ਸੂਹਾ ਰੰਗ ਫੁਲਕਾਰੀ ਦਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਡਾ. ਪ੍ਰਿਤਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ) ਵੰਨ-ਸੁਵੰਨੇ ਕੱਪੜਿਆਂ ਉਪਰ ਕੀਤੀ ਜਾਂਦੀ ਕਢਾਈ ਦੀ ਕਲਾ ਦੇ ਖੇਤਰ ਵਿੱਚ ਫੁੱਲਕਾਰੀ ਬਹੁਮੁੱਲੇ ਤੇ ਅਦਭੁੱਤ ਕਲਾ ਦੇ ਨਮੂਨੇ ਵਜੋਂ ਜਾਣੀ ਜਾਂਦੀ ਹੈ। ਫੁਲਕਾਰੀ ਤੋਂ ਭਾਵ ਹੈ, ਉਹ ਕੱਪੜਾ ਜਿਸ ਉੱਤੇ ਫੁੱਲਾਂ-ਬੂਟਿਆਂ ਦੀ ਕਢਾਈ ਕੀਤੀ ਹੋਵੇ। ਫੁਲਕਾਰੀ ਨੂੰ ਫੁੱਲ ਪਾਉਣ, ਫੁੱਲ ਕੱਢਣ ਜਾਂ ਫੁੱਲਾਂ ਵਾਂਗ ਸਜਾਉਣ ਦੇ ਅਰਥਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਇਸ ਸ਼ਬਦ ਨੂੰ ਕਸੀਦਾਕਾਰੀ ਕਰਨ ਜਾਂ ਫੁੱਲਾਂ ਦਾ ਕਸਬ ਕਰਨ ਦੇ ਅਰਥਾਂ ਵਜੋਂ ਵੀ ਲਿਆ ਜਾ ਸਕਦਾ ਹੈ। ਫੁਲਕਾਰੀ ਦੀ ਕਢਾਈ ਖੱਦਰ ਦੇ ਕੱਪੜੇ ਦੇ ਪਿਛਲੇ ਪਾਸੇ ਕੀਤੀ ਜਾਂਦੀ ਹੈ। ਕੱਪੜਾ ਆਮ ਤੌਰ ’ਤੇ ਢਾਈ ਗਜ਼ ਲੰਮਾ ਅਤੇ ਡੇਢ ਗਜ਼ ਚੌੜਾ ਹੁੰਦਾ ਹੈ। ਲੋੜ ਅਨੁਸਾਰ ਕੱਪੜੇ ਦਾ ਇਹ ਆਕਾਰ ਵਧਾ-ਘਟਾ ਲਿਆ ਜਾਂਦਾ ਹੈ। ਫੁਲਕਾਰੀ ਅਕਸਰ ਘਰ ਵਿੱਚ ਕੱਤੇ, ਬੁਣੇ ਤੇ ਰੰਗੇ ਖੱਦਰ ਦੇ ਕੱਪੜੇ ਦੀ ਬਣਦੀ ਸੀ। ਖੱਦਰ ਨੂੰ ਦੇਸੀ ਢੰਗ ਨਾਲ ਰੰਗਿਆ ਜਾਂਦਾ ਸੀ। ਖਾਸ ਤਰ੍ਹਾਂ ਦੇ ਰੁੱਖਾਂ/ਬੂਟਿਆਂ ਦੇ ਪੱਤਿਆਂ, ਫੁੱਲਾਂ, ਜੜ੍ਹਾਂ ਜਾਂ ਛਿਲਕਿਆਂ (ਸੱਕ) ਨੂੰ ਸੁਕਾ ਕੇ ਪਾਣੀ ਵਿੱਚ ਉਬਾਲ ਲਿਆ ਜਾਂਦਾ ਸੀ। ਅਜਿਹਾ ਘੋਲ ਤਿਆਰ ਕਰ ਕੇ ਖੱਦਰ ਨੂੰ ਰੰਗਿਆ ਜਾਂਦਾ ਸੀ ਜਾਂ ਲਲਾਰੀ ਕੋਲੋਂ ਰੰਗਵਾ ਲਿਆ ਜਾਂਦਾ ਸੀ। ਇਹ ਰੰਗ ਸਸਤੇ ਪੈਂਦੇ ਸਨ ਤੇ ਪੱਕੇ ਵੀ ਹੁੰਦੇ ਸਨ। ਕਿੱਕਰ ਦੇ ਸੱਕ ਤੇ ਮਜੀਠ ਦੀਆਂ ਜੜ੍ਹਾਂ ਤੋਂ ਬਣਾਏ ਰੰਗ ਬਹੁਤ ਵਧੀਆ ਸਮਝੇ ਜਾਂਦੇ ਸਨ। ਫੁਲਕਾਰੀ ਦੀ ਕਢਾਈ ਲਈ ਲਾਲ, ਹਰੇ, ਨੀਲੇ, ਸੁਨਹਿਰੀ ਪੀਲੇ, ਚਿੱਟੇ, ਗੁਲਾਬੀ, ਸੰਤਰੀ, ਜਾਮਨੀ ਆਦਿ ਰੰਗਾਂ ਦੇ ਰੇਸ਼ਮੀ ਧਾਗੇ ਦਾ ਪ੍ਰਯੋਗ ਕੀਤਾ ਜਾਂਦਾ ਸੀ। ਪਹਿਲੇ ਸਮਿਆਂ ਵਿੱਚ ਇਹ ਰੇਸ਼ਮੀ ਧਾਗਾ ਕਸ਼ਮੀਰ ਜਾਂ ਅਫ਼ਗ਼ਾਨਿਸਤਾਨ ਤੋਂ ਮੰਗਵਾਇਆ ਜਾਂਦਾ ਸੀ ਅਤੇ ਅੰਮ੍ਰਿਤਸਰ ਜਾਂ ਜੰਮੂ ਵਿੱਚ ਰੰਗਿਆ ਜਾਂਦਾ ਸੀ। ਕਢਾਈ ਕਰਨ ਲਈ ਆਮ ਤੌਰ ’ਤੇ ਧਾਗੇ ਦੇ ਤ੍ਰੋਪੇ ਨੂੰ ਇੱਕ ਚੌਥਾਈ ਇੰਚ ਲੰਮਾ ਰੱਖਿਆ ਜਾਂਦਾ ਸੀ। ਰੰਗਾਂ ਦਾ ਸੁਮੇਲ, ਨਿਖੇੜ ਬਣਾਉਣ ਅਤੇ ਫੁੱਲਾਂ, ਬੂਟਿਆਂ, ਪੱਤੀਆਂ ਆਦਿ ਦੇ ਸੁਭਾਅ ਅਨੁਸਾਰ ਰੰਗਾਂ ਦੀ ਚੋਣ ਕੀਤੀ ਜਾਂਦੀ ਸੀ। ਫੁਲਕਾਰੀ ਕੱਢਣ ਦੇ ਉਦੇਸ਼ ਅਤੇ ਕਢਾਈ ਦੀ ਸ਼ੈਲੀ ਦੀ ਦ੍ਰਿਸ਼ਟੀ ਤੋਂ ਇਹ ਵੱਖ-ਵੱਖ ਆਕਾਰ ਤੇ ਰੂਪ ਗ੍ਰਹਿਣ ਕਰਦੀ ਹੈ ਤੇ ਫਿਰ ਫੁਲਕਾਰੀ ਉਸੇ ਰੂਪ-ਵੰਨਗੀ ਅਨੁਸਾਰ ਆਪਣੀ ਪਛਾਣ ਬਣਾ ਕੇ ਆਪਣਾ ਨਾਂ ਧਾਰਨ ਕਰਦੀ ਹੈ।
ਫੁਲਕਾਰੀ ਦੀਆਂ ਕੁਝ ਪ੍ਰਸਿੱਧ ਰੂਪ-ਵੰਨਗੀਆਂ:
ਬਾਗ਼: ਬਾਗ਼ ਨੂੰ ਅਸਲੀ ਫੁਲਕਾਰੀ ਕਿਹਾ ਜਾਂਦਾ ਹੈ। ਕਢਾਈ ਕੱਢਣ ਲਈ ਨਿਸ਼ਾਨ ਲਾਏ ਗਏ ਕੱਪੜੇ ਦੀ ਸਾਰੀ ਸਤਹਿ ਉੱਪਰ ਬਗੈਰ ਕੋਈ ਵਿਰਲ ਛੱਡਣ ਤੋਂ ਜੁੜਵੀਂ ਜਾਂ ਲਗਾਤਾਰ ਕਢਾਈ ਕੀਤੀ ਜਾਂਦੀ ਹੈ। ਕੱਪੜੇ ਉੱਪਰ ਸਭ ਥਾਈਂ ਫੁੱਲ-ਬੂਟੀਆਂ ਸਜਾਈਆਂ ਜਾਂਦੀਆਂ ਹਨ, ਕਿਧਰੇ ਕੋਈ ਵਿੱਥ ਨਹੀਂ ਰਹਿਣ ਦਿੱਤੀ ਜਾਂਦੀ। ਬਾਗ਼ ਦੀ ਕਢਾਈ ਆਮ ਤੌਰ ’ਤੇ ਗੂੜ੍ਹੇ ਪੀਲੇ ਰੰਗ ਦੇ ਰੇਸ਼ਮੀ ਧਾਗੇ ਨਾਲ ਕੀਤੀ ਜਾਂਦੀ ਹੈ। ਕਢਾਈ ਦੋ ਰੰਗਾਂ ਵਿੱਚ ਵੀ ਕੀਤੀ ਜਾਂਦੀ ਹੈ। ਇੱਕ ਤਰ੍ਹਾਂ ਨਾਲ ਰੰਗ-ਬਰੰਗੇ ਫੁੱਲਾਂ ਪੱਤੀਆਂ ਦਾ ਜਾਲ ਬੁਣਿਆ ਜਾਂਦਾ ਹੈ। ਬਾਗ਼ ਲਈ ਮੁੱਖ ਆਧਾਰ ਬਣਾਏ ਗਏ ਕੱਪੜੇ ਦੇ ਕਿਸੇ ਵੀ ਹਿੱਸੇ ਨੂੰ ਅਣਕੱਢਿਆ ਨਹੀਂ ਰਹਿਣ ਦਿੱਤਾ ਜਾਂਦਾ। ਜਿਨ੍ਹਾਂ ਬਾਗ਼ਾਂ ਦੇ ਪੱਲੇ ਨਹੀਂ ਰੱਖੇ ਜਾਂਦੇ, ਉਨ੍ਹਾਂ ਦੇ ਸਿਰਿਆਂ ਉੱਤੇ ਕਿਨਾਰੀ-ਨੁਮਾ ਬਾਰੀਕ ਤ੍ਰੋਪੇ ਭਰੇ ਜਾਂਦੇ ਹਨ, ਜੋ ਉਸ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ। ਬਾਗ਼, ਫੁਲਕਾਰੀ ਦੀ ਸਭ ਤੋਂ ਵੱਧ ਹਰਮਨਪਿਆਰੀ, ਪ੍ਰਚਲਤ ਅਤੇ ਦਿਲ ਨੂੰ ਖਿੱਚ ਪਾਉਣ ਵਾਲੀ ਰੂਪ ਵੰਨਗੀ ਹੈ। ਕਹਿੰਦੇ ਹਨ ਬਾਗ਼ ਨੂੰ ਕੀੜਾ ਨਹੀਂ ਲੱਗਦਾ।
ਚੋਪ: ਭੂਗੋਲਿਕ ਕਾਰਨਾਂ ਕਰਕੇ ਭਾਸ਼ਾ ਦੀ ਇਲਾਕਾਈ ਅਤੇ ਉਚਾਰਣ ਦੀ ਵੱਖਰਤਾ ਕਾਰਨ ‘ਚੋਪ’ ਨੂੰ ‘ਚੋਬ’ ਵੀ ਕਹਿ ਲਿਆ ਜਾਂਦਾ ਹੈ। ਇਸ ਨੂੰ ਸੁਬਰ (ਸੁਭਰ) ਵੀ ਕਹਿੰਦੇ ਹਨ। ਸਾਧਾਰਨ ਤੋਂ ਵੱਡੇ ਆਕਾਰ ਦੀ ਇਸ ਫੁਲਕਾਰੀ ਨੂੰ ਵਿਆਹ ਦੀ ਫੁਲਕਾਰੀ ਵੀ ਕਹਿੰਦੇ ਹਨ। ਲਾਲ ਜਾਂ ਮਜੀਠ ਰੰਗ ਦੇ ਕੱਪੜੇ ਉੱਪਰ ਖ਼ਾਸ ਤਰ੍ਹਾਂ ਦੇ ਗੁੰਝਲਦਾਰ ਤ੍ਰੋਪੇ ਨਾਲ ਇਸ ਦੀ ਕਢਾਈ ਕੀਤੀ ਜਾਂਦੀ ਹੈ। ਇਸ ਦੀਆਂ ਦੋਵਾਂ ਨੁੱਕਰਾਂ ਉੱਪਰ ਅਤੇ ਵਿਚਕਾਰ ਪੰਜ-ਪੰਜ ਬੂਟੀਆਂ ਕੱਢੀਆਂ ਜਾਂਦੀਆਂ ਹਨ। ਬਾਕੀ ਦੇ ਹਿੱਸੇ ਉੱਪਰ ਕਢਾਈ ਨਹੀਂ ਹੁੰਦੀ। ਹੋ ਸਕਦੈ ਕਿਸੇ ਸਮੇਂ ਸੁਭਰ ਦੇ ਸਾਰੇ ਕੱਪੜੇ ਉੱਪਰ ਹੀ ਫੁੱਲਾਂ ਬੂਟੀਆਂ ਦੀ ਕਢਾਈ ਕੀਤੀ ਜਾਂਦੀ ਹੋਵੇ ਤਾਂ ਹੀ ਇਸ ਦਾ ਨਾਂ ਸੁਬਰ ਅਥਵਾ ਸੁਭਰ (ਚੰਗੀ ਤਰ੍ਹਾਂ ਭਰਿਆ ਹੋਇਆ) ਇਸ ਦੇ ਇਸੇ ਲੱਛਣ ਵੱਲ ਸੰਕੇਤ ਕਰਦਾ ਹੈ। ਸੁਬਰ ਨੂੰ ਕੰਨਿਆ ਲਾਵਾਂ-ਫੇਰਿਆਂ ਵੇਲੇ ਸਿਰ ’ਤੇ ਲੈਂਦੀ ਹੈ। ਇਸ ਵੰਨਗੀ ਦੀ ਫੁਲਕਾਰੀ ਨੂੰ ਸਾਲੂ ਵੀ ਕਹਿ ਲਿਆ ਜਾਂਦਾ ਹੈ। ਸਾਲੂ ਦੀ ਕਢਾਈ ਕਈ ਰੰਗਾਂ ਤੇ ਰੂਪਾਂ ਵਿੱਚ ਕੀਤੀ ਜਾਂਦੀ ਹੈ। ਇਸ ਨੂੰ ਸ਼ਗਨਾਂ ਦੀ ਫੁਲਕਾਰੀ ਵੀ ਕਹਿੰਦੇ ਹਨ। ਫੁਲਕਾਰੀ ਕਢਾਈ ਕਲਾ ਦੀ ਸਿਖਰ ਹੁੰਦੀ ਹੈ।
ਤਿਲ-ਪੱਤਰਾ: ਇੱਕ ਰੂਪ ਵੰਨਗੀ ਦੀ ਫੁਲਕਾਰੀ ਨੂੰ ਤਿਲਾਂ ਦੇ ਪੱਤਰਾਂ ਤੇ ਬੀਜਾਂ ਦੇ ਚਿੱਤਰਾਂ ਜਿਹੀ ਕਢਾਈ ਕਰਕੇ ਬਣਾਇਆ ਜਾਂਦਾ ਹੈ, ਇਸੇ ਲਈ ਇਸ ਨੂੰ ਤਿਲ-ਪੱਤਰਾ ਕਹਿੰਦੇ ਹਨ। ਹਲਕੇ ਖੱਦਰ ਦੇ ਕੱਪੜੇ ਦੀ ਜ਼ਮੀਨ ਅਤੇ ਪੱਲੇ/ਪੱਲਿਆਂ ਉੱਪਰ ਇਧਰ-ਉਧਰ ਵਿਰਲੇ-ਵਿਰਲੇ ਤ੍ਰੋਪੇ ਭਰ ਕੇ ਕਢਾਈ ਕੀਤੀ ਜਾਂਦੀ ਹੈ। ਇਸ ਵੰਨਗੀ ਦੀਆਂ ਫੁਲਕਾਰੀਆਂ ਨੂੰ ਵਿਆਹ ਦੇ ਅਵਸਰ ’ਤੇ ਲਾਗੀਆਂ, ਕਾਮਿਆਂ ਤੇ ਨੌਕਰਾਂ ਨੂੰ ਦੇਣ ਵਾਸਤੇ ਤਿਆਰ ਕੀਤਾ/ਕਰਵਾਇਆ ਜਾਂਦਾ ਸੀ। ਇਸ ਵੰਨਗੀ ਦੀਆਂ ਫੁਲਕਾਰੀਆਂ ਵਧੇਰੇ ਮਾਤਰਾ ਵਿੱਚ ਬਣਾਈਆਂ/ਬਣਵਾਈਆਂ ਜਾਂਦੀਆਂ ਸਨ।
ਘੁੰਗਟ ਬਾਗ਼: ਘੁੰਗਟ ਬਾਗ਼ ਫੁਲਕਾਰੀ ਦੀ ਬਾਗ਼ ਵੰਨਗੀ ਨਾਲ ਰਲਦੀ-ਮਿਲਦੀ ਕਿਸਮ ਹੈ। ਇਸ ਫੁਲਕਾਰੀ ਦੇ ਸਿਰ ਉੱਪਰਲੇ ਹਿੱਸੇ ’ਤੇ ਤਿਕੋਣੀ ਸ਼ਕਲ ਵਿੱਚ ਕਢਾਈ ਕੀਤੀ ਜਾਂਦੀ ਹੈ। ਇਸ ਤਿਕੋਣ ਦਾ ਆਧਾਰ ਮੱਥੇ ਦੀ ਪੂਰੀ ਗੋਲਾਈ ਬਣਦਾ ਹੈ ਤੇ ਇਸ ਦਾ ਸਿਖਰ ਗਰਦਨ ਦੇ ਪਿਛਲੇ ਹਿੱਸੇ ਉੱਤੇ ਪੈਂਦਾ ਹੈ। ਘੁੰਗਟ ਬਾਗ਼ ਵਿੱਚ ਆਮ ਤੌਰ ’ਤੇ ਦੋ ਵੱਡੇ ਤਿਕੋਣੇ ਬੂਟਿਆਂ ਦੀ ਕਢਾਈ ਕੀਤੀ ਜਾਂਦੀ ਹੈ। ਇਹ ਵੰਨਗੀ ਬਹੁਤ ਹਰਮਨ-ਪਿਆਰੀ ਹੈ।
ਛਮਾਸ: ਇਸ ਫੁਲਕਾਰੀ ਵਿੱਚ ਸ਼ੀਸ਼ੇ ਦੇ ਟੁਕੜੇ ਜੜੇ ਹੁੰਦੇ ਸਨ। ਇਸ ਵੰਨਗੀ ਦੀ ਫੁਲਕਾਰੀ ਨੂੰ ਸ਼ੀਸ਼ੇਦਾਰ ਫੁਲਕਾਰੀ ਵੀ ਕਿਹਾ ਜਾਂਦਾ ਹੈ। ਇਸ ਵਿੱਚ ਮੂੰਹ ਵਾਲੇ ਸ਼ੀਸ਼ੇ ਦੀਆਂ ਗੋਲਾਕਾਰ ਕੱਟੀਆਂ ਟੁਕੜੀਆਂ ਨੂੰ ਕਢਾਈ ਵਿੱਚ ਜੜਿਆ ਜਾਂਦਾ ਸੀ। ਸ਼ੀਸ਼ੇ ਦੇ ਛੋਟੇ-ਛੋਟੇ ਪੀਲੇ ਜਾਂ ਸਲੇਟੀ ਟੁਕੜੇ ਨੀਲੇ ਧਾਗੇ ਨਾਲ, ਲਾਲ ਜਾਂ ਸਲੇਟੀ ਕੱਪੜੇ ਉੱਤੇ ਜੜ ਦਿੱਤੇ ਜਾਂਦੇ ਸਨ। ਫੁਲਕਾਰੀ ਦੀ ਇਹ ਵੰਨਗੀ ਬੜੀ ਖ਼ੂਬਸੂਰਤ ਦਿੱਖ ਵਾਲੀ ਹੁੰਦੀ ਸੀ, ਇਸ ਦੇ ਭਾਰ ਦੀ ਅਸਾਧਾਰਨਤਾ ਵੀ ਇਸ ਦੀ ਖਿੱਚ ਭਰਪੂਰ ਦਿੱਖ ਦਾ ਕਾਰਨ ਬਣਦੀ ਸੀ। ਸ਼ੀਸ਼ੇ ਦੇ ਗੋਲ ਟੁਕੜਿਆਂ ਦੀ ਲਿਸ਼ਕੋਰ ਤੇ ਗੂੜ੍ਹੇ ਰੰਗਾਂ ਵਾਲੇ ਧਾਗਿਆਂ ਦੀ ਕਢਾਈ ਨਾਲ ਸ਼ਿੰਗਾਰੀ ਇਹ ਫੁਲਕਾਰੀ ਕਲਾ ਦੀ ਸਿਖਰ ਹੋ ਨਿੱਬੜਦੀ।
ਨੀਲਕ: ਫੁਲਕਾਰੀ ਦੀ ਇਹ ਵੰਨਗੀ ਨੀਲੇ ਜਾਂ ਕਾਲੇ ਰੰਗ ਦੇ ਖੱਦਰ ਉੱਤੇ ਗੂੜ੍ਹੇ ਲਾਲ, ਪੀਲੇ ਰੰਗ ਦੇ ਰੇਸ਼ਮੀ ਧਾਗੇ ਨਾਲ ਕੱਢੀ ਜਾਂਦੀ ਹੈ। ਸਾਧਾਰਨ ਪਰਿਵਾਰਾਂ ਵਿੱਚ ਬਹੁਤ ਹਰਮਨਪਿਆਰੀ ਰਹਿਣ ਵਾਲੀ ਇਸ ਫੁਲਕਾਰੀ ਨੂੰ ਇਸ ਦੀ ਨੀਲੇ ਰੰਗ ਵਾਲੀ ਝਲਕ ਕਾਰਨ ਹੀ ਨੀਲਕ ਕਿਹਾ ਜਾਣ ਲੱਗ ਪਿਆ।
ਪੰਜਾਬਣਾਂ ਨੇ ਫੁਲਕਾਰੀ ਦੇ ਇੱਕ-ਇੱਕ ਧਾਗੇ ਦੇ ਇੱਕ-ਇੱਕ ਤ੍ਰੋਪੇ ਵਿੱਚ ਆਪਣੀਆਂ ਰੀਝਾਂ, ਰਮਜ਼ਾਂ, ਸੱਧਰਾਂ ਅਤੇ ਮਨੋਭਾਵਨਾਵਾਂ ਆਦਿ ਨੂੰ ਸਮੋਇਆ ਹੈ:
* ਕੱਢਦੀ ਫੁਲਕਾਰੀ ਨੀਂ ਮੈਂ ਰਹਿੰਦੀ ਕੁਆਰੀ
ਸੱਸੂ ਪੁੱਤ ਪਰਦੇਸ ਨੂੰ ਤੋਰਿਆ ਈ
ਕੱਢਣਾ ਏ ਬਾਗ਼,
ਸੱਸੂ ਸੁੱਤੀਏ ਜਾਗ
ਸੱਸੂ ਪੁੱਤ ਪਰਦੇਸ ਨੂੰ ਤੋਰਿਆ ਈ।
ਕਿਸੇ ਚੰਦਰੀ ਨਾ ਉਹਨੂੰ ਹੋੜਿਆ ਈ।                           * ਫੁਲਕਾਰੀ ਮੇਰੀ ਰੇਸ਼ਮੀ, ਰੰਗ ਢੁਕਾਏ ਠੀਕ
ਛੇਤੀ ਦਰਸ਼ਨ ਦੇਵਣੇ, ਮੈਂ ਰਸਤੇ ਰਹੀ ਉਡੀਕ।
ਪੱਛਮੀ ਪੰਜਾਬ ਦੇ ਰਾਵਲਪਿੰਡੀ, ਜਿਹਲਮ, ਸਿਆਲਕੋਟ ਆਦਿ ਦੇ ਇਲਾਕਿਆਂ ਅਤੇ ਪੂਰਬੀ ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਫਿਰੋਜ਼ਪੁਰ ਦੇ ਇਲਾਕਿਆਂ ਨੂੰ ਫੁਲਕਾਰੀ ਦੀ ਕਲਾ ਦੇ ਵਿਕਸਤ ਹੋਣ ਦਾ ਗੜ੍ਹ ਮੰਨਿਆ ਜਾਂਦਾ ਹੈ। ਹੁਣ ਦੇ ਹਰਿਆਣਾ ਰਾਜ ਦੇ ਰੋਹਤਕ, ਹਿਸਾਰ, ਗੁੜਗਾਉਂ ਆਦਿ ਇਲਾਕੇ ਵੀ ਇਸ ਕਲਾ ਦੇ ਵੱਡੇ ਕੇਂਦਰ ਰਹੇ ਹਨ। ਮੁਗ਼ਲ ਕਾਲ ਵਿੱਚ ਲੱਗਣ ਵਾਲੇ ਮੀਨਾ ਬਾਜ਼ਾਰਾਂ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਫੁਲਕਾਰੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੁੰਦੀਆਂ ਸਨ। ਹੁਣ ਵੀ ਫੁਲਕਾਰੀ ਦਾ ਮਹੱਤਵ ਤੇ ਇਸ ਕਲਾ ਪ੍ਰਤੀ ਪਿਆਰ ਹਰੇਕ ਇਲਾਕੇ ਵਿੱਚ ਪਾਇਆ ਜਾਂਦਾ ਹੈ। ਫੁਲਕਾਰੀ ਦੀ ਕਢਾਈ ਲਈ ਲੰਮੇ ਸਮੇਂ ਤਕ ਬੈਠ ਸਕਣ ਦੀ ਸਮਰੱਥਾ, ਲੰਮੇ ਅਭਿਆਸ, ਕਠੋਰ ਸਾਧਨਾ, ਸਬਰ ਅਤੇ ਠਰ੍ਹੰਮੇ ਦੀ ਲੋੜ ਹੁੰਦੀ ਹੈ। ਫੁਲਕਾਰੀ ਦੀ ਅਮੀਰ ਪਰੰਪਰਾ, ਕਲਾ ਤੇ ਵਿਰਸੇ ਦੀ ਕਦਰ ਕਰਨੀ ਚਾਹੀਦੀ ਹੈ ਤੇ ਇਸ ਕਲਾ ਨੂੰ ਸਾਂਭਣ ਤੇ ਸੁਜੀਵ ਰੱਖਣ ਦੇ ਯਤਨ ਹੋਣੇ ਚਾਹੀਦੇ ਹਨ। ਇੰਜ, ਇਹ ਲਾਸਾਨੀ ਕਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਮੁੱਲਾ ਖ਼ਜ਼ਾਨਾ ਬਣ ਸਕਣ ਦਾ ਦਰਜਾ ਹਾਸਲ ਕਰ ਸਕੇਗੀ।

 ਡਾ. ਪ੍ਰਿਤਪਾਲ ਸਿੰਘ ਮਹਿਰੋਕ
 185-ਵਸੰਤ ਵਿਹਾਰ, ਡੀ.ਸੀ.ਰੈਜ਼ੀਡੈਂਸ ਰੋਡ,
 ਹੁਸ਼ਿਆਰਪੁਰ-146 001
 98885-10185

Previous articleਪ੍ਰਭ ਆਸਰਾ ਸੰਸਥਾ ਵੱਲੋਂ ਆਪਣੀ ਇੱਕ ਪਰਿਵਾਰਕ ਮੈਂਬਰ ਦੇ ਰਚਾਏ ਜਾਣਗੇ ਆਨੰਦ ਕਾਰਜ
Next articleਮੈੰਸਜਰ ਆਫ ਪੀਸ ਮਿਸ਼ਨ ਨੇ ਪੀਸ ਰਿਸਰਚ ਸੈਂਟਰ ਦੇ ਨਿਰਮਾਣ ਲਈ ਲੋੜੀਦੀ ਜ਼ਮੀਨ ਮੁਹੱਈਆ ਕਰਵਾਉਣ ਸੰਬੰਧੀ ਮੁੱਖ ਮੰਤਰੀ ਤੋਂ ਕੀਤੀ ਮੰਗ : ਸੁਲਤਾਨੀ