ਮਿੱਠਬੋਲੜੇ ਤੇ ਮਿਹਨਤੀ ਮਾਸਟਰ ਜਗਦੀਪ ਸਿੰਘ ਥਿੰਦ ਦਾ ਵਿਛੋੜਾ

ਮਾਸਟਰ ਜਗਦੀਪ ਸਿੰਘ ਥਿੰਦ
ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ

 (ਸਮਾਜ ਵੀਕਲੀ)  ਨਿੱਜ ਨੂੰ ਨਕਾਰਦਿਆਂ ਸਰਬੱਤ ਦੇ ਭਲੇ ‘ਤੇ ਚੱਲਦਿਆਂ ਸਭਨਾਂ ਦੀ ਖੈਰੀਅਤ ਅਤੇ ਲੋੜ ਵੇਲੇ ਕੰਮ ਆਉਣਾ,ਨਿਮਰਤਾ ਦਾ ਪੱਲਾ ਨਾ ਛੱਡਦਿਆਂ ਮਿੱਠੇ ਬੋਲਾਂ ਸੰਗ ਗੈਰਾਂ ਦੇ ਮਨਾਂ ਵਿੱਚ ਆਪਣੀ ਵਿਸ਼ੇਸ ਥਾਂ ਬਣਾ ਲੈਣ ਦੇ ਗੁਣਾਂ ਸਦਕਾ ਸਿੱਖਿਆ ਵਿਭਾਗ ਵਿੱਚ ਬਤੌਰ ਅੰਗਰੇਜੀ ਮਾਸਟਰ ਅਤੇ ਬਲਾਕ ਮੈਂਟਰ ਵਜੋਂ ਵਿਚਰਦਿਆਂ ਜਗਦੀਪ ਸਿੰਘ ਥਿੰਦ ਨੇ ਆਪਣੀ ਨਿਵੇਕਲੀ ਪਛਾਣ ਬਣਾਈ।
ਜਗਦੀਪ ਸਿੰਘ ਥਿੰਦ ਪੰਜ ਕੁ ਦਹਾਕੇ ਪਹਿਲਾਂ ਲੁਧਿਆਣਾ ਜਿਲ੍ਹੇ ਦੇ ਪਿੰਡ ਮੋਹੀ ਵਿੱਚ ਜਨਮਿਆ ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।ਗੁਰੁ ਨਾਨਕ ਸਕੂਲ ਅਤੇ ਕੇਂਦਰੀਆ ਵਿਦਿਆਲਿਆ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਉਪ੍ਰੰਤ ਬ੍ਰਜਿੰਦਰਾ ਕਾਲਜ ਫਰੀਦਕੋਟ ਤੋਂ ਬੀ.ਏ ਅਤੇ ਸਰਕਾਰੀ ਕਾਲਜ ਲੁਧਿਆਣਾ ਤੋਂ ਐਮ.ਏ ਇੰਗਲਿਸ਼ ਕਰਨ ਉਪਰੰਤ ਬੀ.ਐੱਡ ਵੀ ਪੰਜਾਬ ਯੂਨੀਵਰਸਿਟੀ ਰਾਹੀਂ ਕੀਤੀ।ਸਿੱਖਿਆ ਪ੍ਰਾਪਤੀ ਉਪਰੰਤ ਕੁਝ ਸਮਾਂ ਲੁਧਿਆਣਾ ਵਿਖੇ ਪ੍ਰਾਈਵੇਟ ਡਿਊਟੀ ਨਿਭਾਈ।
ਸਾਲ 1998 ਦੌਰਾਨ ਜਗਦੀਪ ਸਿੰਘ ਨੇ ਪੜ੍ਹੀ ਲਿਖੀ ਲੜਕੀ ਨਾਲ ਵਿਆਹ ਕਰਵਾਇਆ ਅਤੇ ਘਰ ਵਿੱਚ ਦੋ ਪੁੱਤਰਾਂ ਨੇ ਜਨਮ ਲਿਆ।ਮਾਸਟਰ ਜੀ ਦੀ ਪਤਨੀ ਵੀ ਰਾਏਕੋਟ ਦੇ ਨਰਸਿੰਗ ਕਾਲਿਜ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਹਨ।ਸਾਲ 2008 ਦੌਰਾਨ ਜਗਦੀਪ ਸਿੰਘ ਥਿੰਦ ਬਤੌਰ ਅੰਗਰੇਜੀ ਮਾਸਟਰ ਸਰਕਾਰੀ ਹਾਈ ਸਕੂਲ ਬਾਸੀਆਂ ਬੇਟ ਵਿਖੇ ਹਾਜਰ ਹੁੰਦਿਆਂ ਹੀ ਅਧਿਆਪਨ ਸੇਵਾ ਨੂੰ ਸਮਰਪਿਤ ਹੋ ਗਏ,ਵਿਦਿਆਰਥੀਆਂ ,ਅਧਿਆਪਕਾਂ ਅਤੇ ਆਮ ਲੋਕਾਂ ਸੰਗ ਚੰਗੇਰੇ ਸਬੰਧਾਂ ਨੂੰ ਬਣਾਉਂਦਿਆਂ ਉਹ ਆਪਣੀਆਂ ਘਰੇਲੂ ਜੁੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾ ਰਹੇ ਸਨ ਕਿਓਜੋ ਮਾਸਟਰ ਜੀ ਦੀ ਪਤਨੀ ਦੇ ਛੋਟੇ ਭਰਾ ਦੀ ਬੇਵਕਤੀ ਮੌਤ ਕਾਰਣ ਸਹੁਰਾ ਪਰਿਵਾਰ ਦੀ ਦੇਖ ਭਾਲ ਦੀ ਜੁੰਮੇਵਾਰੀ ਵੀ ਉੰਂ੍ਹਨਾਂ ਦੀ ਬਣ ਚੁੱਕੀ ਸੀ।ਬਿਰਧ ਮਾਂ ਅਤੇ ਬਿਰਧ ਸੱਸ –ਸਹੁਰੇ ਦੀ ਸੇਵਾ ਸੰਭਾਲ ਨੇ ਉਸਦੇ ਚਿਹਰੇ ‘ਤੇ ਕਦੇ ਸ਼ਿਕਨ ਨਹੀਂ ਸੀ ਆਉਣ ਦਿੱਤਾ।
ਮਿਹਨਤੀ ਅਧਿਆਪਕ ਕਦੇ ਵਿਭਾਗ ਦੀਆਂ ਅੱਖਾਂ ਤੋਂ ਨਹੀਂ ਲੁਕ ਸਕਦਾ।ਸਾਲ 2017 ਦੌਰਾਨ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੁਆਰਾ ਚਲਾਏ ਗਏ “ਪੜ੍ਹੋ ਪੰਜਾਬ,ਪੜਾਓ ਪੰਜਾਬ” ਪ੍ਰੋਜੈਕਟ ਵਿੱਚ ਮਾਸਟਰ ਜਗਦੀਪ ਸਿੰਘ ਥਿੰਦ ਨੂੰ ਸ਼੍ਰੀ ਸੁਬੋਧ ਕੁਮਾਰ ਵਰਮਾ ਜਿਲ਼੍ਹਾ ਮੈਂਟਰ (ਅੰਗਰੇਜੀ ਅਤੇ ਸਮਾਜਿਕ ਵਿਗਿਆਨ) ਅਧੀਨ ਬਲਾਕ ਮੈਂਟਰ(ਬੀ.ਐਮ) ਬਾਲਕ ਸਿੱਧਵਾਂ ਬੇਟ-1,2 ਦੀਆਂ ਜੁੰਮੇਵਾਰੀਆਂ ਸੌਂਪੀਆਂ ਗਈਆਂ।ਆਪਣੇ ਮਿੱਠਬੋਲੜੇ ਸੁਬਾੳੇ ਅਤੇ ਨਿਮਰਤਾ ਸਦਕਾ ਥੋੜੇ ਅਰਸੇ ਦੌਰਾਨ ਜਗਦੀਪ ਨੇ ਦੋਵਾਂ ਬਲਾਕਾਂ ਦੇ ਅਧਿਆਂਪਕਾਂ ਦਾ ਹੀ ਮਨ ਨਹੀਂ ਜਿੱਤਿਆ ਬਲਕਿ ਜਿਲ੍ਹਾ ਅਤੇ ਸਟੇਟ ਟੀਮ ਵਿੱਚ ਵੀ ਆਪਣੀ ਨਿਵੇਕਲੀ ਛਾਪ ਛੱਡੀ ।
ਆਪਣੇ ਵਿਸ਼ੇ ਅੰਗਰੇਜੀ ਦੇ ਨਾਲ ਨਾਲ ਕੰਪਿਊਟਰ,ਮਲਟੀਮੀਡੀਆ ਦੀ ਵਿਸ਼ੇਸ ਮੁਹਾਰਤ ਨਾਲ ਉਹ ਲੈਸ ਸੀ।ਅਧਿਆਪਕਾਂ ਦੇ ਸੈਮੀਨਾਰ,ਟਰੇਨਿੰਗਾਂ,ਪ੍ਰਤਿਭਾ ਖੋਜ ਮੁਕਾਬਲਿਆਂ ਦੇ ਆਯੋਜਨ ਜਗਦੀਪ ਸਿੰਘ ਥਿੰਦ ਤੋਂ ਬਿਨਾਂ ਅਧੂਰੇ ਹੁੰਦੇ ਸਨ।ਨਵੇਂ ਬਲਾਕ ਮੈਟਰਾਂ ਨੂੰ ਬਲਾਕ ਦੇ ਕੰਮਾਂ ਵਿੱਚ ਪੁਰਨ ਸਹਿਯੋਗ,ਅਧਿਆਪਕਾਂ ਨੂੰ ਡਾਕ ਸਬੰਧੀ ਜਾਣਕਾਰੀ ਤੋਂ ਇਲਾਵਾ ਸਮਾਜਿਕ ਤੇ ਘਰੇਲੂ ਅਗਵਾਈ ਲੀਹਾਂ ਲੈਣ ਵਿੱਚ ਵੀ ਅਧਿਆਪਕ ਮਾਸਟਰ ਜੀ ਤੋਂ ਹਿਚਕਿਚਾਹਟ ਮਹਿਸੂਸ ਨਹੀਂ ਕਰਦੇ ਸਨ।
ਨਵੀਂ ਸਰਕਾਰ ਬਨਣ ਉਪਰੰਤ ਪ੍ਰੋਜੈਕਟ ਨੂੰ ਹੋਰ ਨਾਮ ਹੇਠ ਚਲਾਇਆ ਗਿਆ ਤਾਂ ਜਗਦੀਪ ਸਿੰਘ ਆਪਣੇ ਅਖੀਰਲੇ ਬਲਾਕ ਲੁਧਿਆਣਾ-2 ਤੋਂ ਆਪਣੇ ਪਿੱਤਰੀ ਸਕੂਲ ਸਰਕਾਰੀ ਹਾਈ ਸਕੂਲ਼ ਰੁੜਕਾ ਵਿਖੇ ਵਿਦਿਆਰਥੀਆਂ,ਮਾਪਿਆਂ,ਆਮ ਲੋਕਾਂ ਤੋਂ ਇਲਾਵਾ ਸਕੂਲਾਂ ਵਿੱਚ ਬੈਠੇ ਅਧਿਆਪਕਾਂ ਦੀ ਉਸੇ ਪ੍ਰਕਾਰ ਅਗਵਾਈ ਕਰਨ ਵਿੱਚ ਮਸ਼ਰੂਫ ਰਹਿੰਦੇ ਸਨ।
ਅਚਾਨਕ 11 ਜਨਵਰੀ 2025 ਨੂੰ ਦਿਲ ਦੀ ਧੜਕਣ ਬੰਦ ਹੋਣ ਕਾਰਨ ਸਭਨਾਂ ਦੇ ਹਰਮਨ ਪਿਆਰੇ ਮਾਸਟਰ ਜਗਦੀਪ ਸਿੰਗ ਜੀ ਥਿੰਦ ਆਪਣੇ ਪਰਿਵਾਰ,ਮਿੱਤਰਾਂ,ਸੰਗੀਆਂ-ਸਾਥੀਆਂ,ਜਿਲ੍ਹੇ ਭਰ ਦੇ ਅਧਿਆਪਕਾਂ,ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਦਿਲਾਂ ‘ਤੇ ਆਪਣੀ ਮਿਹਨਤ,ਪ੍ਰਤਿਭਾ,ਸੇਵਾ,ਸਹਿਯੋਗ,ਅਤੇ ਆਤਮ ਸਮਰਪਣ ਦੀਆਂ ਭਾਵਨਾਵਾਂ ਦੀ ਡੂੰਘੀ ਛਾਪ ਛੱਡਦਿਆਂ ਇਸ ਜਹਾਨ ਤੋਂ ਰੁਖਸਤ ਹੋ ਗਏ।
ਸੱਚ ਮੁੱਚ ਅਜਿਹੇ ਅਧਿਆਪਕ ਦਾ ਜੀਵਨ ਪੰਧ ਵਿੱਚੋਂ ਅੱਧਵਾਟੇ ਤੁਰ ਜਾਣਾ,ਪਰਿਵਾਰ,ਸਮਾਜ ਅਤੇ ਸਿੱਖਿਆ ਵਿਭਾਗ ਵਾਸਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ
ਸੰਪਰਕ:94646-01001

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਾਜ ਇੰਟਰਟੇਨਮੈਂਟ ਵਲੋਂ ਜਗੀਰ ਸਿੰਘ ਦਾ ਪਲੇਠਾ ਧਾਰਮਿਕ ਟ੍ਰੈਕ “ਲੱਖਾਂ ਦਾ ਵਾਧਾ ” ਜਲਦ ਹੋਵੇਗਾ ਰਿਲੀਜ਼ – ਤੇਜਿੰਦਰ ਰੱਤੂ
Next article‘ਤੀਸਰਾ ਵਿਸ਼ਵ ਯੁੱਧ ਨਹੀਂ ਹੋਣ ਦਿਆਂਗਾ’, ਡੋਨਾਲਡ ਟਰੰਪ ਨੇ ਸਹੁੰ ਚੁੱਕਣ ਤੋਂ ਪਹਿਲਾਂ ਰੂਸ-ਯੂਕਰੇਨ ਯੁੱਧ ‘ਤੇ ਕੀਤਾ ਵੱਡਾ ਐਲਾਨ