( ਜਿੱਥੇ ਕੁੱਤਾ ਵੀ ਇਨਸਾਨ ਤੇ ਸੁਪਰਵਾਈਜ਼ਰ ਲੱਗਾ ਹੈ)

(ਸਮਾਜ ਵੀਕਲੀ) ਇਹ ਕਿਤਾਬ ‘ ਸਵੈ ਵਿਕਾਸ ਬਾਰੇ ‘ ਵਿਦੇਸ਼ ਰਹਿੰਦੇ ਉੱਘੇ ਭਾਰਤੀ ਲੇਖਕ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਦੀ ਲਿਖੀ ਹੋਈ ਹੈ । ਇਹ ਭਾਰਤ ਅਤੇ ਨਿਊਜ਼ੀਲੈਂਡ ਦੇ ਲੋਕਾਂ ਦੇ ਰਹਿਣ ਸਹਿਣ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ। ਇਸ ਕਿਤਾਬ ਨੂੰ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸਦੇ 176 ਸਫਿਆਂ ਵਿੱਚ 55 ਦੇ ਲੱਗਭਗ ਛੋਟੇ ਵੱਡੇ ਲੇਖ ਸ਼ਾਮਿਲ ਹਨ। ਲੇਖਕ ਇਸਨੂੰ ਸਿਰੜੀ ਮਿਹਨਤਕਸ਼ ਮਜ਼ਦੂਰਾਂ ਨੂੰ ਸਮਰਪਿਤ ਕਰਦਾ ਹੈ ਕਿਉਂਕਿ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਕੇ ਜੀਵਨ ਬਸਰ ਕਰ ਰਹੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਇਸ ਵਿੱਚ ਕਲਮਬੱਧ ਕੀਤਾ ਹੈ। ਪੂਰੀ ਕਿਤਾਬ ਲੇਖਕ ਦੇ ਨਿੱਜੀ ਤਜ਼ਰਬਿਆਂ ਦੀ ਪੇਸ਼ਕਾਰੀ ਹੈ। ਨਿਊਜ਼ੀਲੈਂਡ ਦੀ ਵਸੋਂ ਕੰਮਕਾਜ ਨੂੰ ਪੂਜਾ ਮੰਨ ਕੇ ਕਰਨ ਦੀ ਪ੍ਰੇਰਨਾ ਦਿੰਦੀ ਹੈ ।
ਲੇਖਕ ਅਨੁਸਾਰ ਪਹਿਲਾਂ ਪਹਿਲ ਉਹ ਖ਼ੁਦ ਉਥੋਂ ਦੇ ਖੇਤਾਂ ਵਿੱਚ ਕੰਮ ਕਰਦਾ ਰਿਹਾ ਹੈ। ਜਿੱਥੇ ਕਿ ਐਸਪੇਰਾਗਸ ਦੀ ਫ਼ਸਲ ਅਤੇ ਕੀਵੀ ਫਰੂਟ ਦਾ ਕੰਮ ਸੀ। ਲੇਖਕ ਇਮਾਨਦਾਰੀ ਨਾਲ ਆਪਣਾ ਨਜ਼ਰੀਆ ਪੇਸ਼ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਕੰਮ ਕਿਵੇਂ ਕਰਦਾ ਰਿਹਾ ਹੈ। ਇੱਕ ਲੇਖ ਵਿੱਚ ਲੇਖਕ ਨੇ ਲਿਖਿਆ ਹੈ ਕਿ ਪਹਿਲੀ ਵਾਰ ਕੁੱਤਾ ਇਨਸਾਨ ਤੇ ਸੁਪਰਵਿਜਨ ਕਰਦਾ ਵੇਖਿਆ ਹੈ। ਲੇਖਕ ਨੂੰ ਆਪਣੇ ਆਪ ਤੇ ਤਰਸ ਵੀ ਆਉਂਦਾ ਹੈ ਕਿ ਅਸੀਂ ਭਾਰਤੀ ਇਧਰ ਜਾਤੀ ਪਾਤੀ ਹੋ ਕੇ ਇਨਸਾਨਾਂ ਥੱਲੇ ਕੰਮ ਕਰਨ ਨੂੰ ਤਿਆਰ ਨਹੀਂ ਹੁੰਦੇ ਪਰ ਵਿਦੇਸ਼ਾਂ ਵਿੱਚ ਸਭ ਕਬੂਲ ਕਰ ਲੈਂਦੇ ਹਾਂ। ਅਸੀਂ ਕਿਸੇ ਦੇ ਕੰਮ ਨੂੰ ਗ਼ੁਲਾਮੀ ਅਤੇ ਆਪਣਾ ਕੰਮ ਕਰਨ ਨੂੰ ਆਜ਼ਾਦੀ ਦਾ ਵਹਿਮ ਪਾਲ਼ੀ ਬੈਠੇ ਹਾਂ। ਲੇਖਕ ਸਾਹਿਤ ਨਾਲ ਜੁੜਿਆ ਹੋਣ ਕਰਕੇ ਹਮੇਸ਼ਾ ਆਸਵੰਦ ਰਹਿੰਦਿਆਂ ਬਰਾਬਰਤਾ ਅਤੇ ਸਨਮਾਨ ਨਾਲ ਜ਼ਿੰਦਗੀ ਗੁਜ਼ਾਰਨ ਦਾ ਸੁਪਨਾ ਲੈਂਦਾ ਹੈ। ਵਿਦੇਸ਼ਾਂ ਵਿੱਚ ਔਰਤਾਂ ਨੂੰ ਤਰੱਕੀ ਦੇ ਬਰਾਬਰ ਮੌਕੇ ਮਿਲਦੇ ਹਨ, ਉਨ੍ਹਾਂ ਦੀ ਕਾਮਯਾਬੀ ਵੇਖਣ ਦਾ ਅਲੱਗ ਨਜ਼ਰੀਆ ਦਿਖਾਇਆ ਗਿਆ ਹੈ। ਤੁਹਾਡਾ ਵਿਰੋਧ ਵੀ ਹੋਵੇ ਪਰ ਤੁਹਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਅਵਤਾਰ ਤਰਕਸ਼ੀਲ ਨੇ ਨੌਕਰੀ, ਆਪਣਾ ਕੰਮ ਅਤੇ ਇਨਵੈਸਟਮੈਂਟ ਬਾਰੇ ਆਪਣੇ ਸੁਝਾਅ ਸਪੱਸ਼ਟ ਕੀਤੇ ਹਨ । ਅਵਤਾਰ ਲਿਖਦਾ ਹੈ ਕਿ ਹਰ ਵਿਅਕਤੀ ਤੋਂ ਕੁਝ ਨਾ ਕੁਝ ਚੰਗੇ ਗੁਣ ਸਿਖਦੇ ਰਹਿਣਾ ਚਾਹੀਦਾ ਹੈ । ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ। ਕਿਸਮਤ ਤੇ ਵਿਸ਼ਵਾਸ ਕਰਨ ਵਾਲੇ ਫੇਲ੍ਹ ਅਤੇ ਮਿਹਨਤ ਕਰਨ ਵਾਲੇ ਪਾਸ ਹੁੰਦੇ ਹਨ । ਲੇਖਕ ਮਜ਼ਦੂਰੀ ਕਰਨ ਤੋਂ ਬਾਅਦ ਆਪਣਾ ਬਿਜ਼ਨਸ ਘਰ ਬਣਾਉਣ , ਖਰੀਦਣ , ਵੇਚਣ ਅਤੇ ਕਿਰਾਏ ਤੇ ਮਕਾਨ ਦੇਣ ਦਾ ਵੱਡਾ ਕਾਰੋਬਾਰ ਸਥਾਪਤ ਕਰਦਾ ਹੈ ਤਾਂ ਸੁਭਾਵਿਕ ਹੀ ਕਿਤਾਬ ਵਿੱਚ ਘਰਾਂ ਦੀ ਮਾਰਕੀਟਿੰਗ ਦੀਆਂ ਗੱਲਾਂ ਉਭਰ ਕੇ ਸਾਹਮਣੇ ਆ ਰਹੀਆਂ ਹਨ । ਲੇਖਕ ਦਾ ਨਵੇਂ ਘਰਾਂ ਨੂੰ ਤਿਆਰ ਕਰਕੇ ਵੇਚਣ ਦਾ ਹੁਨਰ ਕਮਾਲ ਦਾ ਹੈ।ਇਕ ਲੇਖ ਵਿੱਚ ਲੇਖਕ ਆਪਣੇ ਤਜ਼ਰਬੇ ਅਨੁਸਾਰ ਕੂੜੇ ਦੇ ਢੇਰ ਵਿਚੋਂ ਹਜ਼ਾਰਾਂ ਡਾਲਰ ਕਮਾਉਣ ਬਾਰੇ ਦੱਸਿਆ ਹੈ। ਮੁਹਾਵਰਿਆਂ ਵਰਗੀ ਵਾਰਤਕ ਵਿਚ ਅਟੱਲ ਸਚਾਈਆਂ ਜਿਵੇਂ ਪਤਝੜ ਤੋਂ ਬਾਅਦ ਬਹਾਰ ਆਉਣੀ ਹੁੰਦੀ ਹੈ ਪੜ੍ਹਨ ਲਈ ਰੌਚਕਤਾ ਬਣਾਉਂਦੀ ਹੈ। ਲੇਖ ‘ ਸਕੂਲ ਸਿਸਟਮ ਕਿਵੇਂ ਗੁਲਾਮੀ ਵੱਲ ਧੱਕਦਾ ਹੈ ‘ ਵਿੱਚ ਲੇਖਕ ਲਿਖਦਾ ਹੈ ਕਿ ਸਾਨੂੰ ਬੱਚਿਆਂ ਨੂੰ ਨੌਕਰੀਆਂ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਾਉਣਾ ਚਾਹੀਦਾ ਹੈ । ਪਰ ਮੇਰਾ ਕਿੱਤਾ ਸਿੱਖਿਆ ਨਾਲ ਸਬੰਧਤ ਹੋਣ ਕਰਕੇ ਮੇਰੀ ਬੁੱਧੀ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਚੰਗੇ ਨਾਗਰਿਕ ਬਣਾਉਣ ਲਈ ਕਹੇਗੀ।
‘ ਸਵੈ ਵਿਕਾਸ ਬਾਰੇ ‘ ਕਿਤਾਬ ਵਿੱਚ ਲੇਖਕ ਨਿਊਜ਼ੀਲੈਂਡ ਅਤੇ ਭਾਰਤ ਦੇ ਆਰਥਿਕ , ਸਮਾਜਿਕ ਅਤੇ ਸਭਿਆਚਾਰ ਦੀ ਆਪਸੀ ਤੁਲਨਾ ਕਰਦਾ ਹੈ। ਜਿਵੇਂ ਗੋਰੇ ਆਪਣੀ ਧੀ ਨੂੰ ਮੁਟਿਆਰ ਹੁੰਦਿਆਂ ਘਰੋਂ ਬਾਹਰ ਕੱਢਣਾ ਚਾਹੁੰਦੇ ਹਨ ਪਰ ਭਾਰਤ ਦੇ ਲੋਕ ਵਿਆਹ ਕੇ ਤੋਰਨਾ ਪਸੰਦ ਕਰਦੇ ਹਨ। ਅਸੀਂ ਭਾਰਤੀ ਬੱਚਿਆਂ ਨੂੰ ਦਿਮਾਗ ਬੰਦ ਕਰਕੇ ਵੱਡਿਆਂ ਦੀ ਗੱਲ ਮੰਨਣਾ ਸਿਖਾਉਂਦੇ ਹਾਂ ਪਰ ਗੋਰੇ ਦਿਮਾਗ ਵਰਤਣਾ ਸਿਖਾਉਂਦੇ ਹਨ। ਕਾਰੋਬਾਰੀ ਬਣਾਉਂਦੇ ਹਨ , ਸਬਰ ਸੰਤੋਖ ‘ ਚ ਰਹਿਣਾ ਸਿਖਾਉਂਦੇ ਹਨ। ਪੰਜਾਬੀ ਖਾਸ ਕਰਕੇ ਬੱਚਿਆਂ ਨੂੰ ਹੱਥ ਬੰਨਣੇ ਅਤੇ ਜੋੜਨੇ ਸਿਖਾਉਂਦੇ ਹਨ ਪਰ ਗੋਰੇ ਹੱਥਾਂ ਨੂੰ ਵਰਤਣਾ ਸਿਖਾਉਂਦੇ ਹਨ । ਨਿਊਜ਼ੀਲੈਂਡ ਦੇ ਗੋਰੇ ਵਿਦੇਸ਼ੀਆਂ ਤੋਂ ਬਹੁਤ ਕੁੱਝ ਸਿਖਦੇ ਹਨ ਪਰ ਅਸੀਂ ਪੰਜਾਬੀ ਪੰਜਾਬ ਆਉਂਦੇ ਪੂਰਬੀਆਂ ਤੋਂ ਜ਼ਰਦਾ, ਬੀੜੀ ਅਤੇ ਮਾਂ ਬੋਲੀ ਦਰਕਿਨਾਰ ਕਰਕੇ ਪੂਰਾ ਪਰਿਵਾਰ ਉਨ੍ਹਾਂ ਦੀ ਬੋਲੀ ਬੋਲਦੇ ਹਾਂ ਅਤੇ ਪੰਜਾਬੀ ਦੇ ਉਚਾਰਨ ਦੀ ਐਸੀ ਕੀ ਤੈਸੀ ਕਰਨ ਲੱਗ ਜਾਂਦੇ ਹਾਂ।
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਨੇ ਆਰਥਿਕ ਆਜ਼ਾਦੀ ਕੀ ਹੁੰਦੀ ਹੈ ? ਬਾਰੇ ਵਧੀਆ ਚਾਨਣ ਪਾਇਆ ਹੈ। ਇੱਕ ਅੰਤਿਮ ਮਿਤੀ ਬਾਰੇ ਲਿਖਿਆ ਲੇਖ ਭ੍ਰਿਸ਼ਟਾਚਾਰ ਦੇ ਮੁੱਢਲੇ ਪੜਾਅ ਦੀ ਸ਼ੁਰੂਆਤ ਦੱਸ ਰਿਹਾ ਹੈ ਕਿ ਕਿਵੇਂ ਅਸੀਂ ਅੰਤਿਮ ਮਿਤੀ ਤੋਂ ਪਹਿਲਾਂ ਕੰਮ ਕਰਵਾਉਣ ਲਈ ਚੜਾਵਾ ਚੜਾਉਂਦੇ ਹਾਂ, ਦਫ਼ਤਰ ਵਿੱਚ ਬੈਠੇ ਬਾਬੂਆਂ ਨੂੰ ਰਿਸ਼ਵਤ ਲੈਣ ਲਈ ਉਕਸਾਉਂਦੇ ਹਾਂ।
ਲੇਖਕ ਅਨੁਸਾਰ ਭਾਰਤ ਵਾਂਗ ਹੀ ਨਿਊਜ਼ੀਲੈਂਡ ਦੀ ਅਰਥਵਿਵਸਥਾ ਦੋਸ਼ਪੂਰਨ ਹੈ, ਇਥੇ ਕਿਵੇਂ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਲੇਖਕ ਕਰੈਡਿਟ ਕਾਰਡ ਦੀ ਤੁਲਨਾ ਸਮੁੰਦਰ ਦੀ ਦਲਦਲ ਨਾਲ਼ ਕਰਦਾ ਹੈ ਕਿਉਂਕਿ ਵਿਅਕਤੀ ਇਸਦੇ ਕਰਜ਼ੇ ਚੋਂ ਨਿਕਲਦਾ ਨਹੀਂ ਸਗੋਂ ਹੋਰ ਧਸਦਾ ਜਾਂਦਾ ਹੈ ਨਿਊਜ਼ੀਲੈਂਡ ਦੀਆਂ ਬੈਂਕਾਂ ਹੋਮਲੋਨ 2-3% ਤੇ ਜਾਰੀ ਕਰ ਦਿੰਦੀਆਂ ਹਨ ਜੋ ਭਾਰਤੀ ਬੈਂਕਾਂ ਦੇ ਮੁਕਾਬਲੇ ਬਹੁਤ ਘੱਟ ਵਿਆਜ ਹੈ।
ਇਸ ਪੁਸਤਕ ਸਮੀਖਿਆ ਅਨੁਸਾਰ ਇਨਸਾਨ ਨੂੰ ਸੰਘਰਸ਼ ਦਾ ਰਾਹ ਨਹੀਂ ਛੱਡਣਾ ਚਾਹੀਦਾ, ਹਿੰਮਤ ਰੱਖਣੀ ਚਾਹੀਦੀ ਹੈ। ਬਾਬਾ ਨਾਨਕ ਦਾ ਕਿਰਤ ਕਰਨ ਦਾ ਉਪਦੇਸ਼ ਗੋਰਿਆਂ ਨੇ ਅਪਣਾ ਲਿਆ ਹੈ ਅਸੀਂ ਕਿਰਤ ਤੋਂ ਟੁੱਟ ਚੁੱਕੇ ਹਾਂ। ਸਾਨੂੰ ਆਪਣਾ ਦਿਮਾਗ ਅਤੇ ਅੱਖਾਂ ਹਮੇਸ਼ਾ ਖੁੱਲੀਆਂ ਰੱਖਣ ਦੀ ਲੋੜ ਹੈ। ਅਸੀਂ ਮਹਾਨ ਹਾਂ, ਸਾਡਾ ਦੇਸ਼ ਮਹਾਨ ਹੈ, ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਸਾਨੂੰ ਸਾਬਤ ਕਰਨ ਦੀ ਲੋੜ ਨਹੀਂ। ਕਿਤਾਬ ਬੜੀ ਪਿਆਰੀ ਹੈ ਅਤੇ ਹਰ ਵਿਆਕਤੀ ਦੇ ਪੜ੍ਹਨ ਤੇ ਸਾਂਭਣਯੋਗ ਹੈ।
ਰਜਿੰਦਰ ਸਿੰਘ ਰਾਜਨ
ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 01 ਹਰੇੜੀ ਰੋਡ, ਸੰਗਰੂਰ।
ਮੋਬਾਈਲ ਨੰ 9876184954
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



