
ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)- ਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਦੋ ਮਨਸੂਬੇ ਤਹਿਤ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਵਿਰੁੱਧ ਪਰਚਾ ਦਰਜ ਕਰਨ ਦੀ ਕੀਤੀ ਘਟੀਆ ਕਾਰਵਾਈ ਕਾਰਨ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੀ ਪੰਜਾਬ ਸਰਕਾਰ ਨਾਲ਼ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ।ਇਹੀ ਕਾਰਨ ਹੈ ਕਿ ਪੰਜਾਬ ਚੋਂ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਪਿਆ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ)ਯੂ.ਕੇ ਦੇ ਆਗੂ ਸ ਮੁਖਤਿਆਰ ਸਿੰਘ ਝੰਡੇਰ ਨੇ ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ।ਸ ਝੰਡੇਰ ਨੇ ਕਿਹਾ ਕਿ ਹੁਣ ਤੱਕ ਜਿਸ ਨੇ ਵੀ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਹੀ ਪਿਆ ਹੈਂ। ਉਨ੍ਹਾਂ ਕਿਹਾ ਕਿ ਡਾ ਬਰਜਿੰਦਰ ਸਿੰਘ ਹਮਦਰਦ ਬਹੁਤ ਹੀ ਸੂਝਵਾਨ ਅਤੇ ਮਿਹਨਤੀ ਪੱਤਰਕਾਰ ਹਨ, ਉਨ੍ਹਾਂ ਨੇ ਹੁਣ ਤੱਕ ਜੋ ਵੀ ਕਾਰਜ ਕੀਤੇ ਸਭ ਪੰਜਾਬ ਦੀ ਭਲਾਈ ਲਈ, ਪੰਜਾਬੀ ਦੀ ਹੋਂਦ ਨੂੰ ਬਚਾਉਣ ਲਈ ਅਤੇ ਸਿੱਖ ਇਤਿਹਾਸ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਕੀਤੇ ਹਨ,,ਉਹ ਭਾਵੇਂ ਅਜੀਤ ਹਰਿਆਵਲ ਲਹਿਰ ਹੋਵੇ, ਭਾਵੇਂ ਕਰਤਾਰਪੁਰ ਵਿਖੇ ਉਸਾਰੀ ਗਈ ਜੰਗ -ਏ-ਆਜਾਦੀ ਯਾਦਗਰ ਹੋਵੇ।ਸ.ਝੰਡੇਰ ਨੇ ਕਿਹਾ ਕਿ ਡਾ ਬਰਜਿੰਦਰ ਸਿੰਘ ਹਮਦਰਦ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਚ ਜਿਥੇ ਵੀ ਪੰਜਾਬੀ ਵੱਸਦੇ ਹਨ, ਉਨ੍ਹਾਂ ਦੇ ਬਹੁਤ ਹੀ ਹਰਮਨਪਿਆਰੇ ਹਨ, ਜਿਸ ਕਰਕੇ ਉਨ੍ਹਾਂ ਦੀ ਨਿਰਪੱਖ ਆਵਾਜ਼ ਨੂੰ ਦਬਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਕਦੇ ਬਰਦਾਸ਼ਤ ਨਹੀਂ ਕਰਦੇ।ਇਹੀ ਕਾਰਨ ਹੈ ਆਪ ਪਾਰਟੀ ਨੂੰ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਅਤੇ ਹਾਰ ਦਾ ਮੂੰਹ ਵੇਖਣਾ ਪਿਆ। ਜਿਸ ਕਾਰਨ ਆਪ ਪਾਰਟੀ ਪੰਜਾਬ ਚ ਸਿਰਫ 3 ਸੀਟਾ ਤੇ ਹੀ ਸਿਮਟ ਕੇ ਰਹਿ ਗਈ।