ਵਹਿਮ ਭਰਮ

ਜਗਮੋਹਣ ਕੌਰ 
 ਜਗਮੋਹਣ ਕੌਰ 
(ਸਮਾਜ ਵੀਕਲੀ) “ਭੈਣੇ ਤੂੰ ਫਿਕਰ ਨਾ ਕਰ ਜੇ ਤੇਰੇ ਕੋਲ  ਟਾਈਮ  ਨਹੀਂ ਹੈਗਾ ਮੈਂ ਤੇਰੀ ਨੂੰਹ ਮਿੰਦੋ  ਨੂੰ ਲੈ ਜਾਨੀ ਆਂ  ਝਿੜੀ ਵਾਲੇ  ਸਾਧ ਦੇ ਡੇਰੇ ”  ਜੀਤੋ ਨੇ ਆਪਣੀ ਜਠਾਣੀ ਪ੍ਰੀਤੋ ਨੂੰ ਬੜੇ ਪਿਆਰ ਨਾਲ ਕਿਹਾ । ਬਹੁਤ ਕਰਨੀ ਵਾਲਾ ਬਾਬਾ ਏ ,ਸਾਰੇ ਕੰਮ ਉਹਦੇ ਡੇਰੇ ਜਾਂਦਿਆਂ ਹੀ ਸੰਵਰ ਜਾਂਦੇ ਨੇ। ਮੈਂ ਤਾਂ ਪਰਤਿਆ ਕੇ ਦੇਖਿਆ ਹੋਇਆ ।ਪ੍ਰੀਤੋ ਜੀਤੋ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀ ਤੇ ਅੱਖਾਂ ਵਿੱਚ ਆਏ ਹੰਝੂ ਪੂੰਝਣ ਲੱਗ ਪਈ ।
     ਜੀਤੋ ਪ੍ਰੀਤੋ ਦੀ ਨੂੰਹ ਮਿੰਦੋ ਦੇ  ਮਨ੍ਹਾਂ ਕਰਨ ਤੇ ਵੀ ਉਸ ਨੂੰ ਲੈ ਕੇ ਡੇਰੇ ਵਾਲੇ ਬਾਬੇ ਕੋਲ ਚਲੇ ਗਈ ,ਕਿਉਂਕਿ ਮਿੰਦੋ ਦੇ ਦੋ ਕੁੜੀਆਂ ਸਨ ਤੇ ਮੁੰਡਾ  ਕੋਈ ਹੋਇਆ  ਨਹੀਂ  ਸੀ।
             ਪ੍ਰੀਤੋ  ਦਾ ਮੁੰਡਾ ਬੰਟੀ ਚਾਹੁੰਦਾ ਸੀ ਕਿ  ਉਸ ਦੇ ਘਰ ਵੀ ਪੁੱਤਰ ਹੋਵੇ ਤਾਂ ਜੋ ਉਸ ਦਾ ਵੰਸ਼ ਅੱਗੇ ਵੱਧ ਸਕੇ , ਪ੍ਰੀਤੋ ਆਨੇ ਬਹਾਨੇ ਮਿੰਦੋ ਨੂੰ ਪੁੱਤਰ ਨਾ ਹੋਣ ਦੇ ਤਾਹਨੇ ਮਿਹਣੇ ਮਾਰਦੀ ਰਹਿੰਦੀ ।
                   ਮਿੰਦੋ  ਬਾਬੇ ਦੇ ਡੇਰੇ ਜਾਣਾ  ਨਹੀਂ ਸੀ ਚਾਹੁੰਦੀ ਪਰ ਘਰ ਚ ਆਪਣੇ  ਪਤੀ ਤੇ ਸੱਸ ਦੇ ਰੋਜ਼ਾਨਾ ਕਲੇਸ਼  ਤੋਂ ਡਰਦਿਆਂ  ਜੀਤੋ ਨਾਲ ਅਣਮੰਨੇ  ਜਿਹੇ ਮਨ ਨਾਲ ਜਾਣ ਲਈ  ਤਿਆਰ ਹੋ ਗਈ।
  ਜੀਤੋ ਦੂਜੇ ਦਿਨ ਮਿੰਦੋ  ਨੂੰ  ਲ਼ੈ ਕੇ ਸਾਧ ਦੇ ਡੇਰੇ  ਚਲੇ ਗਈ , ਅੰਦਰ ਵੜਦਿਆਂ ਹੀ ਉਸ ਦੇ ਦਿਲ ਨੂੰ ਡੋਬੂ ਪੈਣ ਲੱਗੇ , ਕੀ ਦੇਖਦੀਆਂ ਕਿ ਇੱਕ ਢਿੱਡਲ ਜਿਹਾ 45 ਕੁ ਸਾਲਾਂ ਦਾ ਅਮਲੀ ਜਿਹਾ ਬੰਦਾ ਧੂਣੀ  ਬਾਲ ਕੇ ਚਿਲਮ ਦੇ ਸੂਟੇ ਲਾ ਰਿਹਾ ਸੀ, ਜੀਤੋ ਬੋਲੀ,
“ਪੁੱਤ ਬਾਬਾ ਜੀ ਨੂੰ ਮੱਥਾ ਟੇਕ ਤੇ ਆਸ਼ੀਰਵਾਦ ਲੈ ,। ਜਿਉਂ ਹੀ ਜੀਤੋ ਨੇ ਉਸ ਨੂੰ ਕਿਹਾ ਤਾਂ ਉਹ ਜਿਵੇਂ ਨੀਂਦ ਚੋਂ ਜਾਗੀ ਹੋਵੇ ਕਿ ਇਹ   ਅਮਲੀ ਮਲੰਗ  ਬਾਬਾ ਕਿਵੇਂ ਹੋ ਸਕਦਾ।
 ਜਦੋਂ ਮਿੰਦੋ ਨਾ ਹਿੱਲੀ ਤਾਂ ਉਹ ਆਪ ਹੀ ਹੱਥ ਜੋੜ ਕੇ ਬੋਲੀ,ਬਾਬਾ ਜੀ  ਇਸ ਵਿਚਾਰੀ ਦੇ ਘਰ ਪੁੱਤਰ ਨਹੀਂ ਇਸ ਨੂੰ ਪੁੱਤਰ ਦੀ ਦਾਤ ਦਿਓ, ਬਾਬੇ ਨੇ ਖਚਰੀ ਜਿਹੀ ਹਾਸੀ ਮੂੰਹ ਤੇ ਲਿਆਉਂਦਿਆਂ ਮਿੰਦੋ ਵੱਲ ਟੇਢਾ ਜਿਹਾ ਝਾਕ ਦਿਆਂ ਕਿਹਾ ਕਿ ਇਸ ਦੇ  ਕਰਮਾਂ ਚ ਮੁੰਡਾ ਤਾਂ ਔਖਾ ਲੱਗਦਾ ਬੀਬੀ, ਇਹਨੂੰ ਤਾਂ ਬਾਬਿਆਂ ਦੇ ਪੈਰੀਂ ਡਿੱਗ ਕੇ ਮੰਗਣਾ ਹੀ ਨਹੀਂ ਆਉਦਾ,ਜੇ ਤੂੰ ਇਹਦੀ ਗਰੰਟੀ ਲੈਂਦੀ ਆ ਤਾਂ ਆਪਾਂ ਦੇਖ ਲੈਂਦੇ ਆ । ਉਹ ਅੱਖਾਂ ਬੰਦ ਕਰ ਕੇ ਕੋਈ ਮੰਤਰ ਪੜ੍ਹਨ ਦਾ ਢੋਂਗ ਕਰਨ ਲੱਗਿਆ ਤੇ 5 ਕੁਝ ਮਿੰਟ ਬਾਅਦ ਬੋਲਿਆ,
“ਆਉਂਦੀ ਮੱਸਿਆ ਵਾਲੇ ਦਿਨ ਰਾਤ ਨੂੰ 12 ਵਜੇ  ਚੁਰਾਹੇ  ਤੇ ਕਿਸੇ ਬੱਚੇ ਦੀ ਬਲੀ ਦੇਣੀ ਪੈਣੀ ਆ  ਤੇ ਦੂਜਾ ਦੋ ਦਿਨ ਇਸ ਨੂੰ  ਇੱਕਲੀ ਨੂੰ ਡੇਰੇ ਦੀ ਸੇਵਾ ਕਰਨੀ ਪੈਣੀ  ਆ ਫੇਰ ਇਸ ਦੇ ਘਰ ਪੁੱਤਰ ਲਾਜ਼ਮੀ ਹੋਵੇਗਾ।
ਤੁਸੀਂ ਲੇਟ ਹੋ ਗਏ ਹੁਣ ਅਗਲੇ ਮਹੀਨੇ ਤੇ ਇਹ ਕੰਮ ਚਲਿਆ ਗਿਆ ਕਿਉਂਕਿ ਅੱਜ ਮੱਸਿਆ ਹੀ ਸੀ।
ਉਹ ਦੋਵੇਂ ਜਾਣ ਲਈ ਉੱਠੀਆਂ ਹੀ ਸਨ ਕਿ ਸਾਧ ਦਾ ਚੇਲਾ ਤੇ ਉਸ ਦੀ ਘਰ ਵਾਲੀ ਉੱਚੀ ਉੱਚੀ ਰੋਂਦੇ ਆ ਰਹੇ ਸਨ,
ਬਾਬਾ ਜੀ ਆਪਣਾ ਟਿੰਕੂ ……… ਭਗਤੂ ਚੇਲੇ ਤੋ ਗੱਲ ਪੂਰੀ ਨਾ ਹੋਈ, ਤੇ ਬਾਬੇ ਦੀ ਘਰਵਾਲੀ ਧੜੰਮ ਕਰਦਿਆਂ ਡਿੱਗ ਪਈ ਤੇ ਉਸਦੇ ਵੈਣ ਧਰਤੀ ਅਸਮਾਨ ਨੂੰ ਚੀਰ ਰਹੇ ਸਨ, ਇਸ ਕੰਜਰ ਦੀਆਂ  ਕਰਤੂਤਾਂ ਨੇ ਮੇਰੀ ਗੋਦ ਸੁੰਨੀ ਕਰਤੀ। ਬਾਬੇ ਨੁੰ ਹੱਥਾਂ ਪੈਰਾਂ ਦੀ ਪੈ ਗਈ ਕਿ ਹੋਇਆ ਕੀ ਆ।
ਭਗਤੂ ਛੇਤੀ ਦੱਸ ਕੀ ਹੋਇਆ?
ਮੇਰਾ ਦਿਲ ਬੈਠਦਾ ਜਾਂਦਾ। ਬਾਬੇ ਨੇ ਕਿਹਾ, ਤਾਂ ਭਗਤੂ ਬੋਲਿਆ ਬਾਬਾ ਜੀ  ਕਿਸੇ ਨੇ ਟਿੰਕੂ ਦੀ ਬਲੀ ਦੇ ਦਿੱਤੀ ਤੇ ਉਸਦੀ ਲਾਸ਼ ਪਿੰਡੋਂ ਬਾਹਰ ਵਾਲੇ ਗੋਦਾਮ ਚੋਂ ਮਿਲੀਆ। ਇਹ ਸੁਣਦਿਆਂ ਸਾਰ ਹੀ ਸਾਧ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ।
ਮਿੰਦੋ ਜੀਤੋ ਚਾਚੀ ਨੂੰ ਕਹਿ ਰਹੀ ਸੀ , ਦੇਖਲੈ ਚਾਚੀ ਤੇਰਾ ਕਰਨੀ ਵਾਲਾ ਬਾਬਾ, ਇਹ ਲੋਕਾਂ ਨੂੰ ਕੀ ਸਵਾਹ ਪੁੱਤਰ ਦਿਓ, ਇਹਨੇ ਤਾਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਆਪਣੇ ਘਰ ਦਾ ਦੀਵਾ ਵੀ ਬੁਝਾ ਲਿਆ।
ਜੀਤੋ ਨੀਂਵੀਂ ਪਾਈ ਖੜੀ ਸੀ ਤੇ ਬੋਲੀ ਚੱਲ ਪੁੱਤਰ ਆਪਣੇ ਘਰ ਨੂੰ ਚੱਲੀਏ, ਕੁੱਝ ਨਹੀਂ ਰੱਖਿਆ ਇਹਨਾਂ ਵਹਿਮਾਂ ਭਰਮਾਂ ਵਿੱਚ।
     ਜਗਮੋਹਣ ਕੌਰ 
     ਬੱਸੀ ਪਠਾਣਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਧਰਮ ਦੇ ਨਾਂ ਤੇ ਪਾਖੰਡ
Next article*ਦਲਜੀਤ ਦੁਸਾਂਝ ਨੂੰ, 15 ਨਵੰਬਰ ਹੈਦਰਾਬਾਦ ਵਿੱਚ “ਪਟਿਆਲਾ ਪੈੱਗ” ਗੀਤ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ- ਡੀਐਸਡਬਲਯੂ, ਤੇਲੰਗਾਨਾ*