੁਰੂ ਕਰ ਦਿੱਤੇ, ਜਿਹੜੇ ਬੱਚੇ ਸਕੂਲ ਜਾਂਦੇ ਓਹ ਆ ਕੇ ਬੜੇ ਖੁਸ਼ ਹੋ ਕੇ ਦੱਸਦੇ, “ਮਖਾਣੇ ਬਹੁਤ ਸਵਾਦ ਸਨ ਤੇ ਮਿਲੇ ਵੀ ਬੁੱਕ ਭਰ – ਭਰ ਕੇ,,,,,,” ਓਹਨਾਂ ਦੀਆ ਗੱਲਾਂ ਸੁਣਕੇ ਸਾਡੇ ਵੀ ਮੂੰਹ ‘ਚ ਪਾਣੀ ਆਉਂਦਾ, ਦੋ ਕੁ ਦਿਨ ਤਾਂ ਅਸੀਂ ਸਬਰ ਕੀਤਾ ਪਰ ਜਦ ਰਹਿ ਨਾ ਹੋਇਆ, ਤਦ ਅਸੀਂ ਵੀ ਬਸਤੇ ਚੁੱਕ ਕੇ ਮਖਾਣਿਆਂ ਦੇ ਲਾਲਚ ‘ਚ ਸਕੂਲ ਚਲੇ ਗਏ। ਮਾਸਟਰ ਜੀ ਨੇ ਸਾਡੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ, ਤੇ ਫੇਰ ਖੇਡਾਂ ਨੂੰ ਪੜ੍ਹਾਈ ‘ਚ ਕਦੋ ਬਦਲ ਦਿੱਤਾ ਸਾਨੂੰ ਪਤਾ ਹੀ ਨਾ ਲੱਗਿਆ…. ਤੇ ਮੈਂ ਪੀ ਐਚ ਡੀ ਤੱਕ ਜਾ ਪਹੁੰਚਿਆ….। ਓਹਨਾਂ ਮਖਾਣਿਆਂ ਦੇ ਸਵਾਦ ਨੇ ਅੱਜ ਵੀ ਕਿਤਾਬੀ ਪੜ੍ਹਾਈ ਨਾਲ ਜੋੜ ਕੇ ਰੱਖਿਆ ਹੋਇਆ ਏ।” ਮੈਡਮ ਜਗਰੂਪ ਜੀ ਨੇ ਬਹੁਤ ਧਿਆਨ ਨਾਲ ਇੱਕ – ਇੱਕ ਗੱਲ ਸੁਣੀ ਤੇ ਜਦ ਰਾਤ ਨੂੰ ਨੀਂਦ ਖੁੱਲ੍ਹੀ, ਓਹ ਏਸ ਬਾਰੇ ਸੋਚਦੇ ਤੇ ਵਿਉਂਤ ਬਣਾਉਂਦੇ ਰਹੇ, ਸਵੇਰੇ ਜਲਦੀ ਉੱਠ ਕੇ ਸਕੂਲ ਦੇ ਵਕਤ ਤੋਂ ਅੱਧਾ ਘੰਟਾ ਪਹਿਲੇ ਘਰੋਂ ਚੱਲ ਪਏ, ਰਸਤੇ ‘ਚ ਪੈਦੇ ਸ਼ਾਹੀ ਸਵੀਟਸ ਤੋਂ ਪੇਸਟਰੀਆਂ ਪੈਕ ਕਰਵਾਈਆਂ, ਸਕੂਲ ਜਾ ਕੇ ਸਵੇਰ ਦੀ ਸਭਾ ‘ਚ ਬੱਚਿਆਂ ਤੋਂ ਗਿਆਨ ਵਿਗਿਆਨ ਨਾਲ ਸੰਬੰਧਤ ਸਵਾਲ ਪੁੱਛੇ ਤੇ ਸਾਰੇ ਬੱਚਿਆਂ ਨੂੰ ਪੇਸਟਰੀਆਂ ਵੰਡੀਆਂ, ਜਿਹੜੇ ਬੱਚੇ ਸਕੂਲ ਆਏ ਸੀ ਓਹ ਬਹੁਤ ਖੁਸ਼ ਹੋਏ ਤੇ ਓਹਨਾਂ ਨੇ ਪਰਮ ਹੁਰਾਂ ਨੂੰ ਏਸ ਬਾਰੇ ਹੋਰ ਵੀ ਸਵਾਦ ਲੈ – ਲੈ ਕੇ ਦੱਸਿਆ ਕੇ ਮੈਡਮ ਜੀ ਨੇ ਕਿਹਾ ਕੱਲ ਨੂੰ ਹੋਰ ਕੁਸ਼ ਲੈ ਕੇ ਆਵਾਂਗੀ…. ਪਰਮ ਕੋਲੋਂ ਰਿਹਾ ਨਾ ਗਿਆ, ਓਹ ਸਵੇਰੇ ਹੀ ਤਿਆਰ ਹੋ ਕੇ ਬੈਗ ਚੁੱਕ ਕੇ ਸਕੂਲ ਆ ਗਿਆ, ਮੈਡਮ ਜਗਰੂਪ ਜੀ ਨੇ ਦੂਜੇ ਦਿਨ ਕੱਪ ਕੇਕ ਵੰਡੇ, ਬੱਸ ਫੇਰ ਕੀ ਸੀ ਪਰਮ ਰੋਜ ਸਵੇਰੇ ਸਕੂਲ ਸਭ ਤੋਂ ਪਹਿਲਾਂ ਪਹੁੰਚਦਾ, ਕੁੱਝ ਦਿਨਾਂ ਬਾਅਦ ਸਰਕਾਰ ਨੇ ਸਕੂਲ ‘ਚ ਝੂਲੇ ਵੀ ਲਵਾ ਦਿੱਤੇ, ਖੇਡਾਂ ਦੇ ਸਮਾਨ ਵੀ ਭੇਜ ਦਿੱਤੇ, ਹੋਰ ਤੇ ਹੋਰ ਪੜ੍ਹਨ ਲਈ ਪ੍ਰੋਜੈਕਟਰ ਵੀ ਲਵਾ ਦਿੱਤੇ, ਜਗਰੂਪ ਮੈਡਮ ਜੀ ਹਰ ਸ਼ੁੱਕਰਵਾਰ ਅੱਧੀ ਛੁੱਟੀ ਤੋਂ ਬਾਅਦ ਪ੍ਰਜੈਕਟਰ ਤੇ ਬੱਚਿਆਂ ਨੂੰ ਪੜ੍ਹਾਈ ਨਾਲ ਸੰਬੰਧਤ ਸਿੱਖਿਆਦਾਇਕ ਫ਼ਿਲਮਾਂ ਵਿਖਾਉੰਦੇ…., ਹੌਲੀ – ਹੌਲੀ ਪਰਮ ਸਕੂਲ ਦੇ ਚੰਗੇ ਸੁਖਾਵੇਂ ਸਿੱਖਿਆਦਾਇਕ ਮਾਹੌਲ ‘ਚ ਰਚ – ਮਿਚ ਗਿਆ ਤੇ ਕਲਾਸ ਚੋਂ ਫਸਟ ਆਇਆ, ਖੁਸ਼ੀ ‘ਚ ਪਰਮ ਦੀ ਮੰਮੀ ਸਕੂਲ ‘ਚ ਪੰਜ ਡੱਬੇ ਲੱਡੂਆਂ ਦੇ ਲੈ ਕੇ ਆਈਂ, ਜਗਰੂਪ ਮੈਡਮ ਜੀ ਨੇ ਪੁੱਛਿਆ ਏਨੇ ਜ਼ਿਆਦਾ ਕਿਉ ਜੀ.. ਓਹ ਬੋਲੀ, ਜਦ ਪਰਮ ਨੇ ਸਕੂਲ ਤੋਂ ਮੁੱਖ ਮੋੜਿਆ ਹੋਇਆ ਸੀ ਤੇ ਪੜ੍ਹਦਾ ਨਹੀਂ ਸੀ, ਤਦ ਮੈਂ ਏਸ ਬਾਰੇ ਅਰਦਾਸ ਕੀਤੀ ਸੀ, ਤੁਹਾਡੀ ਮਿਹਨਤ ਸਦਕਾ ਮੇਰੀ ਅਰਦਾਸ ਪੂਰੀ ਹੋਈ ਏ, ਸਕੂਲ ਵੀ ਤਾਂ ਇੱਕ ਵਿੱਦਿਆ ਦਾ ਮੰਦਰ ਹੀ ਏ, ਏਸ ਲਈ ਏਹ ਲੱਡੂਆਂ ਦੇ ਡੱਬੇ ਏਥੇ ਲਿਆਈ ਹਾਂ….ਮੈਡਮ ਜੀ ਸਭ ਬੱਚਿਆਂ ‘ਚ ਵੰਡ ਦਿਓ ਜੀ।
ਜਗਮੋਹਣ ਕੌਰ
ਸਰਕਾਰੀ ਐਲੀਮੈਂਟਰੀ ਸਕੂਲ, ਲੁਹਾਹੀ ਕਲਾਂ
ਬਲਾਕ ਬੱਸੀ ਪਠਾਣਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



