(ਸਮਾਜ ਵੀਕਲੀ)
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।
ਕਹਿਦੇ ਨੇ ਕਿ ਵਕਤ, ਹਾਲਾਤ ਅਤੇ ਗਰੀਬੀ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦੀ ਹੈ ਅਗਰ ਉਸ ਵਿੱਚ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਇੱਛਾ ਸ਼ਕਤੀ ਹੈ ਤਾਂ ਜ਼ਿੰਦਗੀ ਚ ਕਾਮਯਾਬੀ ਉਸਦੇ ਕਦਮ ਚੁੰਮਦੀ ਹੈ। ਦੁਨੀਆਂ ਵਿੱਚ ਇਹੋ ਜਿਹੀਆ ਬਹੁਤ ਸਾਰੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ। ਜਿਨ੍ਹਾਂ ਚੋਂ ਇੱਕ ਅਨੰਦ ਕੁਮਾਰ ਦੀ ਹੈ ਜੋ ਕਿ ਸੁਪਰ 30 ਵਜੋਂ ਵੀ ਜਾਣਿਆ ਜਾਂਦਾ ਹੈ। ਅਨੰਦ ਕੁਮਾਰ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ IIT ਵਿੱਚ ਦਾਖਲੇ ਦੀ ਪ੍ਰੀਖਿਆ ਪਾਸ ਕਰਵਾਉਣ ਦੀ ਕੋਚਿੰਗ ਦਿੰਦਾ ਹੈ। ਉਹ ਆਪਣੀ ਕਲਾਸ ਵਿੱਚ ਸਿਰਫ 30 ਵਿਦਿਆਰਥੀਆਂ ਨੂੰ ਯੋਗਤਾ ਅਨੁਸਾਰ ਭਰਤੀ ਕਰਦਾ ਹੈ ਇਸੇ ਲਈ ਇਸ ਦਾ ਨਾਂ ਸੁਪਰ 30 ਰੱਖਿਆ ਗਿਆ ਹੈ।
ਅਗਰ ਆਨੰਦ ਕੁਮਾਰ ਦੇ ਜੀਵਨ ਬਾਰੇ ਗੱਲ ਕਰੀਏ ਤਾਂ ਉਹ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਹਨ ਉਨ੍ਹਾਂ ਦਾ ਜਨਮ ਪਟਨਾ, ਬਿਹਾਰ, ਭਾਰਤ ਵਿੱਚ ਹੋਇਆ ਸੀ। ਉਸ ਦਾ ਪਿਤਾ ਭਾਰਤ ਦੇ ਡਾਕ ਵਿਭਾਗ ਵਿੱਚ ਕਲਰਕ ਸੀ ਅਤੇ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਨਹੀਂ ਕਰਵਾ ਸਕਦਾ ਸੀ ਇਸੇ ਲਈ ਆਨੰਦ ਨੇ ਹਿੰਦੀ ਮਾਧਿਅਮ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ, ਜਿੱਥੇ ਉਸ ਨੂੰ ਗਣਿਤ ਵਿੱਚ ਡੂੰਘੀ ਦਿਲਚਸਪੀ ਹੋ ਗਈ। ਉਸ ਨੇ ਬਿਹਾਰ ਵਿੱਚ ਪਟਨਾ ਹਾਈ ਸਕੂਲ ਤੋਂ ਪੜ੍ਹਾਈ ਕੀਤੀ। ਗ੍ਰੈਜੂਏਸ਼ਨ ਦੇ ਦੌਰਾਨ, ਕੁਮਾਰ ਨੇ ਨੰਬਰ ਥਿਊਰੀ ਉੱਤੇ ਪਰਚੇ ਲਿਖੇ, ਜੋ ਮੈਥੇਮੈਟਿਕਲ ਸਪੈਕਟ੍ਰਮ ਅਤੇ ਦ ਮੈਥੇਮੈਟਿਕਲ ਗਜ਼ਟ ਵਿੱਚ ਪ੍ਰਕਾਸ਼ਿਤ ਹੋਏ ਸਨ।
ਆਨੰਦ ਨੂੰ ਕੈਮਬ੍ਰਿਜ ਯੂਨੀਵਰਸਿਟੀ ਵਿਚ ਦਾਖ਼ਲਾ ਮਿਲ ਗਿਆ ਸੀ ਪਰ ਆਪਣੇ ਪਿਤਾ ਦੀ ਮੌਤ ਅਤੇ ਘਰ ਦੀ ਵਿੱਤੀ ਹਾਲਤ ਕਾਰਨ ਸਪਾਂਸਰ ਹੋਣ ਦੇ ਬਾਵਜੂਦ ਵੀ ਉਥੇ ਨਾ ਜਾ ਸਕਿਆ।
ਆਨੰਦ ਦਿਨ ਸਮੇਂ ਗਣਿਤ ਤੇ ਕੰਮ ਕਰਦਾ ਅਤੇ ਆਪਣੀ ਮਾਂ ਨਾਲ ਸ਼ਾਮ ਨੂੰ ਪਾਪੜ ਵੇਚਦਾ। ਉਸਦੀ ਮਾਂ ਨੇ ਪਰਿਵਾਰ ਪਾਲਣ ਲਈ ਘਰ ਤੋਂ ਪਾਪੜਾਂ ਦਾ ਕਾਰੋਬਾਰ ਸ਼ੁਰੂ ਕੀਤਾ ਸੀ। 1992 ਵਿਚ ਉਸ ਕੋਲ ਹੋਸਟਲ ਵਿੱਚ ਇੱਕ ਕਮਰਾ ਸੀ ਜਿਥੇ ਕੁਮਾਰ ਨੇ ਗਣਿਤ ਦੀ ਪੜ੍ਹਾਈ ਕਰਾਉਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਉਸਨੇ 500 ਰੁਪਏ ਮਹੀਨੇ ਤੇ ਇੱਕ ਕਲਾਸਰੂਮ ਕਿਰਾਏ ਤੇ ਲਿਆ, ਅਤੇ ਆਪਣੀ ਸੰਸਥਾ, ਰਾਮਾਨੁਜਨ ਸਕੂਲ ਆਫ ਮੈਥੇਮੈਟਿਕਸ (RSM) ਸ਼ੁਰੂ ਕੀਤੀ। ਸਾਲ ਦੇ ਅੰਤ ਤੱਕ ਉਸ ਦੀ ਕਲਾਸ ਦੋ ਵਿਦਿਆਰਥੀਆਂ ਤੋਂ ਸ਼ੁਰੂ ਹੋ ਕੇ ਛੱਤੀ ਤੱਕ ਚਲੀ ਗਈ ਅਤੇ ਤਿੰਨ ਸਾਲਾਂ ਬਾਅਦ ਤਕਰੀਬਨ 500 ਵਿਦਿਆਰਥੀ ਦਾਖਲ ਹੋ ਗਏ। ਫਿਰ 2000 ਦੇ ਸ਼ੁਰੂ ਵਿਚ, ਜਦੋਂ ਇੱਕ ਗਰੀਬ ਵਿਦਿਆਰਥੀ ਆਈਆਈਟੀ-ਜੇਈਈ ਲਈ ਕੋਚਿੰਗ ਲਈ ਆਇਆ, ਜੋ ਗਰੀਬੀ ਕਾਰਨ ਸਾਲਾਨਾ ਦਾਖ਼ਲਾ ਫੀਸ ਨਹੀਂ ਦੇ ਸਕਦਾ ਸੀ, ਤਾਂ ਆਨੰਦ ਨੇ 2002 ਵਿੱਚ ਸੁਪਰ 30 ਪ੍ਰੋਗਰਾਮ ਸ਼ੁਰੂ ਕਰਨ ਦਾ ਮਨ ਬਣਾਇਆ, ਜਿਸ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋ ਰਹੀ ਹੈ।
2002 ਤੋਂ ਲੈ ਕੇ ਹਰ ਸਾਲ ਮਈ ਦੇ ਮਹੀਨੇ ਰਾਮਨੁਜਨ ਸਕੂਲ ਆਫ਼ ਮੈਥੇਮੈਟਸ ਵਿੱਚ 30 ਵਿਦਿਆਰਥੀਆਂ ਦੀ ਸੁਪਰ 30 ਪ੍ਰੋਗਰਾਮ ਲਈ ਚੋਣ ਕਰਨ ਲਈ ਇੱਕ ਪ੍ਰੀਖਿਆ ਲਈ ਜਾਂਦੀ ਹੈ। ਬਹੁਤ ਸਾਰੇ ਵਿਦਿਆਰਥੀ ਪ੍ਰੀਖਿਆ ਵਿੱਚ ਭਾਗ ਲੈਂਦੇ ਹਨ, ਅਤੇ ਆਖਰ, ਉਹ ਆਰਥਿਕ ਤੌਰ ਤੇ ਪੱਛੜੇ ਵਰਗਾਂ ਦੇ ਤੀਹ ਬੁੱਧੀਮਾਨ ਵਿਦਿਆਰਥੀਆਂ ਨੂੰ ਰੱਖ ਲੈਂਦਾ ਹੈ, ਉਨ੍ਹਾਂ ਨੂੰ ਟਿਊਸ਼ਨ, ਅਤੇ ਅਧਿਐਨ ਸਮੱਗਰੀ ਅਤੇ ਇੱਕ ਸਾਲ ਲਈ ਰਿਹਾਇਸ਼ ਪ੍ਰਦਾਨ ਕਰਦਾ ਹੈ। ਉਹ ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤੀ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦੀ ਸਾਂਝੀ ਦਾਖਲਾ ਪ੍ਰੀਖਿਆ ਲਈ ਤਿਆਰ ਕਰਦਾ ਹੈ। ਉਸ ਦੀ ਮਾਂ ਜਯੰਤੀ ਦੇਵੀ, ਵਿਦਿਆਰਥੀਆਂ ਲਈ ਰਸੋਈਏ ਦਾ ਕੰਮ ਕਰਦੀ ਹੈ ਅਤੇ ਉਸ ਦੇ ਭਰਾ ਪ੍ਰਣਵ ਕੁਮਾਰ ਪ੍ਰਬੰਧਨ ਦੀ ਦੇਖਭਾਲ ਕਰਦਾ ਹੈ।
2003-2017 ਦੌਰਾਨ 450 ਵਿੱਚੋਂ 391 ਵਿਦਿਆਰਥੀ ਆਈ.ਆਈ.ਟੀਜ਼. ਲਈ ਪਾਸ ਹੋਏ ਜੋ ਕਿ ਇੱਕ ਰਿਕਾਰਡ ਹੈ । 2010 ਵਿੱਚ, ਸੁਪਰ 30 ਦੇ ਸਾਰੇ ਵਿਦਿਆਰਥੀਆਂ ਨੇ ਆਈਆਈਟੀ ਜੇਈਈਈ ਦੇ ਦਾਖਲੇ ਲਈ ਟੈਸਟ ਪਾਸ ਕੀਤਾ ਸੀ। ਸੰਸਥਾ ਨੇ ਲਗਾਤਾਰ ਤੀਜੀ ਵਾਰੀ ਇਹ ਮੱਲ ਮਾਰੀ ਸੀ। ਆਨੰਦ ਕੁਮਾਰ ਨੇ ਕਿਸੇ ਵੀ ਸਰਕਾਰੀ ਅਤੇ ਪ੍ਰਾਈਵੇਟ ਏਜੰਸੀ ਤੋਂ ਸੁਪਰ 30 ਲਈ ਕੋਈ ਵਿੱਤੀ ਸਹਾਇਤਾ ਨਹੀਂ ਲਈ ਅਤੇ ਉਹ ਰਾਮਾਨੁਜਨ ਇੰਸਟੀਚਿਊਟ ਤੋਂ ਪ੍ਰਾਪਤ ਕੀਤੀ ਟਿਊਸ਼ਨ ਫੀਸ ਨਾਲ ਉਨ੍ਹਾਂ ਦਾ ਪ੍ਰਬੰਧ ਕਰਦਾ ਹੈ। ਸੁਪਰ 30 ਦੀ ਕਾਮਯਾਬੀ ਅਤੇ ਇਸਦੀ ਵਧਦੀ ਪ੍ਰਸਿੱਧੀ ਤੋਂ ਬਾਅਦ, ਉਸਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਵਲੋਂ ਅਤੇ ਸਰਕਾਰ ਵਲੋਂ ਵੀ ਵਿੱਤੀ ਸਹਾਇਤਾ ਦੀ ਪੇਸ਼ਕਸ਼ ਹੋਈ, ਪਰ ਉਸ ਨੇ ਇਹ ਲੈਣ ਤੋਂ ਇਨਕਾਰ ਕਰ ਦਿੱਤਾ। ਕੁਮਾਰ ਨੂੰ ਬਹੁਤ ਵਾਰੀ ਹੋਰ ਕੋਚਿੰਗ ਸੈਂਟਰਾ ਦੀ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪਿਆ। ਆਨੰਦ ਕੁਮਾਰ ਆਪਣੇ ਹੀ ਸਾਧਨਾਂ ਅਤੇ ਯਤਨਾਂ ਸਦਕਾ ਸੁਪਰ 30 ਨੂੰ ਚਲਾਉਣਾ ਚਾਹੁੰਦਾ ਸੀ ।
2008-2010 ਦੌਰਾਨ, 30 ਵਿਚੋਂ 30 ਵਿਦਿਆਰਥੀਆਂ ਨੇ ਆਈਆਈਟੀ-ਜੇਈਆਈ ਨੂੰ ਪਾਸ ਕੀਤਾ ਅਗਲੇ ਸਾਲਾਂ ਵਿੱਚ 30 ਵਿਦਿਆਰਥੀਆਂ ਵਿੱਚੋਂ ਆਈਆਈਟੀ-ਜੇਈਈ ਦੀ ਪ੍ਰੀਖਿਆ ਪਾਸ ਇਸ ਤਰ੍ਹਾਂ ਰਹੇ: 2011 ਵਿੱਚ (24 ਪਾਸ ਕੀਤੇ), 2012 ਵਿੱਚ (27 ਪਾਸ), 2013 ਵਿੱਚ (28 ਪਾਸ), 2014 ਵਿੱਚ (27 ਪਾਸ), 2015 ਵਿੱਚ (25 ਪਾਸ), 2016 ਵਿੱਚ (28 ਪਾਸ), 2017 ਵਿੱਚ (30 ਪਾਸ), ਅਤੇ 2018 ਵਿੱਚ (26 ਪਾਸ)। ਮਾਰਚ 2009 ਵਿੱਚ, ਡਿਸਕਵਰੀ ਚੈਨਲ ਨੇ ਸੁਪਰ 30 ਤੇ ਇੱਕ ਘੰਟੇ ਦਾ ਪ੍ਰੋਗਰਾਮ ਪ੍ਰਸਾਰਿਤ ਕੀਤਾ ਅਤੇ ਦ ਨਿਊਯਾਰਕ ਟਾਈਮਜ਼ ਨੇ ਆਨੰਦ ਕੁਮਾਰ ਨੂੰ ਅੱਧਾ ਪੰਨਾ ਸਮਰਪਿਤ ਕੀਤਾ। ਅਦਾਕਾਰਾ ਅਤੇ ਸਾਬਕਾ ਮਿਸ ਜਾਪਾਨੀ ਨਾਰਿਕਾ ਫੁਜੀਵਾਰਾ ਨੇ ਆਨੰਦ ਕੁਮਾਰ ਦੀ ਪਹਿਲਕਦਮੀ ਤੇ ਇੱਕ ਡਾਕੂਮੈਂਟਰੀ ਬਣਾਉਣ ਲਈ ਪਟਨਾ ਦਾ ਦੌਰਾ ਕੀਤਾ। ਆਨੰਦ ਕੁਮਾਰ ਨੂੰ ਬੀ.ਬੀ.ਸੀ. ਦੇ ਪ੍ਰੋਗ੍ਰਾਮਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਸ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ, ਅਤੇ ਵੱਖ ਵੱਖ ਆਈਆਈਟੀਜ਼, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ, ਟੋਕੀਓ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਵਿਚ ਆਪਣੇ ਤਜਰਬਿਆਂ ਬਾਰੇ ਗੱਲ ਕੀਤੀ ਹੈ। ਉਸ ਨੂੰ ਮੁਫਤ ਕੋਚਿੰਗ ਪ੍ਰਦਾਨ ਕਰਕੇ ਆਈਆਈਟੀ-ਜੇਈਈ ਪਾਸ ਕਰਨ ਵਿੱਚ ਗਰੀਬ ਵਿਦਿਆਰਥੀਆਂ ਦੀ ਮਦਦ ਕਰਨ ਲਈ ਲਿਮਕਾ ਬੁੱਕ ਆਫ਼ ਰਿਕਾਰਡਜ਼ (2009) ਵਿੱਚ ਦਰਜ਼ ਕੀਤਾ ਗਿਆ ਹੈ। ਟਾਈਮ ਮੈਗਜ਼ੀਨ ਵਲੋਂ ਬੇਸਟ ਆਫ ਏਸ਼ੀਆ 2010 ਦੀ ਸੂਚੀ ਵਿੱਚ ਸੁਪਰ 30 ਨੂੰ ਸ਼ਾਮਿਲ ਕੀਤਾ ਗਿਆ। ਉਸ ਨੂੰ ਜੁਲਾਈ 2010 ਵਿੱਚ ਸੋਸ਼ਲ ਸਾਇੰਸਾਂ ਵਿੱਚ ਖੋਜ ਅਤੇ ਦਸਤਾਵੇਜ਼ੀਕਰਨ ਲਈ ਇੰਸਟੀਚਿਊਟ (ਆਈਆਰਡੀਐਸ) ਦੁਆਰਾ 2010 ਵਿੱਚ ਐਸ. ਰਾਮਾਨੁਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਸੁਪਰ 30 ਨੂੰ ਯੂਨਾਈਟਿਡ ਸਟੇਟਸ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਵਿਸ਼ੇਸ਼ ਦੂਤ ਰਸ਼ਦ ਹੁਸੈਨ ਦੀ ਸ਼ਾਬਾਸ਼ੀ ਮਿਲੀ, ਜਿਸ ਨੇ ਇਸਨੂੰ ਦੇਸ਼ ਵਿੱਚ “ਸਭ ਤੋਂ ਵਧੀਆ” ਸੰਸਥਾ ਦੱਸਿਆ। ਨਿਊਜ਼ਵੀਕ ਮੈਗਜ਼ੀਨ ਨੇ ਗਣਿਤ ਮਾਹਿਰ ਅਨੰਦ ਕੁਮਾਰ ਦੀ ਸੁਪਰ 30 ਦੀ ਪਹਿਲਕਦਮੀ ਵੱਲ ਧਿਆਨ ਦਿੱਤਾ ਅਤੇ ਇਸ ਨੂੰ ਦੁਨੀਆ ਦੇ ਚਾਰ ਸਭ ਤੋਂ ਵੱਧ ਕਾਢਕਾਰੀ ਸਕੂਲਾਂ ਦੀ ਸੂਚੀ ਵਿੱਚ ਉਸ ਦੇ ਸਕੂਲ ਨੂੰ ਸ਼ਾਮਲ ਕੀਤਾ। ਨਵੰਬਰ 2010 ਵਿੱਚ ਆਨੰਦ ਨੂੰ ਬਿਹਾਰ ਸਰਕਾਰ ਦਾ ਸਭ ਤੋਂ ਵੱਡਾ ਪੁਰਸਕਾਰ “ਮੌਲਾਨਾ ਅਬਦੁੱਲ ਕਲਾਮ ਅਜ਼ਾਦ ਸਿੱਖਿਆ ਪੁਰਸਕਾਰ” ਦਿੱਤਾ ਗਿਆ ਸੀ।
ਅਪਰੈਲ 2011 ਵਿੱਚ, ਕੁਮਾਰ ਨੂੰ ਯੂਰਪ ਦੇ ਮੈਗਜ਼ੀਨ ਫੋਕਸ ਨੇ “ਵਿਸ਼ਵ ਗਲੋਬਲ ਸ਼ਖਸੀਅਤਾਂ ਵਿਚੋਂ ਇੱਕ” ਚੁਣਿਆ ਸੀ “ਜਿਨ੍ਹਾਂ ਵਿੱਚ ਅਤਿਅੰਤ ਪ੍ਰਤਿਭਾਸ਼ਾਲੀ ਲੋਕਾਂ ਨੂੰ ਤਿਆਰ ਕਰਨ ਦੀ ਸਮਰੱਥਾ ਹੁੰਦੀ ਹੈ।ਕੁਮਾਰ ਨੇ ਫਿਲਮ ਆਰਖਸ਼ਣ ਵਿੱਚ ਭੂਮਿਕਾ ਦੀ ਤਿਆਰੀ ਵਿੱਚ ਅਮਿਤਾਭ ਬੱਚਨ ਦੀ ਵੀ ਮਦਦ ਕੀਤੀ ਸੀ । ਯੂਕੇ ਆਧਾਰਿਤ ਮੈਗਜ਼ੀਨ ਮੋਨੋਕਲੇ ਦੁਆਰਾ ਵਿਸ਼ਵ ਦੇ 20 ਪਾਇਨੀਅਰ ਅਧਿਆਪਕਾਂ ਦੀ ਸੂਚੀ ਵਿੱਚ ਉਸ ਦਾ ਨਾਮ ਰੱਖਿਆ ਗਿਆ ਸੀ।ਉਸ ਨੂੰ ਬ੍ਰਿਟਿਸ਼ ਕੋਲੰਬੀਆ, ਕਨੇਡਾ ਦੀ ਸਰਕਾਰ ਨੇ ਵੀ ਸਨਮਾਨਿਤ ਕੀਤਾ। ਕੁਮਾਰ ਨੂੰ ਮੁੰਬਈ ਦੇ ਬੈਂਕ ਆਫ ਬੜੌਦਾ ਦੁਆਰਾ ਬੜੋਦਾ ਸਨ ਲਾਈਫ ਅਚੀਵਮੈਂਟ ਅਵਾਰਡ ਦਿੱਤਾ ਗਿਆ ।
ਅਨੰਦ ਕੁਮਾਰ ਨੂੰ ਰਾਜਕੋਟ ਵਿੱਚ ਇੱਕ ਸਮਾਰੋਹ ਦੇ ਦੌਰਾਨ ਅੱਠਵੀਂ ਕੌਮੀ ਗਣਿਤ ਕਨਵੈਨਸ਼ਨ ਵਿੱਚ ਵੱਕਾਰੀ ਰਾਮਾਨੁਜਨ ਗਣਿਤ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਕਾਰਪਾਗਾਮ ਯੂਨੀਵਰਸਿਟੀ, ਕੋਇੰਬਟੂਰ ਨੇ ਆਨਰੇਰੀ ਡਾਕਟੋਰੇਟ ਆਫ਼ ਸਾਇੰਸ (ਡੀ ਐਸ ਸੀ) ਨਾਲ ਸਨਮਾਨਿਤ ਕੀਤਾ।ਉਸ ਨੂੰ ਮੱਧ ਪ੍ਰਦੇਸ਼ ਸਰਕਾਰ ਵਲੋਂ ਸਿੱਖਿਆ ਵਿੱਚ ਅਨੋਖੇ ਯੋਗਦਾਨ ਲਈ ਮਹਾਂਰਿਸ਼ੀ ਵੇਦ ਵਿਆਸ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਆਨੰਦ ਕੁਮਾਰ ਨੂੰ ਜਰਮਨੀ ਦੇ ਸੈਕਸਨੀ ਦੇ ਸਿੱਖਿਆ ਮੰਤਰਾਲੇ ਨੇ ਸਨਮਾਨਿਤ ਕੀਤਾ ਸੀ।
ਕੁਮਾਰ ਨੇ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਆਪਣੀ ਜੀਵਨੀ ਪੇਸ਼ ਕੀਤੀ, ਜੋ ਕਿ ਕੈਨੇਡਾ ਵਿੱਚ ਰਹਿੰਦੇ ਮਨੋ-ਵਿਗਿਆਨੀ ਬਿਜੂ ਮੈਥਿਊ ਨੇ ਲਿਖਿਆ ਸੀ।ਆਨੰਦ ਕੁਮਾਰ ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ “ਰਾਸ਼ਟਰੀ ਬਾਲ ਕਲਿਆਣ ਪੁਰਸਕਾਰ” ਨਾਲ ਸਨਮਾਨਿਤ ਕੀਤਾ। ਜਿਨ੍ਹੇ ਸਨਮਾਨ ਅਨੰਦ ਕੁਮਾਰ ਨੂੰ ਮਿਲੇ ਹਨ ਸ਼ਾਇਦ ਹੀ ਕਿਸੇ ਦੇ ਹਿੱਸੇ ਆਏ ਹੋਣ। ਇਹ ਉਹ ਵਿਆਕਤੀ ਸੀ ਜਿਸ ਨੇ ਨਾਮੁਮਕਿਨ ਨੂੰ ਮੁਮਕਿਨ ਵਿੱਚ ਤਬਦੀਲ ਕੀਤਾ। ਜਿਸਨੇ ਆਪ ਗਰੀਬ ਹੋਣ ਦੇ ਬਾਵਜੂਦ ਔਖਾ ਰਹਿਕੇ ਉਨ੍ਹਾਂ ਦਬੇ ਕੁਚਲੇ ਅਤੇ ਪਛੜੇ ਵਿਦਿਆਰਥੀਆਂ ਨੂੰ ਭਾਰਤ ਦੀ ਸਭ ਤੋਂ ਵਧੀਆ ਪੜ੍ਹਾਈ IIT ਵਿੱਚ ਦਾਖਲਾ ਲੈਣ ਦੇ ਕਾਬਿਲ ਬਣਾਇਆ। ਵਾਕਿਆਂ ਹੀ ਉਹ ਹਰ ਸਨਮਾਨ ਦੇ ਕਾਬਿਲ ਹਨ। ਉਨ੍ਹਾਂ ਦੇ ਜੀਵਨ ਤੇ ਇੱਕ ਹਿੰਦੀ ਫ਼ਿਲਮ “ਸੁਪਰ 30” ਵੀ ਬਣ ਚੁੱਕੀ ਹੈ ਜੋ ਕਿ ਦੁਨੀਆਂ ਵਿੱਚ ਬਹੁਤ ਪਸੰਦ ਕੀਤੀ ਗਈ।
ਕੁਲਦੀਪ ਸਿੰਘ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly