ਚੰਡੀਗੜ੍ਹ, (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ’ਚ ਬਿਜਲੀ ਸੰਕਟ ਖੜ੍ਹਾ ਕਰਨ ਪਿੱਛੇ ਸਿਆਸੀ ਸਾਜ਼ਿਸ਼ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਐਨ ਝੋਨੇ ਦੀ ਲੁਆਈ ਮੌਕੇ ਤਲਵੰਡੀ ਸਾਬੋ ਥਰਮਲ ਪਲਾਂਟ ਤੋਂ ਅਚਨਚੇਤ ਬਿਜਲੀ ਪੈਦਾਵਾਰ ਦਾ ਬੰਦ ਹੋਣਾ ਆਮ ਗੱਲ ਨਹੀਂ ਹੈ ਬਲਕਿ ਬਿਜਲੀ ਸਪਲਾਈ ਨੂੰ ਸਿਆਸੀ ਏਜੰਡੇ ਤਹਿਤ ਸਾਬੋਤਾਜ ਕੀਤਾ ਗਿਆ ਹੈ। ਉਨ੍ਹਾਂ ਅੱਜ ਮੰਗ ਕੀਤੀ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋ ਯੂਨਿਟਾਂ ਤੋਂ ਬੰਦ ਬਿਜਲੀ ਪੈਦਾਵਾਰ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਤਲਵੰਡੀ ਸਾਬੋ ਤਾਪ ਬਿਜਲੀ ਘਰ ਦਾ ਇੱਕ ਯੂਨਿਟ ਮਾਰਚ ਮਹੀਨੇ ਤੋਂ ਬੰਦ ਪਿਆ ਹੈ ਜੋ ਏਨੇ ਸਮੇਂ ਮਗਰੋਂ ਵੀ ਚਾਲੂ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਜ਼ਰੂਰ ਸਿਆਸੀ ਚਾਲ ਹੋਵੇਗੀ ਅਤੇ ਇਸੇ ਤਰ੍ਹਾਂ ਦੂਸਰੇ ਯੂਨਿਟ ਦਾ ਐਨ ਪੀਕ ਸੀਜ਼ਨ ’ਤੇ ਬੰਦ ਹੋਣਾ ਸ਼ੱਕ ਨੂੰ ਹੋਰ ਗਹਿਰਾ ਕਰਨ ਵਾਲਾ ਹੈ। ਉਨ੍ਹਾਂ ਇਸ ਦੀ ਜਾਂਚ ਟੈਕਨੋਕਰੇਟਾਂ ਦੀ ਇੱਕ ਕਮੇਟੀ ਤੋਂ ਕਰਾਉਣ ਦੀ ਮੰਗ ਕੀਤੀ।
ਸ੍ਰੀ ਜਾਖੜ ਨੇ ਉਂਗਲ ਉਠਾਈ ਕਿ ਬਿਜਲੀ ਸੰਕਟ ਪਿੱਛੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਨਜ਼ਰ ਆ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਨੇੜੇ ਹੋਣ ਕਰਕੇ ਦੋਵੇਂ ਪਾਰਟੀਆਂ ਨੇ ਪ੍ਰਾਈਵੇਟ ਥਰਮਲ ਦੇ ਪ੍ਰਬੰਧਕਾਂ ਨਾਲ ਮਿਲ ਕੇ ਕੋਈ ਚਾਲ ਚੱਲੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੀ ਇਸ ਸੋਚ ਕਰਕੇ ਖਮਿਆਜ਼ਾ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਜਾਖੜ ਨੇ ਅੱਜ ਅਗਾਊਂ ਸੁਚੇਤ ਕੀਤਾ ਕਿ ਭਾਜਪਾ ਅਤੇ ਸ਼੍ੋਮਣੀ ਅਕਾਲੀ ਦਲ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਅਗਲੀਆਂ ਚੋਣਾਂ ਕਰਕੇ ਝੋਨੇ ਦੀ ਸੀਜ਼ਨ ਵਿਚ ਕਿਸਾਨਾਂ ਨੂੰ ਸੜਕਾਂ ’ਤੇ ਰੋਲ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੰਗ ਪ੍ਰੇਸ਼ਾਨ ਕਰਨ ਵਾਸਤੇ ਝੋਨੇ ਦੇ ਸੀਜ਼ਨ ਵਿਚ ਕੇਂਦਰ ਅੜਿੱਕੇ ਖੜ੍ਹੇ ਕਰੇਗਾ ਪ੍ਰੰਤੂ ਇਸ ਨਾਲ ਪ੍ਰਭਾਵਿਤ ਕਿਸਾਨ ਹੋਣਗੇ। ਉਨ੍ਹਾਂ ਕਿਹਾ ਕਿ ਕਣਕ ਦੇ ਸੀਜ਼ਨ ਵਿਚ ਵੀ ਅਜਿਹੇ ਅੜਿੱਕੇ ਪਾਏ ਗਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly