ਸੁਪਰੀਮ ਕੋਰਟ ਨੇ ਝਾਰਖੰਡ ਦੇ ਮੁੱਖ ਸਕੱਤਰ ਤੇ ਡੀਜੀਪੀ ਤੋਂ ਰਿਪੋਰਟ ਮੰਗੀ

ਨਵੀਂ ਦਿੱਲੀ (ਸਮਾਜ ਵੀਕਲੀ):  : ਧਨਬਾਦ ’ਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਉੱਤਮ ਆਨੰਦ ਦੀ ਆਟੋ ਨਾਲ ਦਰੜ ਕੇ ਕਥਿਤ ਹੱਤਿਆ ਦੇ ਮਾਮਲੇ ਦਾ ਖੁਦ ਹੀ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਅੱਜ ਝਾਰਖੰਡ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਹਫ਼ਤੇ ਦੇ ਅੰਦਰ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਜੁਡੀਸ਼ਲ ਅਧਿਕਾਰੀਆਂ ਅਤੇ ਕਾਨੂੰਨ ਨਾਲ ਜੁੜੇ ਭਾਈਚਾਰੇ ’ਤੇ ਦੇਸ਼ ’ਚ ਹੋ ਰਹੀਆਂ ਹਮਲੇ ਦੀਆਂ ਵਾਰਦਾਤਾਂ ਦਾ ਉਨ੍ਹਾਂ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਵਿਆਪਕ ਪੜਚੋਲ ਕਰਨ ਦੀ ਲੋੜ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੁਡੀਸ਼ਲ ਅਧਿਕਾਰੀ ਦੀ ਮੌਤ ਦੀ ਜਾਂਚ ਸਬੰਧੀ ਝਾਰਖੰਡ ਹਾਈ ਕੋਰਟ ’ਚ ਸੁਣਵਾਈ ਜਾਰੀ ਰਹੇਗੀ।

ਬੈਂਚ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਸੂਬਾ ਸਰਕਾਰਾਂ ਨੇ ਜੁਡੀਸ਼ਲ ਅਧਿਕਾਰੀਆਂ ਦੀ ਸੁਰੱਖਿਆ ਲਈ ਅਦਾਲਤੀ ਕੰਪਲੈਕਸ ਵਿੱਚ ਅਤੇ ਬਾਹਰ ਕੀ-ਕੀ ਕਦਮ ਉਠਾਏ ਹਨ। ਬੈਂਚ ਨੇ ਕਿਹਾ ਕਿ ਅਗਲੇ ਹਫ਼ਤੇ ਕੇਸ ਦੀ ਸੁਣਵਾਈ ਦੌਰਾਨ ਝਾਰਖੰਡ ਦੇ ਐਡਵੋਕੇਟ ਜਨਰਲ ਅਦਾਲਤ ’ਚ ਹਾਜ਼ਰ ਰਹਿਣ। ਇਸ ਮਗਰੋਂ ਉਹ ਹੋਰ ਸੂਬਿਆਂ ਨੂੰ ਨੋਟਿਸ ਜਾਰੀ ਕਰਨ ਬਾਰੇ ਵਿਚਾਰ ਕਰਨਗੇ। ਜ਼ਿਕਰਯੋਗ ਹੈ ਕਿ ਝਾਰਖੰਡ ਹਾਈ ਕੋਰਟ ਨੇ ਬੁੱਧਵਾਰ ਨੂੰ ਆਨੰਦ ਦੀ ਮੌਤ ਦੀ ਜਾਂਚ ਲਈ ਸਿਟ ਬਣਾਈ ਸੀ। ਸਿਖਰਲੀ ਅਦਾਲਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਝਾਰਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਜੁਡੀਸ਼ਲ ਅਧਿਕਾਰੀ ਦੀ ਕਥਿਤ ਹੱਤਿਆ ਨਾਲ ਸਬੰਧਤ ਮਾਮਲੇ ਦਾ ਪਹਿਲਾਂ ਹੀ ਨੋਟਿਸ ਲੈ ਲਿਆ ਹੈ। ਸੀਨੀਅਰ ਵਕੀਲ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਇਸ ਕੇਸ ਦਾ ਜ਼ਿਕਰ ਕੀਤਾ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਜੋਤ ਸਿੱਧੂ ਵੱਲੋਂ ਦਲਿਤ ਵਿਧਾਇਕਾਂ ਨਾਲ ਮੀਟਿੰਗ
Next articleਚੀਫ ਜਸਟਿਸ ਦੀ ਨਿਯੁਕਤੀ ਖ਼ਿਲਾਫ਼ ਪਟੀਸ਼ਨ ਦਾਇਰ ਕਰਨ ਵਾਲੇ ਨੂੰ ਪੰਜ ਲੱਖ ਰੁਪਏ ਜੁਰਮਾਨਾ