ਚੰਗਾ ਸਹਿਤ ਸਮਾਜ਼ ਲਈ ਸ਼ੀਸ਼ੇ ਦਾ ਕੰਮ ਕਰਦਾ ਹੈ- ਸੰਤ ਸੀਚੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ) ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਨਿਰਮਲ ਕੁਟੀਆ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪ੍ਰਵਾਸੀ ਸ਼ਾਇਰਾ ਜੀਤ ਸੁਰਜੀਤ ਬੈਲਜੀਅਮ ਦੇ ਪਲੇਠੇ ਗ਼ਜ਼ਲ ਸੰਗ੍ਰਹਿ’ਕਾਗਜੀ ਕਿਰਦਾਰ’ ਨੂੰ ਉੱਘੇ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਦਬੀ ਹਸਤੀਆਂ ਦੀ ਹਾਜ਼ਰੀ ਵਿੱਚ ਲੋਕ ਅਰਪਿਤ ਕੀਤਾ। ਇਸ ਮੌਕੇ ਬੋਲਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਚੰਗਾ ਸਹਿਤ ਸਮਾਜ਼ ਲਈ ਸ਼ੀਸ਼ੇ ਵਾਂਗ ਕੰਮ ਕਰਦਾ ਹੈ। ਜਿੰਨਾ ਕੌਮਾਂ ਦਾ ਇਤਿਹਾਸ ਅਤੇ ਸਹਿਤ ਅਮੀਰ ਹੁੰਦਾ ਹੈ ਉਹ ਕੌਮਾਂ ਦੁਨੀਆ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਦੀਆਂ ਹਨ।
ਗ਼ਜ਼ਲ ਸੰਗ੍ਰਹਿ’ਕਾਗਜੀ ਕਿਰਦਾਰ’ ਤੇ ਚਰਚਾ ਕਰਦਿਆਂ ਉੱਘੇ ਸ਼ਾਇਰ ਮੁਖਤਿਆਰ ਚੰਦੀ ਨੇ ਕਿਹਾ ਕਿ ਸ਼ਾਇਰਾ ਜੀਤ ਸੁਰਜੀਤ ਸੱਤ ਸਮੁੰਦਰਾਂ ਤੋਂ ਪਾਰ ਬੈਠੀ ਆਪਣੀਆਂ ਗ਼ਜ਼ਲਾਂ ਵਿੱਚ ਮਾਂ ਬੋਲੀ,ਅਮੀਰ ਸਭਿਆਚਾਰ ਅਤੇ ਮਿੱਟੀ ਦੀ ਖੁਸ਼ਬੂ ਨੂੰ ਆਪਣੇ ਸਾਹਾਂ ਵਿੱਚ ਸਮੋਈ ਬੈਠੀ ਹੈ।ਉਸ ਨੇ ਆਪਣੀਆਂ ਲਿਖਤਾਂ ਵਿੱਚ ਤਿੜਕਦੇ ਮਨੁੱਖੀ ਰਿਸ਼ਤਿਆਂ,ਜੰਮਣ ਭੋਇੰ ਦਾ ਦਰਦ, ਸਮਾਜਿਕ ਸਰੋਕਾਰਾਂ ਅਤੇ ਦੁੱਖਾਂ ਦਰਦਾਂ ਨੂੰ ਬਾਖੂਬੀ ਚਿਤਰਿਆ ਹੈ। ਸ਼ਾਇਰਾ ਕੁਲਵਿੰਦਰ ਕੰਵਲ ਨੇ ਕਿਹਾ ਕਿ ਜੀਤ ਦੀ ਸ਼ਾਇਰੀ ਮਨੁੱਖਤਾ ਦੇ ਸਾਰੇ ਦੁੱਖਾਂ ਨੂੰ ਅੱਖਰਾਂ ਵਿੱਚ ਸਮੋਣ ਲਈ ਉਤਾਵਲੀ ਹੈ।
ਉੱਘੇ ਆਲੋਚਕ ਡਾ. ਰਾਮ ਮੂਰਤੀ ਨੇ ਕਿਹਾ ਕਿ ਜੀਤ ਸੁਰਜੀਤ ਅਜੋਕੀਆਂ ਦਰਪੇਸ਼ ਸਮੱਸਿਆਵਾਂ ਦੇ ਰੂਬਰੂ ਹੋ ਕੇ ਹਾਕਮਾਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਕਾਗਜ਼ੀ ਕਿਰਦਾਰਾਂ ਦਾ ਪਾਜ਼ ਉਦੇੜਦੀ ਹੈ। ਇਨਕਲਾਬੀ ਕਵੀ ਸੰਤ ਸੰਧੂ ਨੇ ਕਿਹਾ ਕਿ ਉਸਦੀ ਕਵਿਤਾ ਸੂਖਮਭਾਵੀ ਹੈ।ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਮਾਸਟਰ ਦੇਸ਼ ਰਾਜ, ਜਸਵਿੰਦਰ ਫਗਵਾੜਾ, ਜਗਮੋਹਨ ਸਿੰਘ, ਗੁਰਕੀਰਤ ਜੱਜ, ਜਤਿੰਦਰ ਸੇਠੀ , ਗੁਰਵਿੰਦਰ ਸਿੰਘ ਬੋਪਾਰਾਏ,ਅਮਰੀਕ ਸਿੰਘ ਸੰਧੂ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly